Latest News
ਬਿਜਲੀ ਦੀ ਤਾਰ ਕਾਰਨ ਲੱਗੀ ਅੱਗ ਨਾਲ ਛੇ ਏਕੜ ਕਣਕ ਸੜੀ
ਪਿੰਡ ਹੈਦਰ ਨਗਰ ਦੇ ਕਿਸਾਨ ਰਣਜੀਤ ਸਿੰਘ ਅਤੇ ਤਰਨਜੀਤ ਸਿੰਘ ਦੀ ਪਿੰਡ ਬਿੰਜੋਕੀ ਕਲਾਂ ਵਿਖੇ ਠੇਕੇ 'ਤੇ ਲੈ ਕੇ ਬੀਜੀ ਚਾਰ ਏਕੜ ਅਤੇ ਉਨ੍ਹਾਂ ਦੀ ਆਪਣੀ ਜ਼ਮੀਨ ਵਿੱਚ ਬੀਜੀ ਦੋ ਏਕੜ ਕਣਕ ਖੇਤ ਵਿੱਚੋਂ ਲੰਘਦੀ 24 ਘੰਟੇ ਬਿਜਲੀ ਸਪਲਾਈ ਲਾਈਨ ਦੀ ਤਾਰ ਟੁੱਟਣ ਨਾਲ ਸੜ ਗਈ। ਅੱਗ 'ਤੇ ਆਲੇ -ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ। ਕਿਸਾਨ ਰਣਜੀਤ ਸਿੰਘ ਅਤੇ ਤਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵੇਂ ਭਰਾਵਾਂ ਨੇ ਆਪਣੀ ਮਾਲਕੀ ਵਾਲੀ ਜ਼ਮੀਨ ਤੋਂ ਇਲਾਵਾ ਚਾਰ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਸੀ। ਬਾਅਦ ਦੁਪਹਿਰ ਉਨ੍ਹਾਂ ਦੇ ਖੇਤ ਵਿੱਚੋਂ ਪਿੰਡ ਗੁਆਰਾ ਦੇ ਬਿਜਲੀ ਗਰਿੱਡ ਤੋਂ ਪਿੰਡ ਬਿੰਜੋਕੀ ਕਲਾਂ ਨੂੰ ਜਾਂਦੀ ਬਿਜਲੀ ਦੀ ਲਾਈਨ ਦੀ ਤਾਰ ਟੁੱਟਣ ਕਾਰਨ ਕਣਕ ਦੇ ਖੇਤ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਿੰਡ ਬਿੰਜੋਕੀ ਕਲਾਂ, ਹੈਦਰ ਨਗਰ, ਨਾਰੀਕੇ ਅਤੇ ਗੁਆਰਾ ਪਿੰਡ ਦੇ ਲੋਕਾਂ ਨੇ ਇਕੱਤਰ ਹੋ ਕੇ ਭਾਰੀ ਜੱਦੋ-ਜਹਿਦ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਅਮਰਗੜ੍ਹ ਪੁਲਸ, ਪਾਵਰਕਾਮ ਦੇ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਥਾਣਾ ਅਮਰਗੜ੍ਹ ਦੇ ਏ ਐੱਸ ਆਈ ਬਲਵਿੰਦਰ ਸਿੰਘ ਘਟਨਾ ਸਥਾਨ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਪੁੱਜਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਅੱਗ ਬੁਝਣ ਤੋਂ ਬਾਅਦ ਪਾਵਰਕਾਮ ਦੇ ਜੇ ਈ ਰਣਜੀਤ ਸਿੰਘ ਨੇ ਆ ਕੇ ਟੁੱਟੀ ਤਾਰ ਗੰਢਣ ਦਾ ਕੰਮ ਸ਼ੁਰੂ ਕਰਵਾਇਆ ਹੈ। ਪੀੜਤ ਭਰਾਵਾਂ ਨੇ ਦੱਸਿਆ ਕਿ ਬਿਜਲੀ ਦੀ ਲਾਈਨ ਵਿੰਗੀ-ਟੇਢੀ ਹੈ, ਜਿਸ ਨੂੰ ਸਿੱਧੀ ਕਰਨ ਵੱਲ ਪਾਵਰਕਾਮ ਦੇ ਅਧਿਕਾਰੀਆਂ ਦਾ ਧਿਆਨ ਹੀ ਨਹੀਂ ਜਾਂਦਾ। ਇਸ ਲਾਈਨ ਦੇ ਵਿੰਗੀ-ਟੇਢੀ ਹੋਣ ਕਾਰਨ ਅਕਸਰ ਹੀ ਇਸ ਲਾਈਨ ਵਿੱਚ ਤਕਨੀਕੀ ਨੁਕਸ ਪਿਆ ਰਹਿੰਦਾ ਹੈ।
ਜਦ ਪੱਤਰਕਾਰ ਮੌਕੇ 'ਤੇ ਪੁੱਜੇ ਤਾਂ ਪਾਵਰਕਾਮ ਦੇ ਜੇਈ ਰਣਜੀਤ ਸਿੰਘ ਟੁੱਟੀ ਤਾਰ ਨੂੰ ਠੀਕ ਕਰਵਾ ਰਹੇ ਸਨ। ਜੇਈ ਰਣਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਬਿਜਲੀ ਮੁਲਾਜ਼ਮਾਂ ਨੇ ਉਕਤ ਲਾਈਨ ਵਿੱਚ ਨੁਕਸ ਪੈਣ ਅਤੇ ਅੱਗ ਲੱਗਣ ਦੀ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਟੁੱਟੀ ਤਾਰ ਨੂੰ ਜੋੜਨ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਬਿਜਲੀ ਦੀ ਵਿੰਗੀ-ਟੇਢੀ ਲਾਈਨ ਨੂੰ ਸਿੱਧੀ ਕਰਨ ਸੰਬੰਧੀ ਉਸ ਨੇ ਮੰਨਿਆ ਕਿ ਕਰੀਬ ਪੰਦਰਾਂ ਸਾਲ ਪਹਿਲਾਂ ਕੱਢੀ ਇਹ ਲਾਈਨ ਵਿੰਗੀ-ਟੇਢੀ ਹੈ, ਜੋ ਮੁਲਾਜ਼ਮਾਂ ਦੀ ਕਮੀ ਕਾਰਨ ਸਿੱਧੀ ਨਹੀਂ ਹੋ ਸਕੀ। ਅੱਗ ਲੱਗਣ ਦੀ ਘਟਨਾ ਇਤਫ਼ਾਕਨ ਵਾਪਰੀ ਹੈ, ਜਿਸ ਦਾ ਉਸ ਨੂੰ ਵੀ ਅਫ਼ਸੋਸ ਹੈ ਤੇ ਉਸ ਨੇ ਇਸ ਸੰਬੰਧੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰ ਦਿੱਤੀ ਹੈ। ਕਿਸਾਨ ਆਗੂ ਨਾਹਰ ਸਿੰਘ ਹਥਨ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਉਕਤ ਹਾਦਸਾ ਵਾਪਰਨ ਦੇ ਕਾਰਨ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਤਾਰ ਟੁੱਟ ਕੇ ਅੱਗ ਲੱਗਣ ਵਿੱਚ ਕਿਸੇ ਬਿਜਲੀ ਮੁਲਾਜ਼ਮ ਦੀ ਅਣਗਹਿਲੀ ਪਾਈ ਜਾਂਦੀ ਹੈ ਤਾਂ ਉਸ ਮੁਲਾਜ਼ਮ ਤੋਂ ਪੀੜਤ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਵਾ ਕੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੀ ਪੀੜਤ ਕਿਸਾਨਾਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇ।

1088 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper