ਜਲੰਧਰ (ਰਣਜੋਧ ਸਿੰਘ ਥਿੰਦ)
ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾਂ ਤੋਂ ਪੰਜਾਬ ਦੇ ਸਿਆਸੀ ਅਸਮਾਨ 'ਤੇ ਚੜ੍ਹੀ ਮਨਪ੍ਰੀਤ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ (ਪੀ ਪੀ ਪੀ) ਦੀ ਪਤੰਗ 'ਪਤੰਗ' ਕਾਂਗਰਸ ਦੇ ਹੱਥ ਜਾ ਲੱਗੀ ਹੈ। ਇਸ ਸਿਆਸੀ ਘਟਨਾਕ੍ਰਮ ਕਾਰਨ ਮਨਪ੍ਰੀਤ ਬਾਦਲ ਨੂੰ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ, ਇਹ ਕਹਿਣਾ ਤਾਂ ਅਜੇ ਦੂਰ ਦੀ ਗੱਲ ਹੈ, ਪਰ ਇਸ ਨਾਲ ਕਾਂਗਰਸ ਨੂੰ ਬਾਦਲ ਪਰਵਾਰ ਨਾਲ 'ਪੇਚਾ' ਪਾਉਣ ਦਾ ਮੌਕਾ ਮਿਲ ਗਿਆ ਹੈ।
ਮਨਪ੍ਰੀਤ ਬਾਦਲ ਨੇ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਨਵੀਂ ਦਿੱਲੀ 'ਚ ਪਾਰਟੀ ਦੇ ਹੈੱਡਕੁਆਟਰ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ਅੰਬਿਕਾ ਸੋਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ 'ਚ ਕੀਤਾ। ਇਸ ਤਰ੍ਹਾਂ ਇੱਕ ਅਜਿਹੀ ਪਾਰਟੀ, ਜਿਸ ਨੂੰ ਦੇਸ਼ ਭਗਤ ਪੰਜਾਬੀਆਂ, ਖਾਸਕਰ ਪ੍ਰਵਾਸੀ ਪੰਜਾਬੀਆਂ ਨੇ ਹੱਥਾਂ 'ਤੇ ਚੁੱਕ ਲਿਆ ਸੀ, ਦਾ ਉਸ ਦੇ ਚਾਰ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਭੋਗ ਪੈ ਗਿਆ।
ਮਨਪ੍ਰੀਤ ਬਾਦਲ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਰਸਮੀ ਐਲਾਨ ਕਰਨ ਤੋਂ ਪਹਿਲਾਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਦੋ ਦਿਨ ਤੋਂ ਦਿੱਲੀ ਵਿਚ ਡੇਰਾ ਲਾਈ ਬੈਠੇ ਮਨਪ੍ਰੀਤ ਬਾਦਲ ਨੇ ਕੱਲ੍ਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਪੰਜਾਬ ਦੀ ਸਿਆਸਤ ਬਾਰੇ ਚਰਚਾ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸ ਮੌਕੇ ਮਨਪ੍ਰੀਤ ਬਾਦਲ ਨੇ ਰਾਹੁਲ ਗਾਂਧੀ ਨੂੰ 11 ਸੂਤਰੀ ਮੈਮੋਰੰਡਮ ਦਿੱਤਾ। ਭਾਵੇਂ ਇਹ ਗੱਲ ਅਜੇ ਬਾਹਰ ਨਹੀਂ ਆਈ ਹੈ ਕਿ ਮਨਪ੍ਰੀਤ ਬਾਦਲ ਕਿਹੜੀਆਂ ਸ਼ਰਤਾਂ ਤਹਿਤ ਕਾਂਗਰਸ ਵਿੱਚ ਸ਼ਾਮਲ ਹੋਏ। ਸੂਤਰਾਂ ਮੁਤਾਬਕ ਕਾਂਗਰਸ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਤਿੰਨ ਪਸੰਦ ਦੀਆਂ ਸੀਟਾਂ ਦੇਣ ਦੀ ਹਾਮੀ ਭਰ ਦਿੱਤੀ ਹੈ। ਕਈ ਦਿਨਾਂ ਦੀ ਜੱਕੋ-ਤੱਕੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਹੋਰ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਖਤਮ ਹੋ ਗਈਆਂ ਹਨ।
31 ਮਾਰਚ 2011 ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਸੂਬੇ ਨੂੰ ਸ਼ਹੀਦਾਂ ਦੇ ਰਸਤੇ 'ਤੇ ਚਲਾਉਣ ਦਾ ਸੁਪਨਾ ਦਿਖਾਉਣ ਵਾਲੀ ਪੰਜਾਬ ਪੀਪਲਜ਼ ਪਾਰਟੀ ਚਾਰ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਦਮ ਤੋੜ ਗਈ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਹਮਾਇਤ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ ਦੇ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ਪਾਰਟੀ ਦੀ ਹੋਂਦ ਬਾਰੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸਨ।
ਸਿਆਸੀ ਤੌਰ 'ਤੇ ਹਾਸ਼ੀਏ 'ਤੇ ਪਹੁੰਚੇ ਮਨਪ੍ਰੀਤ ਬਾਦਲ ਕੋਲ ਇਸ ਵੇਲੇ ਆਮ ਆਦਮੀ ਪਾਰਟੀ ਜਾਂ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਗੈਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਆਪ ਦੀ ਪੰਜਾਬ ਵਿੱਚ ਸਰਗਰਮੀ ਤੋਂ ਲੈ ਕੇ ਮਨਪ੍ਰੀਤ ਬਾਦਲ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਵਿੱਚ ਸਨ। ਪਰ ਪਾਰਟੀ ਅੰਦਰੋਂ ਵਿਰੋਧ ਕਾਰਨ ਮਨਪ੍ਰੀਤ ਬਾਦਲ ਨੂੰ ਆਪ 'ਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਕਿਸੇ ਵੀ ਪਾਸੇ ਪਾਣੀ ਨਾ ਚੜ੍ਹਦਾ ਦੇਖ ਕੇ ਮਨਪ੍ਰੀਤ ਬਾਦਲ ਨੇ ਕਈ ਪਾਪੜ ਵੇਲੇ, ਪਰ ਉਨ੍ਹਾਂ ਨੂੰ ਕੋਈ ਮੰਚ ਨਾ ਮਿਲ ਸਕਿਆ। ਨਰਮ ਸੁਭਾਅ ਅਤੇ ਸ਼ਾਇਰੋ ਸ਼ਾਇਰੀ ਵਾਲੇ ਭਾਸ਼ਣ ਨਾਲ ਲੋਕਾਂ ਨੂੰ ਬੰਨ੍ਹਣ ਵਾਲੇ ਬਾਦਲ ਨੂੰ ਕਾਂਗਰਸ ਵਿੱਚ ਜਾਣਾ ਬਹੁਤ ਔਖਾ ਜਾਪ ਰਿਹਾ ਸੀ, ਜਿਸ ਨੂੰ ਉਹ ਮੁੱਢ ਕਦੀਮ ਤੋਂ ਗਾਲ੍ਹਾਂ ਕੱਢਦੇ ਆ ਰਹੇ ਸਨ। ਆਮ ਆਦਮੀ ਪਾਰਟੀ ਦੇ ਬਣਨ ਤੋਂ ਬਾਅਦ ਮਨਪ੍ਰੀਤ ਲਈ ਇੱਕ ਹੋਰ ਬਦਲ ਖੁੱਲ੍ਹ ਗਿਆ, ਜਿਸ ਵਿੱਚ ਸ਼ਾਮਲ ਹੋਣਾ ਮਨਪ੍ਰੀਤ ਨੂੰ ਕਾਫੀ ਸੌਖਾ ਜਾਪਦਾ ਸੀ ਅਤੇ ਵਿਚਾਰਧਾਰਾ ਵੀ ਲੱਗਭੱਗ ਆਪ ਦੇ ਨੇੜੇ ਹੀ ਸੀ। ਮਨਪ੍ਰੀਤ ਬਾਦਲ ਕਾਫੀ ਸਮੇਂ ਤੋਂ ਦਵੰਦ ਵਿੱਚ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਕਈ ਵਾਰੀ ਸਿਆਸੀ ਗਿਣਤੀਆਂ-ਮਿਣਤੀਆਂ ਕੀਤੀਆਂ। ਮਨਪ੍ਰੀਤ ਨੇ ਆਮ ਆਦਮੀ ਪਾਰਟੀ ਨਾਲ ਸ਼ਰਤਾਂ ਤਹਿਤ ਗੱਠਜੋੜ ਕਰਨ ਦੀ ਸ਼ਰਤ ਰੱਖੀ ਸੀ, ਪਰ ਆਪ ਆਪਣੇ ਇੱਕ ਸਟੈਂਡ 'ਤੇ ਅੜੀ ਰਹੀ ਕਿ ਸ਼ਰਤਾਂ ਲਈ ਉਨ੍ਹਾਂ ਦੀ ਪਾਰਟੀ ਦੀ ਨੀਤੀ ਅਤੇ ਰਣਨੀਤੀ ਵਿੱਚ ਕੋਈ ਥਾਂ ਨਹੀਂ ਹੈ। ਸੂਬੇ ਦੇ ਸਾਬਕਾ ਖਜ਼ਾਨਾ ਮੰਤਰੀ ਨੇ ਆਹਮਣੇ-ਸਾਹਮਣੇ ਗੱਠਜੋੜ ਕਰਕੇ ਤਿੰਨ ਸੀਟਾਂ ਦੇਣ ਅਤੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ ਸ਼ਰਤ ਰੱਖੀ ਸੀ, ਜਿਸ ਨੂੰ ਆਪ ਲੀਡਰਸ਼ਿਪ ਨੇ ਨਕਾਰ ਦਿੱਤਾ ਸੀ। ਆਪ ਚਾਹੁੰਦੀ ਸੀ ਕਿ ਮਨਪ੍ਰੀਤ ਆਪਣੀ ਪਾਰਟੀ ਪੀਪਲਜ਼ ਪਾਰਟੀ ਦਾ ਬਿਨਾਂ ਸ਼ਰਤ ਰਲੇਵਾਂ ਕਰੇ ਅਤੇ ਬਾਅਦ ਵਿੱਚ ਉਸ ਦੇ ਕੱਦ ਦਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਦੀ ਭਗਵੰਤ ਮਾਨ ਨਾਲ ਯਾਰੀ ਕਿਸੇ ਤੋਂ ਗੁੱਝੀ ਨਹੀਂ ਸੀ। ਪਾਰਟੀ ਦਾ ਇਹ ਧੜਾ ਸਮਝਦਾ ਸੀ ਕਿ ਮਨਪ੍ਰੀਤ ਦੇ ਆਉਣ ਨਾਲ ਭਗਵੰਤ ਮਾਨ ਪਾਰਟੀ ਵਿੱਚ ਭਾਰੂ ਹੋ ਜਾਵੇਗਾ। ਪਾਰਟੀ ਦੇ ਇੱਕ ਧੜੇ ਨੇ ਭਗਵੰਤ ਮਾਨ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਮਨਪ੍ਰੀਤ ਨੇ ਦਿੱਲੀ ਵਾਲਾ ਰਾਹ ਫੜ ਲਿਆ। ਕਾਂਗਰਸ ਇਸ ਗੱਲੋਂ ਕੱਛਾਂ ਵਜਾ ਰਹੀ ਹੈ ਕਿ ਉਸ ਨੇ ਬਾਦਲ ਪਰਵਾਰ ਵਿੱਚ ਸੰਨ੍ਹ ਲਗਾ ਲਈ ਹੈ ਅਤੇ ਉਸ ਨੂੰ ਬਾਦਲ ਪਰਵਾਰ ਵਿਰੁੱਧ ਬੋਲਣ ਲਈ ਘਰ ਦਾ ਭੇਤੀ ਅਤੇ ਚੰਗਾ ਬੁਲਾਰਾ ਮਿਲ ਗਿਆ। ਮਨਪ੍ਰੀਤ ਬਾਦਲ ਨੂੰ ਨਵਾਂ ਸਿਆਸੀ ਮੰਚ ਕਿੰਨਾ ਕੁ ਰਾਸ ਆਉਂਦਾ ਹੈ, ਇਹ ਸਮਾਂ ਹੀ ਦੱਸੇਗਾ। ਮਨਪ੍ਰੀਤ ਬਾਦਲ ਨੇ ਆਪਣੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਅਤੇ ਪਰਵਾਰਕ ਮੱਤਭੇਦ ਕਾਰਨ ਕੰਧ ਖੜੀ ਕਰਦਿਆਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਬਣਾ ਲਈ ਸੀ। ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾਂ ਵਿੱਚ ਸ਼ਹੀਦਾਂ ਦੀ ਮਿੱਟੀ ਦੀ ਸਹੁੰ ਚੁੱਕ ਕੇ ਬੜੇ ਜਾਹੋ-ਜਲਾਲ ਨਾਲ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਉਸ ਵੇਲੇ ਜਾਪਦਾ ਸੀ ਜਿਵੇਂ ਸਾਰਾ ਪੰਜਾਬ ਹੀ ਉਥੇ ਢੁੱਕ ਗਿਆ ਹੋਵੇ। ਪਾਰਟੀ ਦੇ ਗਠਨ ਸਮੇਂ ਮਨਪ੍ਰੀਤ ਬਾਦਲ ਨਾਲ ਜਗਬੀਰ ਬਰਾੜ, ਚਰਨਜੀਤ ਬਰਾੜ ਅਤੇ ਬਾਦਲ ਦਲ ਦੇ ਕਈ ਹੋਰ ਆਗੂ ਹਿੱਕ ਤਾਣ ਕੇ ਖੜ ਗਏ ਸਨ। ਸਿਆਸੀ ਧੱਕੋ-ਜ਼ੋਰੀ ਜਾਂ ਸਿਆਸੀ ਮਜਬੂਰੀਆਂ ਕਾਰਨ ਜਿਵੇਂ-ਜਿਵੇਂ ਆਗੂ ਸਾਥ ਛੱਡਦੇ ਗਏ, ਉਵੇਂ ਹੀ ਵਿਚਾਰਧਾਰਾ ਵਿੱਚ ਥਿੜਕਣ ਕਾਰਨ ਮਨਪ੍ਰੀਤ ਦੇ ਹੱਥਾਂ ਵਿੱਚੋਂ ਸ਼ਹੀਦਾਂ ਦੀ ਮਿੱਟੀ ਕਿਰਦੀ ਗਈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਪੀਪਲਜ਼ ਪਾਰਟੀ ਦਾ ਕਾਫੀ ਵੱਜ੍ਹਕਾ ਸੀ ਅਤੇ ਉਸ ਨੇ ਅਕਾਲੀ ਦਲ ਲੌਗੋਂਵਾਲ ਅਤੇ ਖੱਬੀਆਂ ਪਾਰਟੀਆਂ ਨਾਲ ਮੋਰਚਾ ਬਣਾ ਕੇ ਚੋਣਾਂ ਲੜੀਆਂ। ਇਹ ਗੱਠਜੋੜ ਭਾਵੇਂ 6 ਫੀਸਦੀ ਵੋਟਾਂ ਲੈ ਗਿਆ, ਪਰ ਉਸ ਦਾ ਕੋਈ ਵੀ ਆਗੂ ਵਿਧਾਨ ਸਭਾ ਦੀਆਂ ਬਰੂਹਾਂ ਨਾ ਟੱਪ ਸਕਿਆ। ਸਾਲ 1995 ਤੋਂ 2007 ਤੱਕ ਚਾਰ ਵਾਰ ਵਿਧਾਇਕ ਅਤੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਅਤੇ ਉਸ ਦੀ ਪਾਰਟੀ ਪਹਿਲੀ ਹਾਰ ਤੋਂ ਬਾਅਦ ਸਿਆਸੀ ਮੁਹਾਜ਼ ਉਪਰ ਪੈਰ ਨਾ ਲਾ ਸਕੀ। ਇੱਕ ਵਾਰੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਪ੍ਰਣਵ ਮੁਖਰਜੀ ਰਾਹੀਂ ਵੀ ਮਨਪ੍ਰੀਤ ਬਾਦਲ ਨੇ ਕਾਂਗਰਸ ਦੇ 'ਹੱਥ' ਚੜ੍ਹਨ ਦਾ ਯਤਨ ਕੀਤਾ ਸੀ, ਪਰ ਮੁਖਰਜੀ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਮਾਮਲਾ ਠੰਡਾ ਪੈ ਗਿਆ ਸੀ।