Latest News
ਚੌਕ ਮਹਿਤਾ ਵਿਖੇ ਸੁਨਿਆਰੇ ਦੀ ਦੁਕਾਨ ਤੋਂ ਕਰੀਬ ਦਸ ਲੱਖ ਦੀ ਲੁੱਟ
ਅੱਜ ਦਿਨ-ਦਿਹਾੜੇ ਤਕਰੀਬਨ ਗਿਆਰਾਂ ਵਜੇ ਕਸਬਾ ਮਹਿਤਾ ਚੌਕ ਦੇ ਘੁਮਾਣ ਰੋਡ 'ਤੇ ਪੂਰੇ ਭੀੜ-ਭੜੱਕੇ ਵਾਲੇ ਸਥਾਨ 'ਤੇ ਲੋਕਾਂ ਅੰਦਰ ਉਸ ਵੇਲੇ ਜ਼ਬਰਦਸਤ ਦਹਿਸ਼ਤ ਫੈਲ ਗਈ, ਜਦੋਂ ਇੱਕ ਸੁਨਿਆਰੇ ਦੀ ਦੁਕਾਨ 'ਤੇ ਦੋ ਅਣਪਛਾਤੇ ਨੌਜਵਾਨ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਦੁਕਾਨ ਮਾਲਕ ਦੇ ਲੜਕੇ ਅਤੇ ਇੱਕ ਹੋਰ ਵਿਅਕਤੀ ਨੂੰ ਜ਼ਖਮੀਂ ਕਰਨ ਤੋਂ ਬਾਅਦ ਪੰਜ ਲੱਖ ਰੁਪਏ ਨਕਦ ਅਤੇ ਤਕਰੀਬਨ ਪੰਜ ਲੱਖ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਘੁਮਾਣ ਰੋਡ ਮਹਿਤਾ ਚੌਕ ਦੇ ਐਨ ਵਿਚਕਾਰ ਸਥਿਤ ਸੁਭਾਸ਼ ਜਿਊਲਰਜ਼ (ਟੋਨੀ ਦੀ ਹੱਟੀ) ਨਾਂਅ ਦੀ ਸੁਨਿਆਰੇ ਦੀ ਦੁਕਾਨ ਵਿੱਚ ਸ਼ਿਵਮ ਕੁਮਾਰ ਉਰਫ ਰਾਜਾ (18) ਸਾਲ ਪੁੱਤਰ ਸੁਭਾਸ਼ ਕੁਮਾਰ ਟੋਨੀ ਬੈਠਾ ਸੀ ਕਿ ਤਕਰੀਬਨ ਗਿਆਰਾਂ ਕੁ ਵਜੇ ਚਾਰ ਅਣਪਛਾਤੇ ਨੌਜਵਾਨ ਉਸ ਕੋਲ ਆਏ ਅਤੇ ਆਪਣੇ ਕੋਲ ਮੌਜੂਦ ਵਿਦੇਸ਼ੀ ਕਰੰਸੀ ਨੂੰ ਬਦਲਵਾਉਣ ਵਾਸਤੇ ਉਸ ਨਾਲ ਗੱਲਬਾਤ ਕੀਤੀ। ਜਦ ਦੁਕਾਨ ਮਾਲਕ ਸ਼ਿਵਮ ਨੇ ਉਹਨਾਂ ਨੂੰ ਭਾਰਤੀ ਕਰੰਸੀ ਦੇਣ ਲਈ ਆਪਣਾ ਬੈਗ ਅਲਮਾਰੀ ਵਿੱਚੋਂ ਬਾਹਰ ਕੱਢਿਆ ਤਾਂ ਉਹਨਾਂ ਨੇ ਇੱਕਦਮ ਉਸ ਕੋਲੋਂ ਬੈਗ ਖੋਹ ਲਿਆ, ਜਦ ਸ਼ਿਵਮ ਕੁਮਾਰ ਉਹਨਾਂ ਨਾਲ ਹੱਥੋਪਾਈ ਹੋਇਆ ਤਾਂ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਨਾਲ ਉਸ 'ਤੇ ਫਾਇਰ ਕਰ ਦਿੱਤਾ, ਜਿਸ ਦੀ ਗੋਲੀ ਉਸਦੀ ਸੱਜੀ ਲੱਤ ਵਿੱਚ ਵੱਜੀ। ਜ਼ਖਮੀ ਹੋਣ ਦੇ ਬਾਵਜੂਦ ਵੀ ਸ਼ਿਵਮ ਕੁਮਾਰ ਰੌਲਾ ਪਾਉਂਦਿਆਂ ਲੁਟੇਰਿਆਂ ਮਗਰ ਦੌੜਿਆ, ਪਰ ਲੁਟੇਰਿਆਂ ਨੇ ਉਥੇ ਖੜ੍ਹੇ ਇੱਕ ਹੋਰ ਆਦਮੀ ਨੂੰ ਵੀ ਗੋਲੀ ਮਾਰ ਦਿੱਤੀ ਅਤੇ ਸਰੇਆਮ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਬਾਹਰ ਸੜਕ 'ਤੇ ਖੜੀ ਇੱਕ ਆਈ-20 ਕਾਰ ਵਿੱਚ ਬੈਠ ਕੇ ਬੜੇ ਅਰਾਮ ਨਾਲ ਫਰਾਰ ਹੋ ਗਏ। ਪ੍ਰਤੱਖ ਦਰਸ਼ੀਆਂ ਅਨੁਸਾਰ ਉਸ ਗੱਡੀ ਵਿੱਚ ਪਹਿਲਾਂ ਵੀ ਇੱਕ ਸਰਦਾਰ ਵਿਅਕਤੀ ਗੱਡੀ ਸਟਾਰਟ ਕਰਕੇ ਬੈਠਾ ਸੀ। ਦੂਸਰੇ ਜ਼ਖਮੀਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਛੇਹਰਟਾ ਵਜੋਂ ਹੋਈ। ਦੋਵਾਂ ਗੰਭੀਰ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਇਥੇ ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਥਾਣਾ ਤਬਦੀਲ ਹੋ ਕੇ ਇਥੋਂ ਇੱਕ ਕਿਲੋਮੀਟਰ ਹਟਵਾਂ ਹੋ ਗਿਆ ਹੈ, ਜਿਸਦਾ ਕਾਗਜ਼ਾਂ ਵਿੱਚ ਤਾਂ ਭਾਵੇਂ ਨਾਕਾ ਚੱਲਦਾ ਹੈ, ਪਰ ਇਥੇ ਪੰਜਾਬ ਪੁਲਸ ਅਤੇ ਟ੍ਰੈਫਿਕ ਪੁਲਸ ਕਿਤੇ ਵੇਖਣ ਨੂੰ ਵੀ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਲੁਟੇਰਿਆਂ ਤੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋਏ ਹਨ। ਇਥੇ ਲੋਕਾਂ ਦੀ ਮੰਗ ਹੈ ਕਿ ਚੌਕ ਵਿੱਚ 24 ਘੰਟੇ ਪੁਲਸ ਕਰਮਚਾਰੀ ਨਾਕੇ 'ਤੇ ਤਾਇਨਾਤ ਰਹਿਣੇ ਚਾਹੀਦੇ ਹਨ ਤਾਂ ਕਿ ਭਵਿੱਖ ਵਿੱਚ ਅਜਿਹੀ ਮੰਦਭਾਗੀ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ।
ਸੂਚਨਾ ਮਿਲਣ 'ਤੇ ਐੱਸ.ਐੱਸ.ਪੀ ਜਸਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਅੱਜ ਸੁਨਿਆਰੇ ਦੀ ਦੁਕਾਨ 'ਤੇ ਘਟਨਾ ਵਾਪਰੀ ਹੈ, ਜਿਸਦੇ ਅੱਜ ਸ਼ਾਮ ਤੱਕ ਸਕੈੱਚ ਜਾਰੀ ਕੀਤੇ ਜਾ ਰਹੇ ਹਨ ਤੇ ਜਲਦੀ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਪਰਦਾਫਾਸ਼ ਕੀਤਾ ਜਾਵੇਗਾ। ਇਸਦੀ ਪੂਰੀ ਤਫਤੀਸ਼ੀ ਕਾਰਵਾਈ ਜੁਗਰਾਜ ਸਿੰਘ ਡੀ.ਐੱਸ.ਪੀ. ਇਨਵੈਸਟੀਗੇਸ਼ਨ, ਮੁਖਤਾਰ ਰਾਏ ਡੀ.ਐੱਸ.ਪੀ (ਹੈੱਡਕੁਆਰਟਰ) ਅਤੇ ਥਾਣਾ ਮਹਿਤਾ ਦੇ ਐੱਸ.ਐੱਚ.ਓ. ਦਵਿੰਦਰ ਸਿੰਘ ਬਾਜਵਾ ਆਪਣੇ ਸਹਿਯੋਗੀ ਕਰਮਚਾਰੀਆਂ ਨਾਲ ਜੰਗੀ ਪੱਧਰ 'ਤੇ ਕਰ ਰਹੇ ਹਨ।

1849 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper