Latest News
ਗਿਆਨੀ ਗੁਰਬਚਨ ਸਿੰਘ ਜੀ ਐਸਕਾਰਟ ਹਸਪਤਾਲ ਵਿਖੇ ਬਾਪੂ ਤਰਲੋਕ ਸਿੰਘ ਦਾ ਹਾਲ-ਚਾਲ ਪੁੱਛਣ ਲਈ ਗਏ
By ਅੰਮ੍ਰਿਤਸਰ (ਜਸਬੀਰ ਸਿੰਘ)

Published on 14 Apr, 2015 12:14 AM.

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਅੱਜ ਐਸਕਾਰਟ ਫੋਰਟਿਸ ਹਸਪਤਾਲ ਵਿੱਚ ਜਾ ਕੇ ਬਾਪੂ ਤਰਲੋਕ ਸਿੰਘ ਦਾ ਹਾਲ-ਚਾਲ ਪੁੱਛਿਆ ਤੇ ਇਲਾਜ ਕਰ ਰਹੇ ਡਾਕਟਰਾਂ ਕੋਲੋਂ ਉਹਨਾਂ ਦੀ ਬਿਮਾਰੀ ਬਾਰੇ ਜਾਣਕਾਰੀ ਹਾਸਲ ਕੀਤੀ।
ਅੱਜ ਸਵੇਰੇ ਕਰੀਬ 10.25 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਦਾ ਹਾਲ-ਚਾਲ ਪੁੱਛਣ ਐਸਕਾਰਟ ਫੋਰਟਿਸ ਹਸਪਤਾਲ ਵਿਖੇ ਪੁੱਜੇ ਤੇ ਉਹਨਾਂ ਨੂੰ ਜੀ ਆਇਆਂ ਹਸਪਤਾਲ ਦੇ ਸੁਪਰਡੈਂਟ ਡਾ. ਐੱਚ ਵੀ ਸਿੰਘ ਨੇ ਆਖਿਆ। ਬਾਪੂ ਤਰਲੋਕ ਸਿੰਘ ਦਾ ਇਲਾਜ ਕਰ ਰਹੇ ਡਾਕਟਰਾਂ ਡਾ. ਐੱਚ.ਬੀ ਸਿੰਘ ਤੇ ਡਾ. ਜਤਿੰਦਰ ਸਿੰਘ ਨਾਲ ਉਹ ਬਾਪੂ ਤਰਲੋਕ ਸਿੰਘ ਕੋਲ ਪੁੱਜੇ, ਜਿਥੇ ਬਾਪੂ ਨੇ ਜਥੇਦਾਰ ਨੂੰ ਹੱਥ ਜੋੜ ਕੇ ਫਤਿਹ ਬੁਲਾਈ। ਬਾਪੂ ਤਰਲੋਕ ਸਿੰਘ ਪਿਛਲੇ ਕਈ ਦਿਨਾਂ ਤੋਂ ਗੁਰਦੇ ਦੀ ਬਿਮਾਰੀ ਤੇ ਦਿਲ ਦੇ ਰੋਗਾਂ ਤੋਂ ਪੀੜਤ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਥੇਦਾਰ ਨੇ ਜਿਥੇ ਉਹਨਾਂ ਦੀ ਚੜ੍ਹਦੀ ਕਲਾ ਤੇ ਜਲਦੀ ਸਿਹਤਯਾਬੀ ਦੀ ਅਰਦਾਸ ਕੀਤੀ, ਉਥੇ ਇਲਾਜ ਕਰ ਰਹੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ। ਡਾਕਟਰਾਂ ਨੇ ਭਾਵੇਂ ਬਾਪੂ ਤਰਲੋਕ ਸਿੰਘ ਦੀ ਹਾਲਤ ਨੂੰ ਸਥਿਰ ਦੱਸਿਆ, ਪਰ ਉਹਨਾਂ ਦੀ ਵਡੇਰੀ ਉਮਰ ਹੋਣ ਕਰਕੇ ਇਲਾਜ ਕਰਨ ਵਿੱਚ ਕਈ ਪ੍ਰਕਾਰ ਦੀਆ ਦਿੱਕਤਾਂ ਆ ਰਹੀਆਂ ਹਨ ਅਤੇ ਉਹਨਾਂ ਨੂੰ ਜੀਵਨ ਰੱਖਿਅਕ ਯੰਤਰਾਂ ਨਾਲ ਆਕਸੀਜਨ ਦਿੱਤੀ ਜਾ ਰਹੀ ਹੈ। ਜਥੇਦਾਰ ਨੇ ਕਿਹਾ ਕਿ ਬਾਪੂ ਤਰਲੋਕ ਸਿੰਘ ਦੀ ਹਾਲੇ ਸਿੱਖ ਪੰਥ ਨੂੰ ਬਹੁਤ ਲੋੜ ਹੈ ਤੇ ਉਹਨਾਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਬਾਪੂ ਤਰਲੋਕ ਸਿੰਘ ਦੇ ਪਰਵਾਰ ਵੱਲਂੋ ਕੀਤੀ ਗਈ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਸਮੇਂ ਸੁਖਚੈਨ ਸਿੰਘ ਚੂਸਲੇਵੜ, ਗੁਰਮੁੱਖ ਸਿੰਘ ਕੈਨੇਡਾ, ਭਾਈ ਗੁਰਨਾਮ ਸਿੰਘ ਅਗਵਾਨ ਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਕਨਵੀਨਰ ਇੰਟਰਨੈਸ਼ਨਲ ਪੰਥਕ ਦਲ, ਸੁਖਦੇਵ ਸਿੰਘ ਭੂਰਾ ਕੋਹਨਾ ਤੇ ਹਰਭਜਨ ਸਿੰਘ ਮਨਾਵਾਂ ਵੀ ਹਾਜ਼ਰ ਸਨ।

1819 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper