Latest News
28 ਏਕੜ ਰਕਬੇ 'ਚ ਨਵੇਂ ਮੱਛੀ ਤਲਾਬ ਸਥਾਪਿਤ
By ਬੰਗਾ (ਹਰਜਿੰਦਰ ਕੌਰ ਚਾਹਲ)

Published on 14 Apr, 2015 12:15 AM.

ਮੱਛੀ ਪਾਲਣ ਦਾ ਧੰਦਾ ਖੇਤੀਬਾੜੀ ਸਹਾਇਕ ਹੋਣ ਦੇ ਨਾਲ-ਨਾਲ ਫ਼ਸਲੀ ਵਿਭਿੰਨਤਾ ਦਾ ਵੀ ਵਧੀਆ ਜ਼ਰੀਆ ਹੈ, ਜਿਸ ਨਾਲ ਕਿਸਾਨ ਨੀਲੀ ਕ੍ਰਾਂਤੀ ਦਾ ਹਿੱਸਾ ਬਣ ਕੇ ਆਪਣੀ ਆਮਦਨੀ ਵਿੱਚ ਵੀ ਵਾਧਾ ਕਰ ਸਕਦੇ ਹਨ। ਲੰਘੇ ਮਾਲੀ ਸਾਲ ਵਿੱਚ ਜ਼ਿਲ੍ਹੇ ਵਿੱਚ 28 ਏਕੜ ਦੇ ਨਵੇਂ ਮੱਛੀ ਤਲਾਬ ਸਥਾਪਿਤ ਹੋਣਾ, ਇਸ ਕਿੱਤੇ ਦੀ ਸਫ਼ਲਤਾ ਦੀ ਮੂੰਹੋਂ ਬੋਲਦੀ ਮਿਸਾਲ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਦਿਹਾਤੀ ਵਿਕਾਸ ਅਤੇ ਆਮਦਨ ਦਾ ਮਹੱਤਵਪੂਰਨ ਹਿੱਸਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦਾ ਧੰਦਾ ਖੇਤ ਵਿੱਚ ਪੁਟਾਈ ਨਾਲ ਨਵੇਂ ਛੱਪੜ ਬਣਾ ਕੇ ਜਾਂ ਭੱਠੇ ਵਾਲੀਆਂ ਨੀਵੀਂਆਂ ਥਾਵਾਂ 'ਤੇ ਛੱਪੜ ਬਣਾ ਕੇ ਅਤੇ ਪੰਚਾਇਤੀ ਛੱਪੜਾਂ ਦਾ ਸੁਧਾਰ ਕਰਕੇ ਕੀਤਾ ਜਾ ਸਕਦਾ ਹੈ ਅਤੇ ਮੱਛੀ ਪਾਲਣ ਤੋਂ 100000 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਨਿਰੋਲ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਪੰਜਾਬ ਸਰਕਾਰ ਨੇ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਉਲੀਕੀਆਂ ਵੱਖ-ਵੱਖ ਸਕੀਮਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵਿੱਚ ਮੁਫ਼ਤ ਸਿਖਲਾਈ, ਬੈਕਾਂ ਤੋਂ ਕਰਜ਼ੇ, ਸਬਸਿਡੀ, ਤਕਨੀਕੀ ਸਲਾਹ ਅਤੇ ਪ੍ਰਸਾਰ ਸੇਵਾਵਾਂ ਮਹੱਈਆ ਕਰਵਾਉਣਾ ਆਦਿ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਅਨੁਸਾਰ ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਪਰ ਹੁਣ ਕਿਸਾਨ ਅਤੇ ਖੇਤੀ ਮਾਹਿਰ ਮਹਿਸੂਸ ਕਰ ਰਹੇ ਹਨ ਕਿ ਸੁਧਰੇ ਬੀਜਾਂ ਅਤੇ ਨਵੀਨ ਢੰਗਾਂ ਦੇ ਬਾਵਜੂਦ ਖੇਤੀ ਦੀ ਉਪਜ ਵਿੱਚ ਜ਼ਿਆਦਾ ਵਾਧਾ ਸੰਭਵ ਨਹੀਂ ਹੈ, ਇਕੱਲੀ ਖੇਤੀਬਾੜੀ ਨਾਲ ਜੀਵਨ ਨਿਰਵਾਹ ਕਰਨਾ ਮੁਸ਼ਕਲ ਹੋ ਰਿਹਾ ਹੈ, ਇਸ ਲਈ ਹੁਣ ਇਸ ਨੂੰ ਵੰਨ-ਸੁਵੰਨੀ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਸਥਿਤ ਮੱਛੀ ਪੂੰਗ ਫ਼ਾਰਮ ਢੰਡੂਆ ਦੇ ਢਾਂਚਾਗਤ ਵਿਕਾਸ 'ਤੇ 27 ਲੱਖ ਰੁਪਏ ਖਰਚ ਕੀਤੇ ਗਏ ਹਨ, ਜਿਸ ਤਹਿਤ ਨਵੀਂਆਂ ਹੈਚਰੀਜ਼ ਅਤੇ ਜਲ ਟੈਂਕ ਬਣਾਏ ਗਏ ਹਨ। ਜ਼ਿਲ੍ਹੇ ਦੇ ਸਹਾਇਕ ਮੱਛੀ ਪ੍ਰਾਜੈਕਟ ਅਫ਼ਸਰ ਸ੍ਰੀ ਕਰਨ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋ ਨੈਸ਼ਨਲ ਫਿਸ਼ਰੀਜ਼ ਡਿਵੈਲਪਮੈਂਟ ਬੋਰਡ ਹੈਦਰਾਬਾਦ ਦੀ ਸਹਾਇਤਾ ਨਾਲ ਵੱਖ-ਵੱਖ ਵਿੱਤੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਨਵੇ ਮੱਛੀ ਪਾਲਣ ਦੇ ਛੱਪੜ ਦੀ ਪੁਟਾਈ ਲਈ ਯੂਨਿਟ ਕਾਸਟ 3.00 ਲੱਖ ਰੁਪਏ ਪ੍ਰਤੀ ਹੈਕਟੇਅਰ 'ਤੇ ਸਬਸਿਡੀ ਜਨਰਲ ਲਈ 20 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 60000 ਰੁਪਏ ਪ੍ਰਤੀ ਹੈਕਟੇਅਰ ਅਤੇ ਅਨੁਸੂਚਿਤ ਜਾਤੀ ਲਈ 25 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ 75000 ਰੁਪਏ ਪ੍ਰਤੀ ਹੈਕਟੇਅਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਛੱਪੜਾਂ ਦੇ ਸੁਧਾਰ ਲਈ ਯੂਨਿਟ ਕਾਸਟ 0.75 ਲੱਖ ਰੁਪਏ ਪ੍ਰਤੀ ਹੈਕਟੇਅਰ ਤੇ ਸਬਸਿਡੀ ਜਨਰਲ ਲਈ 20 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 15000 ਰੁਪਏ ਪ੍ਰਤੀ ਹੈਕਟੇਅਰ, ਪਹਿਲੇ ਸਾਲ ਦੀ ਖਾਦ-ਖੁਰਾਕ ਲਈ ਯੂਨਿਟ ਕਾਸਟ 0.50 ਲੱਖ ਰੁਪਏ ਪ੍ਰਤੀ ਹੈਕਟੇਅਰ 'ਤੇ ਸਬਸਿਡੀ 20 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 10000 ਰੁਪਏ ਪ੍ਰਤੀ ਹੈਕਟੇਅਰ ਵੱਖਰੇ ਤੌਰ 'ਤੇ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੱਛੀ ਪਾਲਣ ਵਿਭਾਗ ਵੱਲੋਂ ਨੈਸ਼ਨਲ ਮੱਛੀ ਪੂੰਗ ਫਾਰਮ ਢੰਡੂਆ ਵਿਖੇ ਚਲਾਇਆ ਜਾ ਰਿਹਾ ਹੈ। ਇਸ ਫਾਰਮ ਤੋਂ ਪਾਲਣ ਯੋਗ ਮੱਛੀਆਂ ਕਤਲਾ, ਰੋਹੂ, ਮੁਰਾਖ, ਗਰਾਸ ਕਾਰਪ, ਕਾਮਨ ਕਾਰਪ ਦਾ ਵਧੀਆਂ ਕੁਆਲਟੀ ਦਾ ਪੂੰਗ ਫਾਰਮਰਾਂ ਦੀ ਮੰਗ ਅਨੁਸਾਰ ਇਕ ਸੌ ਰੁਪਏ ਪ੍ਰਤੀ ਹਜ਼ਾਰ ਦੀ ਦਰ ਨਾਲ ਅਪ੍ਰੈਲ ਤੋਂ ਅਗਸਤ ਮਹੀਨੇ ਤੱਕ ਦਿੱਤਾ ਜਾਂਦਾ ਹੈ। ਇਹ ਫਾਰਮ ਪੂੰਗ ਸਪਲਾਈ ਵਿੱਚ ਪੰਜਾਬ ਭਰ ਵਿੱਚ ਪਹਿਲੇ ਸਥਾਨ 'ਤੇ ਹੈ।
ਇਸ ਫਾਰਮ ਤੋਂ ਹਰ ਮਹੀਨੇ ਕਿਸਾਨਾਂ ਨੂੰ ਮੱਛੀ ਪਾਲਣ ਦੀ ਪੰਜ ਦਿਨਾ ਮੁਫ਼ਤ ਮੁੱਢਲੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਨਵੇਂ ਬਣੇ ਛੱਪੜਾਂ ਵਿੱਚ ਪਿੰਡ ਮਹਿਤਪੁਰ (ਬਲਾਚੌਰ) ਵਿਖੇ ਸ੍ਰੀ ਸੁਖਦੇਵ ਸਿੰਘ ਪੁੱਤਰ ਸ੍ਰੀ ਜਵਾਲਾ ਸਿੰਘ ਅਤੇ ਸ੍ਰੀਮਤੀ ਸੁਖਦੇਵ ਕੌਰ ਪਤਨੀ ਸੁਖਦੇਵ ਸਿੰਘ ਨੇ 13-13 ਏਕੜ ਰਕਬੇ ਵਿੱਚ ਨਵੀਂ ਪੁਟਾਈ ਕਰਕੇ ਮੱਛੀ ਪਾਲਣ ਛੱਪੜ ਬਣਾਇਆ ਹੈ। ਇਸੇ ਤਰ੍ਹਾਂ ਪਿੰਡ ਬਨ੍ਹਾਂ (ਬਲਾਚੌਰ) ਵਿਖੇ ਸ੍ਰੀ ਪਰਵਿੰਦਰ ਕੁਮਾਰ ਬਾਠ ਨੇ 2 ਏਕੜ ਰਕਬੇ ਵਿੱਚ ਨਵੀਂ ਪੁਟਾਈ ਕਰਕੇ ਮੱਛੀ ਪਾਲਣ ਤਲਾਬ ਬਣਾਇਆ ਹੈ।
ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੱਛੀ ਪੂੰਗ ਫ਼ਾਰਮ 'ਤੇ ਸੰਪਰਕ ਕਰਕੇ ਇਸ ਸੰਬੰਧੀ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹਨ।

1904 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper