Latest News
ਕੈਪਟਨ ਪਾਣੀਆਂ ਬਾਰੇ 12 ਸਾਲ ਪੁਰਾਣੇ ਆਪਣੇ ਫੈਸਲੇ 'ਤੇ ਮੋਹਰ ਲਾਉਣ 'ਚ ਸਫਲ

Published on 10 Jan, 2017 11:31 AM.


ਬਠਿੰਡਾ (ਬਖਤੌਰ ਢਿੱਲੋਂ)
ਉਸ ਦੀਆਂ ਚੋਣ ਸਭਾਵਾਂ ਤਾਂ ਭਾਵੇਂ ਅਜੇ ਭਵਿੱਖ ਦੇ ਗਰਭ ਵਿੱਚ ਹਨ, ਲੇਕਿਨ ਕੈਪਟਨ ਅਮਰਿੰਦਰ ਸਿੰਘ 12 ਸਾਲ ਪੁਰਾਣੇ ਆਪਣੇ ਉਸ ਫੈਸਲੇ 'ਤੇ ਕਾਂਗਰਸ ਹਾਈ ਕਮਾਂਡ ਦੀ ਮੋਹਰ ਲਵਾਉਣ ਵਿੱਚ ਸਫ਼ਲ ਹੋ ਗਿਐ, ਜਿਸ ਦੀ ਬਦੌਲਤ ਮੁੱਖ ਮੰਤਰੀ ਵਾਲੀ ਉਸ ਦੀ ਕੁਰਸੀ ਦੀਆਂ ਚੂਲਾਂ ਹਿੱਲਣ ਲੱਗ ਪਈਆਂ ਸਨ।
ਸਤਲੁਜ-ਜਮਨਾ ਲਿੰਕ ਨਹਿਰ ਦੀ ਉਸਾਰੀ ਕਿਸੇ ਕੇਂਦਰੀ ਏਜੰਸੀ ਰਾਹੀਂ ਕਰਵਾਉਣ ਵਾਸਤੇ ਜਦ ਦੇਸ ਦੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਸਖ਼ਤ ਹਦਾਇਤ ਕਰ ਦਿੱਤੀ ਸੀ, ਤਾਂ 12 ਵਰ੍ਹੇ ਅੱਤਵਾਦ ਦੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸੇ ਹੋਏ ਪੰਜਾਬ ਦੇ ਅਮਨ ਪਸੰਦ ਲੋਕ ਹੀ ਡਾਢੇ ਫਿਕਰਮੰਦ ਨਹੀਂ ਸਨ ਹੋਏ, ਬਲਕਿ ਇਹ ਮੁੱਦਾ ਇਸ ਸਰਹੱਦੀ ਸੂਬੇ ਦੇ ਰਾਜਸੀ ਆਗੂਆਂ ਲਈ ਵੀ ਇੱਕ ਵੱਡਾ ਇਮਤਿਹਾਨ ਹੋ ਨਿਬੜਿਆ। ਕਿਉਂਕਿ ਸੁਪਰੀਮ ਕੋਰਟ ਤੋਂ ਕਿਸੇ ਕਿਸਮ ਦੀ ਰਾਹਤ ਮਿਲਣ ਦੀ ਉਮੀਦ ਨਹੀਂ ਸੀ, ਇਸ ਲਈ ਇਸ ਨੂੰ ਰਾਜਨੀਤਕ ਤੌਰ 'ਤੇ ਨਿਪਟਾਉਣ ਵਾਸਤੇ ਉਦੋਂ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਹ ਮਾਮਲਾ ਹੋਰਨਾਂ ਨਾਲੋਂ ਕਿਤੇ ਵੱਡੀ ਚੁਣੌਤੀ ਸੀ। ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ 2004 ਦੇ ਉਸ ਦਿਨ ਦੇਸ਼ ਦੇ ਸਿਆਸੀ ਵਿਸ਼ਲੇਸ਼ਕ ਦੰਗ ਹੋ ਕੇ ਰਹਿ ਗਏ, ਵਿਰੋਧੀ ਧਿਰ ਤਾਂ ਕੀ ਆਪਣੀ ਪਾਰਟੀ ਦੇ ਕਿਸੇ ਸੂਬਾਈ ਆਗੂ ਜਾਂ ਕੇਂਦਰੀ ਹਾਈ ਕਮਾਂਡ ਨੂੰ ਕਿਸੇ ਕਿਸਮ ਦੀ ਭਿਣਕ ਲੱਗਣ ਤੋਂ ਬਗੈਰ ਜਦ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਪੰਜਾਬ ਦੀ ਵਿਧਾਨ ਸਭਾ ਤੋਂ ਪਾਣੀਆਂ ਸੰਬੰਧੀ ਅੰਤਰਰਾਜੀ ਸਮਝੌਤਿਆਂ ਨੂੰ ਰੱਦ ਕਰਵਾਉਣ ਦਾ ਸਰਬਸੰਮਤ ਮਤਾ ਹੀ ਪ੍ਰਵਾਨ ਕਰਵਾ ਲਿਆ, ਬਲਕਿ ਉਸੇ ਹੀ ਦਿਨ ਗਵਰਨਰ ਦੀ ਮਨਜ਼ੂਰੀ ਵੀ ਹਾਸਲ ਕਰ ਲਈ।
ਕੈਪਟਨ ਦੀ ਇਸ ਦਿਲਚਸਪ ਦਾਅਪੇਚ ਪਹੁੰਚ ਨੇ ਜਿੱਥੇ ਕਾਂਗਰਸ ਦੀ ਕੇਂਦਰੀ ਹਾਈਕਮਾਂਡ ਨੂੰ ਇਸ ਲਈ ਨਰਾਜ਼ ਕਰ ਦਿੱਤਾ, ਕਿਉਂਕਿ ਉਕਤ ਫੈਸਲੇ ਦੇ ਪ੍ਰਤੀਕਰਮ ਵਜੋਂ ਹਰਿਆਣਾ ਦੇ ਲੋਕਾਂ ਦੀਆਂ ਨਰਾਜ਼ਗੀ ਵਾਲੀਆਂ ਭਾਵਨਾਵਾਂ ਕੁਝ ਹੀ ਦਿਨਾਂ ਬਾਅਦ ਹੋਣ ਵਾਲੀਆਂ ਉੱਥੋਂ ਦੀਆਂ ਚੋਣਾਂ ਦੇ ਨਤੀਜਿਆਂ ਤੇ ਕਾਂਗਰਸ ਪਾਰਟੀ ਦੇ ਖਿਲਾਫ਼ ਉਲਟ ਪ੍ਰਭਾਵ ਪਾ ਕੇ ਹਾਰ ਵੱਲ ਤੋਰ ਦੇਣਾ ਸੀ, ਉੱਥੇ ਪੰਜਾਬ ਵਿੱਚ ਵੀ ਲੋਕ ਬਾਦਲ ਅਤੇ ਕੈਪਟਨ ਦੀ ਲੀਡਰਸ਼ਿਪ ਦਾ ਮੁਕਾਬਲਾ ਕਰਨ ਲੱਗ ਪਏ ਸਨ। ਉਦੋਂ ਹਰ ਪਿੰਡ, ਸ਼ਹਿਰ ਅਤੇ ਗਲੀ-ਮੁਹੱਲੇ ਵਿੱਚ ਆਮ ਲੋਕ ਇਹ ਸਵਾਲ ਉਠਾਉਣ ਲੱਗ ਪਏ ਸਨ ਕਿ ਜਿਹੜਾ ਕੰਮ ਵਿਧਾਨ ਸਭਾ ਦੇ ਮਾਧਿਅਮ ਰਾਹੀਂ ਇੱਕ ਦਿਨ ਵਿੱਚ ਮੁਕੰਮਲ ਹੋ ਸਕਦਾ ਸੀ, ਉਸ ਵਾਸਤੇ ਧਰਮ ਯੁੱਧ ਮੋਰਚਾ ਲਾਉਂਦਿਆਂ ਅਕਾਲੀਆਂ ਨੇ ਪੰਜਾਬ ਨੂੰ ਬਲਦੀ ਦੇ ਬੁਥੇ ਕਿਉਂ ਪਾਇਆ। ਸਿਰਫ਼ ਇਹੋ ਹੀ ਕੈਪਟਨ ਦਾ ਇੱਕ ਫੈਸਲਾ ਸੀ, ਜਿਸ ਨੇ ਪੰਜਾਬ ਦੀ ਸਿੱਖ ਕਿਸਾਨੀ ਵਿੱਚ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਲੁਆਈਆਂ, ਜਿਹਨਾਂ ਦਾ ਪ੍ਰਭਾਵ ਅੱਜ ਵੀ ਦੇਖਿਆ ਜਾ ਸਕਦਾ ਹੈ।
ਇਸ ਫੈਸਲੇ ਦੀ ਵਜ੍ਹਾ ਕਾਰਨ ਕੈਪਟਨ ਨੂੰ ਆਪਣੀ ਪਾਰਟੀ ਹਾਈਕਮਾਂਡ ਦੀ ਕਿੰਨੀ ਕੁ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਇਸ ਦਾ ਜਵਾਬ ਉਹਨਾਂ ਖੁਦ 'ਇੰਡੀਅਨ ਐੱਕਸਪ੍ਰੈੱਸ' ਦੇ ਚੰਡੀਗੜ੍ਹ ਐਡੀਸ਼ਨ ਵੱਲੋਂ ਰਾਊਂਡ ਦੀ ਟੇਬਲ ਪ੍ਰੋਗਰਾਮ ਵਿੱਚ ਸੀਨੀਅਰ ਪੱਤਰਕਾਰਾਂ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿੱਚ ਕੁਝ ਇਉਂ ਦਿੱਤਾ ਸੀ, 'ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਇਸ ਫੈਸਲੇ ਦੀ ਬਦੌਲਤ ਮੇਰੇ ਨਾਲ ਇਸ ਕਦਰ ਨਰਾਜ਼ ਹੋ ਗਈ ਕਿ ਕਈ ਮਹੀਨੇ ਸਾਡੀ ਆਪਸ ਵਿੱਚ ਬੋਲਚਾਲ ਵੀ ਨਾ ਹੋਈ। ਆਖਰ ਇੱਕ ਮੀਟਿੰਗ ਦੌਰਾਨ ਜਦ ਦਿੱਲੀ ਵਿਖੇ ਬਰੇਕ ਹੋਈ ਤਾਂ ਮੈਡਮ ਨੇ ਮੈਨੂੰ ਸਵਾਲ ਕੀਤਾ ਕਿ ਪਾਣੀਆਂ ਸੰਬੰਧੀ ਅੰਤਰਰਾਜੀ ਸਮਝੌਤੇ ਰੱਦ ਕਰਵਾਉਣ ਤੋਂ ਪਹਿਲਾਂ ਮੈਂ ਉਹਨਾ ਤੋਂ ਪੁੱਛਿਆ ਕਿਉਂ ਨਾ? ਤਾਂ ਮੇਰਾ ਉੱਤਰ ਸੀ ਕਿ ਅਗਰ ਮੈਂ ਪੁੱਛ ਲੈਂਦਾ ਤਾਂ ਕੀ ਤੁਸੀਂ ਪ੍ਰਵਾਨਗੀ ਦੇ ਦਿੰਦੇ, ਤਾਂ ਮੈਡਮ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਇਸ 'ਤੇ ਮੈਂ ਆਪਣੀ ਪ੍ਰਧਾਨ ਨੂੰ ਕਿਹਾ ਕਿ ਬੱਸ ਇਹੀ ਕਾਰਨ ਸੀ, ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਨਾਲੋਂ ਮੈਨੂੰ ਪੰਜਾਬ ਦੀ ਕਿਸਾਨੀ ਦੇ ਹਿੱਤ ਵੱਧ ਪਿਆਰੇ ਹਨ।'
ਕੱਲ੍ਹ ਜਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਦਿੱਲੀ ਵਿਖੇ ਚੋਣ ਮੈਨੀਫੈਸਟੋ ਜਾਰੀ ਹੋਇਆ ਤਾਂ ਕੈਪਟਨ ਨੇ ਇੱਕ ਵਾਰ ਫਿਰ ਆਪਣਾ ਬਾਰਾਂ ਸਾਲ ਪਹਿਲਾਂ ਸਟੈਂਡ ਦੁਹਰਾਉਂਦਿਆਂ ਇਹ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਦਾ ਪਾਣੀ ਪੰਜਾਬ ਲਈ ਹੀ ਹੈ, ਤਾਂ ਨਾਲ ਬੈਠਾ ਹਰਿਆਣਾ ਨਾਲ ਸੰਬੰਧਤ ਕਾਂਗਰਸ ਦਾ ਕੇਂਦਰੀ ਬੁਲਾਰਾ ਰਣਦੀਪ ਸੂਰਜੇਵਾਲਾ, ਜੋ ਆਪਣੇ ਸੂਬੇ ਦਾ ਸਿਰਕੱਢ ਆਗੂ ਵੀ ਹੈ, ਹੁੱਤ ਤੱਕ ਨਾ ਕੱਢ ਸਕਿਆ, ਸਗੋਂ ਇਸ ਪਾਰਟੀ ਦੇ ਚੋਟੀ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਇਹ ਕਹਿੰਦਿਆਂ ਅਮਰਿੰਦਰ ਦੇ ਕਹਿਣ 'ਤੇ ਹਾਈਕਮਾਂਡ ਦੀ ਮੋਹਰ ਲਾ ਦਿੱਤੀ ਕਿ 'ਉਸ ਦੀ ਬਣਨ ਵਾਲੀ ਸਰਕਾਰ ਪੰਜਾਬ ਨੂੰ ਪਾਰਦਰਸ਼ੀ ਤੇ ਚੰਗੀ ਅਗਵਾਈ ਦੇਵੇਗੀ।'

567 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper