Latest News
ਕਾਮਰੇਡ ਜਗਮੋਹਣ ਕੌਸ਼ਲ ਨਹੀਂ ਰਹੇ

Published on 26 Nov, 2016 11:47 AM.


ਬਠਿੰਡਾ (ਬਖਤੌਰ ਢਿੱਲੋਂ)
ਪ੍ਰਸਿੱਧ ਸਿੱਖਿਆ ਸ਼ਾਸਤਰੀ, ਲੋਕ ਘੋਲਾਂ ਦੇ ਨਾਇਕ, ਪ੍ਰਤੀਬੱਧ ਕਮਿਊਨਿਸਟ, ਟੀਚਰਜ਼ ਹੋਮ ਦੇ ਬਾਨੀਆਂ 'ਚੋਂ ਇੱਕ ਅਤੇ ਮੈਗਜ਼ੀਨ ਸਹੀ ਬੁਨਿਆਦ ਦੇ ਮੁੱਖ ਸੰਪਾਦਕ ਕਾ: ਜਗਮੋਹਣ ਕੌਸ਼ਲ ਅੱਜ ਸਦਾ ਲਈ ਵਿਛੋੜਾ ਦੇ ਗਏ। ਸੀ ਪੀ ਆਈ ਦੇ ਸੂਬਾ ਸਕੱਤਰ ਕਾ: ਹਰਦੇਵ ਅਰਸ਼ੀ ਨੇ ਦੁਖੀ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਹਨਾਂ ਦੇ ਅਕਾਲ ਚਲਾਣੇ 'ਤੇ ਡਾਢਾ ਅਫਸੋਸ ਜ਼ਾਹਰ ਕੀਤਾ।
ਸ਼ਹਿਰ ਦੀ ਅਹਿਮ ਸ਼ਖਸੀਅਤ ਕਾ: ਜਗਮੋਹਣ ਕੌਸ਼ਲ ਜੋ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀਂ ਸਨ, ਪਿਛਲੇ ਕੁਝ ਅਰਸੇ ਤੋਂ ਬੀਮਾਰ ਚਲੇ ਆ ਰਹੇ ਸਨ। ਇਲਾਜ ਲਈ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਾਢੇ ਤਿੰਨ ਵਜੇ ਦੇ ਕਰੀਬ ਉਹਨਾਂ ਨੇ ਅੰਤਿਮ ਸਾਹ ਲਿਆ। ਕਾ: ਜਗਮੋਹਣ ਕੌਸ਼ਲ ਬਚਪਣ ਤੋਂ ਹੀ ਰੰਗਮੰਚ ਨਾਲ ਜੁੜ ਗਏ ਸਨ, ਇੱਕ ਅਧਿਆਪਕ ਵਜੋਂ ਜਿੱਥੇ ਉਹਨਾਂ ਆਪਣੇ ਵਿਦਿਆਰਥੀਆਂ ਨੂੰ ਸਕੂਲੀ ਵਿੱਦਿਆ ਦਾ ਗਿਆਨ ਦਿੱਤਾ, ਉੱਥੇ ਨੈਤਿਕ ਸਿੱਖਿਆ ਨੂੰ ਹਮੇਸ਼ਾ ਅਹਿਮੀਅਤ ਦਿੱਤੀ।
ਕਾ: ਕੌਸ਼ਲ ਮੁੱਢਲੇ ਦੌਰ ਵਿੱਚ ਹੀ ਟਰੇਡ ਯੂਨੀਅਨ ਲਹਿਰ ਨਾਲ ਜੁੜ ਗਏ ਸਨ, ਉਹ ਬਠਿੰਡਾ ਦੇ ਟੀਚਰਜ਼ ਹੋਮ ਦੇ ਬਾਨੀਆਂ 'ਚੋਂ ਇੱਕ ਸਨ।
ਸਾਹਿਤਕ ਰੁਚੀਆਂ ਦੇ ਮਾਲਕ ਸ੍ਰੀ ਕੌਸ਼ਲ ਫਰੀਦਕੋਟ, ਬਠਿੰਡਾ ਅਤੇ ਮਾਨਸਾ 'ਤੇ ਅਧਾਰਤ ਪੁਰਾਤਨ ਬਠਿੰਡਾ ਜ਼ਿਲ੍ਹੇ ਦੀ ਟੀਚਰਜ਼ ਯੂਨੀਅਨ ਦੇ ਚੁਣੇ ਹੋਏ ਪ੍ਰਧਾਨ ਰਹੇ ਹਨ। ਉਹਨਾਂ ਦਾ ਸ਼ੁਮਾਰ ਪੰਜਾਬ ਦੇ ਪ੍ਰਤੀਬੱਧ ਕਮਿਊਨਿਸਟ ਆਗੂਆਂ ਵਿੱਚ ਹੁੰਦਾ ਸੀ। ਕਾ: ਕੌਸ਼ਲ ਨੂੰ ਪਦਮਸ੍ਰੀ ਗੁਰਦਿਆਲ ਸਿੰਘ ਅਤੇ ਸਾਹਿਤਕ ਅਕਾਦਮੀ ਪੁਰਸਕਾਰ ਪ੍ਰਾਪਤ ਪ੍ਰਸਿੱਧ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਵਰਗੇ ਸਿਰਮੌਰ ਪੰਜਾਬੀ ਸਾਹਿਤਕਾਰਾਂ ਦੇ ਨਿੱਜੀ ਦੋਸਤ ਹੋਣ ਦਾ ਮਾਣ ਪ੍ਰਾਪਤ ਸੀ। ਹਾਲਾਂਕਿ ਉਹਨਾਂ ਦੇ ਵੱਡੇ ਪੁੱਤਰ ਰਾਹੁਲ ਕੌਸ਼ਲ ਜੋ ਖੁਦ ਵੀ ਮੰਨੇ ਹੋਏ ਰੰਗਕਰਮੀ ਸਨ, ਦੀ ਇੱਕ ਹਾਦਸੇ ਵਿੱਚ ਹੋਈ ਅਚਨਚੇਤ ਮੌਤ ਨੇ ਕਾ: ਕੌਸ਼ਲ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ, ਪਰ ਉਹ ਆਪਣੀਆਂ ਟਰੇਡ ਯੂਨੀਅਨ, ਸਾਹਿਤਕ ਅਤੇ ਸਮਾਜਿਕ ਜ਼ੁੰਮੇਵਾਰੀਆਂ ਅੰਤਿਮ ਸਮੇਂ ਤੱਕ ਨਿਭਾਉਂਦੇ ਰਹੇ। ਕਾ: ਕੌਸ਼ਲ ਦੀ ਧਰਮਪਤਨੀ ਸ੍ਰੀਮਤੀ ਇੰਦਰਾ ਕੌਸ਼ਲ ਤੇ ਉਹਨਾਂ ਦੇ ਛੋਟੇ ਪੁੱਤਰ ਵਿਕਾਸ ਅਤੇ ਸਮੁੱਚੇ ਪਰਵਾਰ ਨੇ ਆਖਰੀ ਸਮੇਂ ਤੱਕ ਉਹਨਾਂ ਦੀ ਸੇਵਾ ਸੰਭਾਲ ਕੀਤੀ।
ਕਾ: ਕੌਸ਼ਲ ਦੀ ਮੌਤ 'ਤੇ ਡਾਢਾ ਦੁੱਖ ਪ੍ਰਗਟ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾ: ਹਰਦੇਵ ਅਰਸ਼ੀ ਨੇ ਕਿਹਾ ਕਿ ਉਹਨਾਂ ਦੇ ਚਲੇ ਜਾਣ ਨਾਲ ਟਰੇਡ ਯੂਨੀਅਨ ਅਤੇ ਖੱਬੀ ਲਹਿਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅਰਸ਼ੀ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਐਤਵਾਰ 11 ਵਜੇ ਡੀ ਏ ਵੀ ਕਾਲਜ ਦੇ ਨਜ਼ਦੀਕ ਸਥਿਤ ਸਮਸਾਨ ਘਾਟ ਵਿਖੇ ਹੋਵੇਗਾ।
'ਨਵਾਂ ਜ਼ਮਾਨਾ' ਦੇ ਸੰਪਾਦਕ ਜਤਿੰਦਰ ਪਨੂੰ ਨੇ ਵੀ ਕਾਮਰੇਡ ਕੌਸ਼ਲ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਸਾਹਿਤ ਸਭਾ ਰਜਿ: ਦੇ ਪ੍ਰਧਾਨ ਜਸਪਾਲ ਮਾਨਖੇੜਾ, ਸਰਪ੍ਰਸਤ ਗੁਰਦੇਵ ਖੋਖਰ, ਰਣਬੀਰ ਰਾਣਾ, ਕਹਾਣੀਕਾਰ ਅਤਰਜੀਤ, ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਬੱਗਾ ਸਿੰਘ, ਪਿੰ੍ਰ: ਰਣਜੀਤ ਸਿੰਘ, ਸੀ ਪੀ ਐਮ ਦੇ ਜ਼ਿਲ੍ਹਾ ਸਕੱਤਰ ਹਰਬੰਸ ਸਿੰਘ, ਹਰਮੰਦਰ ਸਿੰਘ ਢਿੱਲੋਂ, ਸੱਤਪਾਲ ਭਾਰਤੀ, ਆਰ ਐਮ ਪੀ ਆਈ ਦੇ ਸੀਨੀਅਰ ਆਗੂ ਕਾ: ਮਹੀਪਾਲ ਨੇ ਵੀ ਕਾ: ਕੌਸ਼ਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

1089 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper