ਸੰਪਾਦਕ ਪੰਨਾ

ਸਿਆਸਤ ਦਾ ਸਿਖਾਂਦਰੂ ਕਦੋਂ ਤੱਕ ਬਣਿਆ ਰਹੇਗਾ ਕੇਜਰੀਵਾਲ?

ਭ੍ਰਿਸ਼ਟਾਚਾਰ ਦੇ ਸਤਾਏ ਹੋਏ ਭਾਰਤ ਦੇ ਲੋਕਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਭ੍ਰਿਸ਼ਟਾਚਾਰ ਦੇ ਵਿਰੋਧ ਲਈ ਮਹਾਰਾਸ਼ਟਰ ਵਿੱਚ ਮੋਰਚੇ ਲਾਉਣ ਵਾਲਾ ਅੰਨਾ ਹਜ਼ਾਰੇ ਦਿੱਲੀ ਵਿੱਚ ਮੋਰਚਾ ਲਾਉਣ ਆ ਰਿਹਾ ਹੈ ਤਾਂ ਰਾਜਧਾਨੀ ਦਿੱਲੀ ਦੇ ਲੋਕ ਉਸ ਦੇ ਪੱਖ ਵਿੱਚ ਸੜਕਾਂ ਉੱਤੇ ਉੱਤਰ ਆਏ ਸਨ। ਇਹ ਗੱਲ ਅੱਜ ਵੀ ਬਹੁਤੇ ਲੋਕ ਨਹੀਂ ਜਾਣ ਸਕੇ ਹੋਣਗੇ ਕਿ ਬਾਪੂ ਅੰਨਾ ਆਇਆ ਨਹੀਂ ਸੀ, ਉਸ ਨੂੰ ਲਿਆਂਦਾ ਗਿਆ ਸੀ ਤੇ ਲਿਆਉਣ ਵਾਲੇ ਚੁਨਿੰਦਾ ਲੋਕਾਂ ਵਿੱਚੋਂ ਇੱਕ ਦਾ ਨਾਂਅ ਅਰਵਿੰਦ ਕੇਜਰੀਵਾਲ ਸੀ। ਏਥੇ ਆਣ ਕੇ ਅੰਨਾ ਦੇ ਨਾਲ ਕਈ ਲੋਕ ਹੋਰ ਜੁੜਦੇ ਗਏ ਅਤੇ ਫਿਰ ਆਗੂਆਂ ਦਾ ਇੱਕ ਗਰੁੱਪ ਬਣ ਗਿਆ, ਜਿਸ ਨੂੰ 'ਟੀਮ ਅੰਨਾ' ਵਜੋਂ ਜਾਣਿਆ ਗਿਆ ਸੀ।

ਨਵੀਂ ਸਰਕਾਰ ਦੇ ਸਹੁੰ-ਚੁੱਕ ਸਮਾਗਮ ਦੇ ਖੱਟੇ-ਮਿੱਠੇ ਪ੍ਰਭਾਵ

ਭਾਵੇਂ ਅਸੀਂ ਇਸ ਰਾਏ ਉੱਤੇ ਖੜੇ ਹੋਈਏ ਕਿ ਨਵੀਂ ਸਰਕਾਰ ਦਾ ਕੋਈ ਤੋਲ-ਤੁਲਾਵਾ ਕਰਨ ਤੋਂ ਪਹਿਲਾਂ ਇਸ ਨੂੰ ਕੁਝ ਦਿਨ ਚੱਲਦੀ ਵੇਖਣਾ ਚਾਹੀਦਾ ਹੈ, ਪਰ ਸਹੁੰ-ਚੁੱਕ ਸਮਾਗਮ ਵਿੱਚ ਜੋ ਕੁਝ ਹੋਇਆ ਹੈ, ਉਸ ਨਾਲ ਕਈ ਗੱਲਾਂ ਇਹੋ ਜਿਹੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਚਰਚਾ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਗਵਾਂਢ ਦੇ ਦੇਸ਼ਾਂ ਨਾਲ ਉਹ ਕੂਟਨੀਤੀ ਵੀ ਸ਼ਾਮਲ ਹੈ, ਜਿਸ ਦਾ ਸਮੱਰਥਨ ਕਾਂਗਰਸ ਪਾਰਟੀ ਸਣੇ ਸਾਰੇ ਵਿਰੋਧ ਵਾਲਿਆਂ ਨੇ ਕੀਤਾ ਹੈ, ਭਾਵੇਂ ਸੰਕੋਚ ਨਾਲ ਕੀਤਾ ਹੈ, ਪਰ ਹਮਾਇਤੀ ਪਾਰਟੀਆਂ ਵਿੱਚੋਂ ਕੁਝ ਨੇ ਪਾਕਿਸਤਾਨ ਜਾਂ ਸ੍ਰੀਲੰਕਾ ਦੇ ਸਵਾਲ ਨੂੰ ਲੈ ਕੇ ਵਾਹਵਾ ਤਿੱਖਾ ਵਿਰੋਧ ਜਤਾਇਆ ਹੈ।

ਸਰਬ ਉੱਚ ਅਦਾਲਤ ਦਾ ਅੱਖਾਂ ਖੋਲ੍ਹਣ ਵਾਲਾ ਫ਼ੈਸਲਾ

ਸਾਡੇ ਦੇਸ ਵਿੱਚ ਇਹ ਚਲਣ ਦਿਨੋ-ਦਿਨ ਭਾਰੂ ਹੁੰਦਾ ਜਾ ਰਿਹਾ ਹੈ ਕਿ ਜੇ ਕੋਈ ਖ਼ਬਰ ਕਿਸੇ ਵੱਡੇ ਸਿਆਸੀ ਰਹਿ-ਨੁਮਾ ਜਾਂ ਧਨਾਢ ਵਿਅਕਤੀ ਨਾਲ ਸੰਬੰਧਤ ਹੋਵੇ ਤਾਂ ਸਾਡੇ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਏ ਦੇ ਵੱਡੇ ਹਿੱਸੇ ਉਸ ਨੂੰ ਨਸ਼ਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਜੇ ਸਮਾਜ ਦੇ ਅਣਗੌਲੇ ਤੇ ਸਾਧਨਹੀਣ ਲੋਕਾਂ ਬਾਰੇ ਕੋਈ ਅਹਿਮ ਫ਼ੈਸਲਾ ਦੇਸ ਦੀ ਸਭ ਤੋਂ ਵੱਡੀ ਅਦਾਲਤ ਲੰਮੀ-ਚੌੜੀ ਸੁਣਵਾਈ ਮਗਰੋਂ ਉਨ੍ਹਾਂ ਦੇ ਹੱਕ ਵਿੱਚ ਸਾਦਰ ਕਰੇ ਤਾਂ ਉਸ ਨੂੰ ਮੀਡੀਏ ਵੱਲੋਂ ਥਾਂ ਦੇਣੀ ਤਾਂ ਦੂਰ, ਅੱਖੋਂ ਪਰੋਖੇ ਹੀ ਕਰ ਦਿੱਤਾ ਜਾਂਦਾ ਹੈ।

ਅਸਤੀਫਾ ਸਰਵਣ ਸਿੰਘ ਫਿਲੌਰ ਦਾ

ਪਹਿਲਾਂ ਕਈ ਵਾਰੀ ਫਿਲੌਰ ਦੇ ਹਲਕੇ ਤੋਂ ਜਿੱਤਦੇ ਰਹੇ ਤੇ ਪਿਛਲੀ ਵਾਰੀ ਕਰਤਾਰਪੁਰ ਦੇ ਲੋਕਾਂ ਦੇ ਚੁਣੇ ਹੋਏ ਵਿਧਾਇਕ ਸਰਵਣ ਸਿੰਘ ਫਿਲੌਰ ਨੇ ਪੰਜਾਬ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇ ਦਿੱਤਾ ਨਾਲੋਂ ਵੱਧ ਲਿਆ ਗਿਆ ਹੈ। ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੇ ਦਿੱਲੀ ਵਿੱਚ ਬੈਠਿਆਂ ਨੇ ਸੱਦ ਕੇ ਫਿਲੌਰ ਨੂੰ ਹਦਾਇਤ ਕੀਤੀ ਅਤੇ ਉਸ ਨੇ ਅਸਤੀਫਾ ਲਿਖ ਦਿੱਤਾ। ਅਕਾਲੀ ਦਲ ਦਾ ਜਨਰਲ ਸਕੱਤਰ ਆਖ ਰਿਹਾ ਹੈ ਕਿ ਸਰਵਣ ਸਿੰਘ ਫਿਲੌਰ ਨੇ ਇਹ ਅਸਤੀਫਾ ਇਖਲਾਕੀ ਆਧਾਰ ਉੱਤੇ ਦਿੱਤਾ ਹੈ। ਉਸ ਦੀ ਗੱਲ ਮੰਨੀ ਜਾਵੇ ਤਾਂ ਇਹ ਇਖਲਾਕੀ ਆਧਾਰ ਵਾਹਵਾ ਚਿਰ ਲਾ ਕੇ ਸਰਵਣ ਸਿੰਘ ਨੂੰ ਯਾਦ ਆ ਸਕਿਆ ਹੈ।

ਸਵਾਲ ਸਹੁੰ ਚੁੱਕ ਸਮਾਗਮ ਲਈ ਨਵਾਜ਼ ਸ਼ਰੀਫ਼ ਨੂੰ ਸੱਦਾ ਦੇਣ ਦਾ

ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਮੋਦੀ ਨੂੰ ਉਸ ਦੀ ਪਾਰਟੀ ਅਤੇ ਗੱਠਜੋੜ ਵੱਲੋਂ ਆਪਣਾ ਆਗੂ ਚੁਣੇ ਜਾਣ ਪਿੱਛੋਂ ਜਦੋਂ ਰਾਸ਼ਟਰਪਤੀ ਨੇ ਵੀ ਨਿਯੁਕਤੀ ਪੱਤਰ ਦੇ ਦਿੱਤਾ ਤਾਂ ਸਹੁੰ ਚੁੱਕ ਸਮਾਗਮ ਛੱਬੀ ਨੂੰ ਕਰਨਾ ਤੈਅ ਕੀਤਾ ਗਿਆ ਹੈ। ਖ਼ਾਸ ਗੱਲ ਇਹ ਨਹੀਂ ਕਿ ਉਸ ਨੇ ਏਨੇ ਦਿਨ ਪਛੜ ਕੇ ਸਹੁੰ ਚੁੱਕਣ ਦਾ ਫ਼ੈਸਲਾ ਕਿਸ ਦੀ ਸਲਾਹ ਨਾਲ ਕਿਉਂ ਕੀਤਾ ਹੈ, ਜਿਸ ਦੇ ਪਿੱਛੇ ਮਹੂਰਤ ਦਾ ਚੱਕਰ ਦੱਸਿਆ ਜਾ ਰਿਹਾ ਹੈ, ਸਗੋਂ ਖ਼ਾਸ ਅਰਥ ਇਸ ਗੱਲ ਦਾ ਬਣ ਗਿਆ ਹੈ ਕਿ ਇਸ ਮੌਕੇ ਕੁਝ ਦੇਸ਼ਾਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ।

ਭਾਰਤ-ਅਮਰੀਕਾ ਸੰਬੰਧ ਅਤੇ ਮੋਦੀ ਦੀ ਆਮਦ

ਅਮਰੀਕਾ ਨਾਲ ਭਾਰਤ ਦੇ ਸੰਬੰਧ ਸਾਨੂੰ ਆਜ਼ਾਦੀ ਮਿਲਣ ਦੀ ਘੜੀ ਤੋਂ ਹੀ ਬਹੁਤੇ ਚੰਗੇ ਨਹੀਂ ਰਹੇ। ਹਾਲੇ ਭਾਰਤ ਸਰਕਾਰ ਨੇ ਮੁਕੰਮਲ ਕਮਾਨ ਨਹੀਂ ਸੀ ਸਾਂਭੀ ਤੇ ਸਿਰ ਉੱਤੇ ਗਵਰਨਰ ਜਨਰਲ ਮਾਊਂਟਬੈਟਨ ਬੈਠਾ ਸੀ, ਜਦੋਂ ਪਾਕਿਸਤਾਨ ਨੇ ਕਸ਼ਮੀਰ ਵਿੱਚ ਕਬਾਈਲੀਆਂ ਦੇ ਭੇਸ ਵਿੱਚ ਆਪਣੀ ਫੌਜ ਵਾੜ ਦਿੱਤੀ ਸੀ। ਓਦੋਂ ਯੂ ਐੱਨ ਵਿੱਚ ਇਹ ਮਸਲਾ ਉੱਠਿਆ ਤੇ ਇਸ ਪਹਿਲੀ ਪਰਖ ਦੇ ਮੌਕੇ ਹੀ ਅਮਰੀਕਾ ਦੀ ਸਰਕਾਰ ਨੇ ਭਾਰਤ ਦਾ ਸਾਥ ਨਾ ਦੇ ਕੇ ਪਾਕਿਸਤਾਨ ਦੀ ਪਿੱਠ ਪਲੋਸੀ ਸੀ ਤੇ ਮੁੱਦੇ ਨੂੰ ਏਨਾ ਉਲਝਾਇਆ ਸੀ ਕਿ ਅੱਜ ਤੱਕ ਇਸ ਦਾ ਕੋਈ ਵਾਜਬ ਹੱਲ ਨਹੀਂ ਨਿਕਲ ਸਕਿਆ। ਬਾਅਦ ਦੇ ਸਾਲਾਂ ਵਿੱਚ ਵੀ ਉਹ ਪਾਕਿਸਤਾਨ ਨੂੰ ਭਾਰਤ ਵਿਰੁੱਧ ਚੁੱਕਦਾ ਰਿਹਾ ਸੀ।

ਕਾਂਗਰਸ ਨੂੰ ਚਿੰਤਨ ਦੀ ਲੋੜ

ਇਸ ਵਾਰ ਦੀਆਂ ਆਮ ਚੋਣਾਂ ਵਿੱਚ ਵੋਟਰ ਭਗਵਾਨ ਨੇ ਕੁੱਲ ਹਿੰਦ ਕਾਂਗਰਸ ਨੂੰ ਨਹੀਂ, ਸਗੋਂ ਪਰਵਾਰਵਾਦ ਤੇ ਵਿਅਕਤੀਵਾਦ ਉੱਤੇ ਆਧਾਰਤ ਤੇ ਸੰਚਾਲਤ ਰਾਜਸੀ ਪਾਰਟੀਆਂ ਨੂੰ ਉਨ੍ਹਾਂ ਦੀ ਆਪਣੀ ਔਕਾਤ ਦੇ ਦਰਸ਼ਨ ਕਰਵਾ ਦਿੱਤੇ ਹਨ। ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਚੱਲਣ ਵਾਲੀ ਕਾਂਗਰਸ ਨੂੰ ਇਸ ਵਾਰ 19.3 ਫ਼ੀਸਦੀ ਵੋਟ ਹਾਸਲ ਹੋਏ ਹਨ ਤੇ ਸੀਟਾਂ ਦੀ ਗਿਣਤੀ 44 ਤੱਕ ਸਿਮਟ ਗਈ ਹੈ।

ਤਲਖ ਹਕੀਕਤਾਂ ਦੇ ਰੂਬਰੂ ਪੰਜਾਬ ਭਾਜਪਾ

ਸੋਲ੍ਹਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦਾ ਫਤਵਾ ਸਾਹਮਣੇ ਆ ਚੁੱਕਾ ਹੈ। ਜਿੱਤਣ ਵਾਲੇ ਉਮੀਦਵਾਰ ਤੇ ਧਿਰਾਂ ਖੁਸ਼ੀ ਵਿੱਚ ਖੀਵੇ ਹੋਏ ਫਿਰਦੇ ਹਨ, ਪਰ ਸਾਡੇ ਰਾਜ ਪੰਜਾਬ ਵਿੱਚ ਨਾ ਰਾਜ ਸਰਕਾਰ ਦੀ ਕਾਰਗੁਜ਼ਾਰੀ ਦੇ ਦਾਅਵੇ ਹਕੀਕਤਾਂ ਵਿੱਚ ਬਦਲ ਸਕੇ ਹਨ ਤੇ ਨਾ ਹੀ ਮੋਦੀ ਦੀ ਲਹਿਰ ਆਪਣਾ ਰੰਗ ਵਿਖਾ ਸਕੀ ਹੈ। ਨਰਿੰਦਰ ਮੋਦੀ ਦੇ ਨਿਕਟਤਮ ਸਾਥੀ ਤੇ ਰਾਜ ਸਭਾ ਵਿੱਚ ਵਿਰੋਧ ਦੇ ਆਗੂ ਅਰੁਣ ਜੇਤਲੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ਾਸਨ ਦੀ ਮੁੱਖ ਧਿਰ ਅਕਾਲੀ ਦਲ ਦੀਆਂ ਆਸਾਂ ਨੂੰ ਵੀ ਚਾਹਤ ਅਨੁਸਾਰ ਬੂਰ ਨਹੀਂ ਪਿਆ।

ਵਧਾਈ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕਾਂ ਨੂੰ

ਇੱਕ ਸੌ ਪੰਝੀ ਕਰੋੜ ਨਾਗਰਿਕਾਂ ਦੇ ਦੇਸ਼ ਅਤੇ ਇਕਾਸੀ ਕਰੋੜ ਤੋਂ ਵੱਧ ਵੋਟਰਾਂ ਵਾਲੇ ਲੋਕਤੰਤਰ ਭਾਰਤ ਦੇ ਲੋਕਾਂ ਲਈ ਇੱਕ ਨਵੀਂ ਪਾਰਲੀਮੈਂਟ ਦੀ ਚੋਣ ਸਿਰੇ ਚੜ੍ਹ ਗਈ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਇਕੱਠਾ ਹੋਇਆ ਕੌਮੀ ਜਮਹੂਰੀ ਗੱਠਜੋੜ ਦਸ ਸਾਲਾਂ ਬਾਅਦ ਇੱਕ ਵਾਰੀ ਫਿਰ ਭਾਰਤ ਦੀ ਅਗਵਾਈ ਕਰਨ ਦੇ ਲਈ ਲੋਕਾਂ ਨੇ ਹੱਕਦਾਰ ਮੰਨ ਲਿਆ ਹੈ। ਜਿਹੜੇ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦਾ ਗਠਨ ਦਸ ਸਾਲ ਪਹਿਲਾਂ ਕੀਤਾ ਗਿਆ ਸੀ ਤੇ ਬਦਲੇ ਹੋਏ ਰੂਪ ਵਿੱਚ ਇੱਕ ਵਾਰੀ ਫਿਰ ਵੀ ਇਹ ਜਿੱਤ ਗਿਆ ਸੀ, ਉਹ ਤੀਸਰੀ ਵਾਰੀ ਜਿੱਤ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ। ਬਹੁਤ ਬੁਰੀ ਹਾਰ ਦਾ ਉਸ ਨੂੰ ਸਾਹਮਣਾ ਕਰਨਾ ਪਿਆ ਹੈ।

ਹਾਰ ਦੇ ਅਗਾਊਂ ਪ੍ਰਭਾਵ ਹੇਠ ਆਈ ਕਾਂਗਰਸ

ਨਤੀਜੇ ਆਉਣ ਤੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੋਂ ਵੀ ਪਹਿਲਾਂ ਪ੍ਰਧਾਨ ਮੰਤਰੀ ਵਾਲਾ ਘਰ ਛੱਡਣ ਨੂੰ ਕਾਹਲੇ ਪਏ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੱਲ੍ਹ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਬਾਕੀ ਪਾਰਟੀ ਆਗੂਆਂ ਨੇ ਵਿਦਾਇਗੀ ਖਾਣਾ ਖੁਆ ਦਿੱਤਾ ਹੈ। ਇਸ ਤੋਂ ਪਹਿਲਾਂ ਖ਼ੁਦ ਪ੍ਰਧਾਨ ਮੰਤਰੀ ਨੇ ਵੀ ਆਪਣੇ ਦਫ਼ਤਰ ਵਿਚਲੇ ਸਾਰੇ ਸਹਿਯੋਗੀਆਂ ਅਤੇ ਹੇਠਲੇ ਸਟਾਫ ਦੇ ਕਰਮਚਾਰੀਆਂ ਨੂੰ ਚਾਹ ਪਿਆ ਦਿੱਤੀ ਸੀ। ਇਹ ਪਤਾ ਹੀ ਹੈ ਕਿ ਅਗਲੀ ਸਰਕਾਰ ਹੋਰ ਕਿਸੇ ਦੀ ਵੀ ਬਣ ਜਾਵੇ, ਕਾਂਗਰਸ ਪਾਰਟੀ ਦੀ ਅਗਵਾਈ ਹੇਠ ਬਣਨ ਦੇ ਕੋਈ ਆਸਾਰ ਨਹੀਂ ਰਹਿ ਗਏ। ਇਸ ਕਰ ਕੇ ਇਹ ਰਸਮਾਂ ਹੁਣੇ ਭੁਗਤਾ ਦਿੱਤੀਆਂ ਗਈਆਂ ਹਨ।

ਭਾਜਪਾ ਲੀਡਰਸ਼ਿਪ ਲਈ ਸੋਚਣ ਦੀ ਘੜੀ

ਜਦੋਂ ਭਾਰਤ ਦੇ ਲੋਕ ਇਹ ਵੇਖ ਰਹੇ ਹਨ ਕਿ ਅਗਲੇ ਪੰਜ ਸਾਲ ਦੇਸ਼ ਵਿੱਚ ਸਰਕਾਰ ਦੀ ਅਗਵਾਈ ਕਿਸ ਦੇ ਹੱਥ ਹੋਵੇਗੀ ਅਤੇ ਲੱਗਭੱਗ ਸਾਰੇ ਮੀਡੀਆ ਚੈਨਲ ਇਹ ਅੰਦਾਜ਼ੇ ਪੇਸ਼ ਕਰ ਰਹੇ ਹਨ ਕਿ ਭਾਜਪਾ ਲੀਡਰਸ਼ਿਪ ਦੇ ਕਿਸੇ ਰੁਕਨ ਦੇ ਹੱਥ ਕਮਾਨ ਹੋਣੀ ਹੈ, ਓਦੋਂ ਭਾਜਪਾ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।

ਸਿਆਸੀ ਮਾਹੌਲ ਨੂੰ ਸੁਖਾਵਾਂ ਰਹਿਣ ਦਿਓ

ਅਸੀਂ ਇਸ ਵਕਤ ਇੱਕ ਕੇਂਦਰੀ ਸਰਕਾਰ ਦੇ ਜਾਣ ਅਤੇ ਦੂਸਰੀ ਦੇ ਆਉਣ ਵਾਲੇ ਦੁਮੇਲ ਉੱਤੇ ਖੜੇ ਹਾਂ ਤੇ ਇਹ ਬੜਾ ਨਾਜ਼ਕ ਸਮਾਂ ਹੁੰਦਾ ਹੈ। ਕਈ ਗੱਲਾਂ ਵਿੱਚ ਜਾਣ ਵਾਲੀ ਧਿਰ ਤੇ ਨਵੀਂ ਆਉਣ ਵਾਲੀ ਰਾਜਸੀ ਧਿਰ ਦਾ ਆਪੋ ਵਿੱਚ ਮੱਤਭੇਦ ਹੋ ਸਕਦਾ ਹੈ। ਸਰਕਾਰ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਦੀ ਅਗਵਾਈ ਵਾਲੀ ਜਾਂ ਫਿਰ ਕਿਸੇ ਤੀਸਰੇ ਗੱਠਜੋੜ ਦੀ, ਜਿਸ ਦੀ ਸੰਭਾਵਨਾ ਹਾਲੇ ਵੀ ਖਤਮ ਨਹੀਂ ਹੋਈ

ਗ਼ੈਰ-ਬੈਂਕਿੰਗ ਖੇਤਰ ਨੂੰ ਜ਼ਾਬਤੇ 'ਚ ਲਿਆਓ

ਸਾਡੇ ਦੇਸ ਦੇ ਤਿੰਨ ਅਖੌਤੀ ਧੰਨਾਂ-ਸੇਠ ਸੁਦੀਪਤੋ ਸੇਨ, ਸਹਾਰਾ ਗਰੁੱਪ ਦੇ ਮੁਖੀ ਸੁਬਰੋਤੋ ਰਾਏ ਤੇ ਨੈਸ਼ਨਲ ਸਪੌਟ ਐਕਸਚੇਂਜ ਲਿਮਟਿਡ ਦੇ ਕਰਤੇ-ਧਰਤੇ ਜਗਨੇਸ਼ ਸ਼ਾਹ ਇਸ ਸਮੇਂ ਸਰਕਾਰੀ ਮਹਿਮਾਨ ਬਣ ਕੇ ਜੇਲ੍ਹ ਦੀਆਂ ਰੋਟੀਆਂ ਛਕ ਰਹੇ ਹਨ। ਇਹਨਾਂ ਤਿੰਨਾਂ ਨੇ ਹੀ ਗ਼ੈਰ-ਬੈਂਕਿੰਗ ਕੰਪਨੀਆਂ ਲਈ ਘੜੇ ਗਏ ਨਿਰਜੀਵ ਜ਼ਾਬਤੇ ਦਾ ਲਾਹਾ ਲੈਂਦਿਆਂ ਸਧਾਰਨ ਲੋਕਾਂ ਕੋਲੋਂ ਅਰਬਾਂ ਰੁਪਏ ਦੀਆਂ ਰਕਮਾਂ ਇਕੱਠੀਆਂ ਕੀਤੀਆਂ ਸਨ। ਜਦੋਂ ਇਹਨਾਂ ਵੱਲੋਂ ਖਾਤੇਦਾਰਾਂ ਦੀਆਂ ਜਮ੍ਹਾਂ ਰਕਮਾਂ ਵਾਪਸ ਕਰਨ ਦਾ ਸਮਾਂ ਆਇਆ ਤਾਂ ਇਹ ਧੋਖਾਧੜੀ ਉੱਤੇ ਉੱਤਰ ਆਏ।

ਫਿਰ ਗੁਣਾ ਪੈ ਸਕਦਾ ਹੈ ਕਿਸੇ ਦੇਵਗੌੜਾ ਜਾਂ ਕਿਸੇ ਗੁਜਰਾਲ ਦਾ

ਜਿਉਂ-ਜਿਉਂ ਚੋਣਾਂ ਵਾਲਾ ਆਖਰੀ ਗੇੜ ਨੇੜੇ ਆਉਂਦਾ ਗਿਆ, ਦੇਸ਼ ਦੀ ਅਗਲੀ ਸਰਕਾਰ ਦਾ ਮੂੰਹ-ਮੱਥਾ ਡੌਲਣ ਬਾਰੇ ਚਰਚਾ ਵੀ ਤੇਜ਼ ਹੁੰਦੀ ਗਈ ਹੈ। ਹੁਣ ਲਗਭਗ ਸਿਰੇ ਉੱਤੇ ਕੰਮ ਪੁੱਜਾ ਪਿਆ ਹੈ। ਸਿਰਫ ਇਕਤਾਲੀ ਹਲਕਿਆਂ ਦੀਆਂ ਵੋਟਾਂ ਪੈਣੀਆਂ ਬਾਕੀ ਰਹਿੰਦੀਆਂ ਹਨ ਤੇ ਉਹ ਸੋਮਵਾਰ ਨੂੰ ਪੈ ਜਾਣੀਆਂ ਹਨ। ਫਿਰ ਗਿਣਨ ਦਾ ਕੰਮ ਬਾਕੀ ਰਹਿ ਜਾਵੇਗਾ, ਜਿਹੜਾ ਸ਼ੁੱਕਵਾਰ ਨੂੰ ਹੋ ਕੇ ਅਗਲੇ ਹਫਤੇ ਦੇ ਅੰਤ ਤੱਕ ਭਾਰਤ ਦੀ ਸਿਆਸੀ ਸਥਿਤੀ ਨੂੰ ਸਪੱਸ਼ਟ ਕਰ ਦੇਵੇਗਾ। ਇਸ ਵੇਲੇ ਤੱਕ ਏਨਾ ਤਾਂ ਸਾਫ ਹੈ ਕਿ ਹੁਣ ਵਾਲੀ ਸਰਕਾਰ ਨਹੀਂ ਰਹਿਣੀ। ਫਿਰ ਇਸ ਦੀ ਥਾਂ ਬਣਨੀ ਕਿਹੜੀ ਹੈ, ਇਸ ਦੇ ਕੋਈ ਸਪੱਸ਼ਟ ਸੰਕੇਤ ਨਾ ਹੋਣ ਨੇ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ।

ਇਹ ਫੈਸਲਾ ਵੀ ਸਵਾਗਤ ਯੋਗ

ਕਈ ਮਾਮਲਿਆਂ ਵਿੱਚ ਦੇਸ਼ ਨੂੰ ਸੁਚਾਰੂ ਲੀਹਾਂ ਉੱਤੇ ਚਲਾਉਣ ਵਾਲੇ ਫੈਸਲੇ ਦੇਣ ਲਈ ਜਾਣੀ ਜਾਂਦੀ ਸਾਡੀ ਸਭ ਤੋਂ ਵੱਡੀ ਅਦਾਲਤ ਨੇ ਕੱਲ੍ਹ ਇੱਕ ਹੋਰ ਇਹੋ ਜਿਹਾ ਫੈਸਲਾ ਦਿੱਤਾ ਹੈ, ਜਿਸ ਦਾ ਹਰ ਕਿਸੇ ਵੱਲੋਂ ਸਵਾਗਤ ਕੀਤਾ ਜਾਣਾ ਬਣਦਾ ਹੈ। ਇਹ ਫੈਸਲਾ ਵੱਡੇ ਅਫਸਰਾਂ ਖਿਲਾਫ ਜਾਂਚ ਨਾਲ ਸੰਬੰਧਤ ਹੈ। ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈ ਕਿ ਕਿਸੇ ਵੀ ਵੱਡੇ ਅਫਸਰ ਦੇ ਖਿਲਾਫ ਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਾਂਚ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਲਈ ਕਿਸੇ ਯੋਗ ਅਥਾਰਟੀ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ। ਜਾਂਚ ਏਜੰਸੀ ਇਹੋ ਜਿਹੇ ਕੇਸਾਂ ਵਿੱਚ ਆਪਣੇ ਤੌਰ ਉੱਤੇ ਇਹ ਜਾਂਚ ਸ਼ੁਰੂ ਕਰਨ ਲਈ ਆਜ਼ਾਦ ਹੋਵੇਗੀ।

ਮਾਮਲਾ ਚੋਣ ਜ਼ਾਬਤੇ ਤੇ ਕਨੂੰਨ ਦੀ ਉਲੰਘਣਾ ਦਾ

ਇੰਜ ਜਾਪਦਾ ਹੈ ਕਿ ਭਾਜਪਾ ਅਤੇ ਉਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਨਰਿੰਦਰ ਮੋਦੀ ਨੇ ਦਿੱਲੀ ਦੀ ਸੱਤਾ 'ਤੇ ਬਿਰਾਜਮਾਨ ਹੋਣ ਲਈ ਸਾਰੀਆਂ ਸੰਵਿਧਾਨਕ ਤੇ ਜਮਹੂਰੀ ਪ੍ਰੰਪਰਾਵਾਂ ਨੂੰ ਛਿੱਕੇ 'ਤੇ ਟੰਗਣ ਦਾ ਰਾਹ ਅਪਣਾ ਲਿਆ ਹੈ। ਨਾਅਰਾ ਤਾਂ ਮੋਦੀ ਇਹ ਲਾਉਂਦਾ ਹੈ ਕਿ ਮੈਨੂੰ 60 ਮਹੀਨੇ ਦਾ ਰਾਜਭਾਗ ਸੌਂਪੋ, ਮੈਂ ਦੇਸ ਦੀ ਨੁਹਾਰ ਬਦਲ ਕੇ ਰੱਖ ਦਿਆਂਗਾ।

ਕੋਝੀ ਸਿਆਸਤ ਤੋਂ ਗੁਰੇਜ਼ ਕਰੋ

ਹਾਲੇ ਸੋਲ੍ਹਵੀਂ ਲੋਕ ਸਭਾ ਲਈ ਚੋਣਾਂ ਦਾ ਅਮਲ ਪੂਰਾ ਨਹੀਂ ਹੋਇਆ, ਪਰ ਜਾਪਦਾ ਇੰਜ ਹੈ ਕਿ ਕੁਝ ਸ਼ਰਾਰਤੀ ਅਨਸਰ ਦੇਸ ਦੇ ਪੁਰਅਮਨ ਮਾਹੌਲ ਨੂੰ ਗੰਧਲਾ ਕਰਨ ਦੇ ਆਹਰ ਵਿੱਚ ਜੁੱਟ ਗਏ ਹਨ। ਇਸ ਕੋਝੇ ਕਾਰਜ ਵਿੱਚ ਕੁਝ ਅਹਿਮ ਕਹਾਉਂਦੇ ਸਿਆਸੀ ਆਗੂ ਵੀ ਆਪਣੀ ਬੋਲ-ਬਾਣੀ ਰਾਹੀਂ ਆਪਣਾ ਹਿੱਸਾ ਜਾਣੇ-ਅਣਜਾਣੇ ਪਾ ਰਹੇ ਲੱਭਦੇ ਹਨ। ਇਸ ਦੇ ਕੁਝ ਪ੍ਰਮਾਣ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਹੱਦਾਂ ਵਿੱਚ ਰਹਿਣ ਪਾਕਿਸਤਾਨ ਦੇ ਜਰਨੈਲ ਤੇ ਲੀਡਰ

ਪਾਕਿਸਤਾਨ ਦੀ ਫ਼ੌਜ ਦਾ ਮੌਜੂਦਾ ਮੁਖੀ ਵੀ ਕੁਝ ਪਹਿਲਿਆਂ ਵਾਂਗ ਮੀਡੀਏ ਵਿੱਚ ਰਹਿਣ ਦਾ ਵਾਹਵਾ ਚੋਖਾ ਸ਼ੌਕ ਰੱਖਦਾ ਜਾਪਦਾ ਹੈ। ਉਹ ਕਿਸੇ ਨਾ ਕਿਸੇ ਬਹਾਨੇ ਖ਼ਬਰ ਬਣਾ ਛੱਡਦਾ ਹੈ।rnਪਿਛਲੇ ਮਹੀਨੇ ਜਨਰਲ ਰਾਹੀਲ ਸ਼ਰੀਫ਼ ਨੇ ਇੱਕ ਦਿਨ ਆਪਣੇ ਦੇਸ਼ ਦੀ ਸਰਕਾਰ ਨੂੰ ਇਹ ਦਬਕਾ ਦਾਗ ਕੇ ਖ਼ਬਰ ਬਣਾਈ ਸੀ ਕਿ ਫ਼ੌਜ ਆਪਣੀ ਸ਼ਾਨ ਦੀ ਰਾਖੀ ਕਰਨਾ ਜਾਣਦੀ ਹੈ।

ਸ਼ਹੀਦ ਦੀ ਸ਼ਾਨ ਵਿੱਚ ਗੁਸਤਾਖੀ

ਅੱਜ ਦਾ ਨਰਿੰਦਰ ਮੋਦੀ ਉਹ ਨਰਿੰਦਰ ਮੋਦੀ ਨਹੀਂ, ਜਿਹੜਾ ਕਦੀ ਪਹਿਲਾਂ ਹਰਿਆਣੇ ਦੀ ਭਾਰਤੀ ਜਨਤਾ ਪਾਰਟੀ ਦਾ ਇੰਚਾਰਜ ਹੁੰਦਾ ਸੀ ਤੇ ਓਮ ਪ੍ਰਕਾਸ਼ ਚੌਟਾਲਾ ਨੇ ਗੱਲਬਾਤ ਇਹ ਕਹਿ ਕੇ ਤੋੜ ਦਿੱਤੀ ਸੀ ਕਿ ਇਸ ਨੂੰ ਬਾਹਰ ਕੱਢੇ ਬਿਨਾਂ ਚੋਣ ਸਮਝੌਤਾ ਹੀ ਨਹੀਂ ਕਰਨਾ। ਫਿਰ ਉਹ ਪੰਜਾਬ ਦੀ ਭਾਜਪਾ ਦਾ ਇੰਚਾਰਜ ਵੀ ਰਿਹਾ। ਉਸ ਦੇ ਬਾਅਦ ਗੁਜਰਾਤ ਦੇ ਭਾਜਪਾ ਆਗੂਆਂ ਦੀ ਆਪਸੀ ਖਹਿਬੜ ਏਨੀ ਵਧ ਗਈ ਕਿ ਇਸ ਵਿੱਚੋਂ ਨਰਿੰਦਰ ਮੋਦੀ ਦਾ ਮੁੱਖ ਮੰਤਰੀ ਬਣਨ ਦਾ ਦਾਅ ਲੱਗ ਗਿਆ ਸੀ। ਬਾਅਦ ਵਿੱਚ ਇਹ ਆਸ ਰੱਖੀ ਜਾਂਦੀ ਸੀ ਕਿ ਉਹ ਅਹੁਦੇ ਦੀ ਸ਼ਾਨ ਦੇ ਮੁਤਾਬਕ ਪਰਪੱਕ ਵਿਹਾਰ ਕਰੇਗਾ, ਪਰ ਗੁਜਰਾਤ ਵਿੱਚ ਹੋਏ ਦੰਗਿਆਂ ਤੇ ਉਸ ਦੇ ਪਿੱਛੋਂ ਦੇ ਵਿਹਾਰ ਤੋਂ ਗੰਭੀਰ ਲੋਕਾਂ ਨੂੰ ਇਹ ਜਾਪਣ ਲੱਗ ਪਿਆ ਕਿ ਇਹ ਬੰਦਾ ਅਹੁਦੇ ਦੇ ਹਾਣ ਦਾ ਨਹੀਂ ਹੈ।

ਆਓ ਹੁਣ ਵੋਟਾਂ ਵਾਲੀ ਕੌੜ ਛੱਡੀਏ

ਦੇਸ਼ ਦੀ ਪਾਰਲੀਮੈਂਟ ਲਈ ਵੋਟਾਂ ਪਾਉਣ ਦਾ ਕੰਮ ਬਾਕੀ ਦੇਸ਼ ਵਿੱਚ ਹਾਲੇ ਕਈ ਥਾਂਈਂ ਅਜੇ ਦੋ ਹੋਰ ਗੇੜ ਚੱਲਣ ਦੇ ਬਾਅਦ ਪੂਰਾ ਹੋਣਾ ਹੈ, ਪਰ ਪੰਜਾਬ ਵਿੱਚ ਅੱਜ ਇਹ ਸਿਰੇ ਚੜ੍ਹ ਗਿਆ ਹੈ। ਕਿੰਨੇ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਤੇ ਕਿੰਨਿਆਂ ਨੇ ਇਸ ਦੀ ਲੋੜ ਨਹੀਂ ਸਮਝੀ, ਇਹ ਵੇਰਵੇ ਵੀਰਵਾਰ ਸਵੇਰ ਤੱਕ ਸਾਡੇ ਲੋਕਾਂ ਤੱਕ ਪਹੁੰਚ ਜਾਣਗੇ। ਇਸ ਦੇ ਬਾਵਜੂਦ ਇੱਕ ਧੁੜਕੂ ਲੱਗਾ ਰਹੇਗਾ। ਹਰ ਕੋਈ ਆਪਣੀ ਪਸੰਦ ਦੀ ਪਾਰਟੀ ਜਾਂ ਉਮੀਦਵਾਰ ਦੀ ਜਿੱਤ ਦੀ ਆਸ ਵਿੱਚ ਆਉਂਦੀ ਸੋਲਾਂ ਮਈ ਦਾ ਦਿਨ ਉਡੀਕੇਗਾ ਤੇ ਸਿਆਸੀ ਪਾਰਟੀਆਂ ਦੇ ਆਗੂ ਉਸ ਦਿਨ ਤੱਕ ਸਿਰਫ ਔਂਸੀਆਂ ਨਹੀਂ ਪਾਉਣਗੇ, ਪਾਂਧਿਆਂ ਤੋਂ ਪੁੱਛਣ ਵੀ ਜਾਣਗੇ।