ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੀ ਹੋਵੇਗਾ: ਕੇਜਰੀਵਾਲ


ਪਟਿਆਲਾ/ਪਾਤੜਾਂ (ਬਲਬੀਰ ਥਿੰਦ/ਗੁਰਦਾਸ ਸਿੰਗਲਾ)
ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ 'ਤੇ ਇਸ ਦਾ ਮੁੱਖ ਮੰਤਰੀ ਕੋਈ ਪੰਜਾਬੀ ਹੀ ਹੋਵੇਗਾ, ਕਿਉਂਕਿ ਦਿੱਲੀ ਦੇ ਲੋਕਾਂ ਨੇ ਉਨ੍ਹਾ 'ਤੇ ਵਿਸ਼ਵਾਸ ਕਰਕੇ ਜੋ ਜ਼ਿੰਮੇਵਾਰੀ ਸੌਂਪੀ ਹੋਈ ਹੈ, ਉਸ ਤੋਂ ਭੱਜ ਕੇ ਉਹ ਦਿੱਲੀ ਵਾਸੀਆਂ ਨਾਲ ਕੋਈ ਵਿਸ਼ਵਾਸਘਾਤ ਨਹੀਂ ਕਰ ਸਕਦੇ, ਪਰ ਪੰਜਾਬ ਸਰਕਾਰ ਨੂੰ ਚਲਾਉਣ ਦੀ ਜੁੰਮੇਵਾਰੀ ਚੁੱਕਦਿਆਂ ਚੋਣ ਮੁਹਿੰਮ ਦੌਰਾਨ ਜੋ ਵਾਅਦੇ ਕੀਤੇ ਜਾ ਰਹੇ ਹਨ, ਨੂੰ ਅਮਲੀ ਜਾਮਾ ਪਹਿਨਾਉਣਾ ਉਨ੍ਹਾਂ ਦਾ ਨੈਤਿਕ ਫ਼ਰਜ਼ ਹੋਵੇਗਾ। ਉਹ ਵਿਧਾਨ ਸਭਾ ਹਲਕਾ ਤੋਂ ਪਾਰਟੀ ਉਮੀਦਵਾਰ ਪਲਵਿੰਦਰ ਕੌਰ ਹਰਿਆਊ ਦੇ ਹੱਕ ਵਿੱਚ ਕਸਬਾ ਬਾਦਸ਼ਾਹਪੁਰ ਤੇ ਅਨਾਜ ਮੰਡੀ ਪਾਤੜਾਂ ਵਿਖੇ ਕੀਤੀਆਂ ਜਨ-ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ। ਆਪ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹੀ ਆਉਂਦੀ ਹਨੇਰੀ ਨੇ ਅਕਾਲੀਆਂ ਤੇ ਕਾਂਗਰਸੀਆਂ ਦੀ ਰਾਤਾਂ ਦੀ ਨੀਂਦ ਖਰਾਬ ਕਰਕੇ ਰੱਖ ਦਿੱਤੀ ਹੈ। ਅਕਾਲੀ ਦਲ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਇਸ ਦੇ ਆਗੂਆਂ ਜਿਥੇ ਹਰ ਕਾਰੋਬਾਰ ਉਤੇ ਆਪਣਾ ਕਬਜ਼ਾ ਜਮਾ ਕੇ ਆਮ ਲੋਕਾਂ ਨੂੰ ਲੁੱਟਿਆ ਹੈ। ਸਰਕਾਰ ਬਣਨ 'ਤੇ ਇਸ ਦਾ ਮੁੱਖ ਮੰਤਰੀ ਕੋਈ ਵੀ ਹੋਵੇ, ਉਹ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਵੱਲੋਂ ਲੋਕਾਂ ਦੀ ਲੁੱਟ ਕਰਕੇ ਇੱਕਠੀ ਕੀਤੀ ਰਕਮ ਨੂੰ ਇਨ੍ਹਾਂ ਦੇ ਗਲਾਂ ਵਿੱਚ ਹੱਥ ਪਾ ਕੇ ਬਾਹਰ ਕਢਵਾ ਕੇ ਬਾਦਲਕਿਆਂ ਨੂੰ ਜੇਲ਼੍ਹ ਵਿੱਚ ਭੇਜਣ ਲਈ ਵਚਨਬੱਧ ਹੋਵੇਗਾ।
ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉਤੇ ਵਰ੍ਹਦਿਆਂ ਕੇਜਰੀਵਾਲ ਨੇ ਕਿਹਾ ਕਿ ਇਮਾਨਦਾਰੀ ਨਾਲ ਕਮਾਈ ਦੌਲਤ ਨੂੰ ਸਾਂਭਣ ਲਈ ਭਾਰਤੀ ਬੈਂਕ ਹੀ ਕਾਫ਼ੀ ਹਨ, ਪਰ ਕੈਪਟਨ ਨੇ ਕਾਲਾ ਧਨ ਛੁਪਾਉਣ ਲਈ ਸਵਿਸ ਬੈਂਕ ਵਿੱਚ ਖਾਤੇ ਖੋਲ੍ਹੇ ਹੋਏ ਹਨ, ਜਿਨ੍ਹਾਂ ਦਾ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾ ਕੀਤੇ ਜਾਣ ਵਾਲੇ ਦਸ ਕੰਮਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾ ਕੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ, ਵਿਧਵਾ, ਅੰਗਹੀਣ ਤੇ ਬੁਢਾਪਾ ਪੈਨਸ਼ਨ ਦੋ ਹਜ਼ਾਰ ਪੰਜ ਸੌ ਕਰਨਾ, ਹਰ ਪਿੰਡ ਤੇ ਸ਼ਹਿਰ ਵਿੱਚ ਦਿੱਲੀ ਦੀ ਮਹੁੱਲਾ ਕਲੀਨਿਕ ਤਰਜ਼ 'ਤੇ ਹਰ ਪਿੰਡ ਵਿੱਚ ਕਲੀਨਿਕ ਬਣਾ ਮੁਫ਼ਤ ਇਲਾਜ ਤੇ ਸਹੂਲਤ ਦੇ ਨਾਲ-ਨਾਲ ਸਿੱਖਿਆ ਤੇ ਬੇਰੁਜ਼ਗਾਰੀ ਦੂਰ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਰੈਲੀ ਦੌਰਾਨ ਆਪ ਉਮੀਦਵਾਰ ਪਲਵਿੰਦਰ ਕੌਰ ਹਰਿਆਊ, ਜਸਵੰਤ ਸਿੰਘ ਦੁਤਾਲ, ਚੇਤਨ ਸਿੰਘ ਜੌੜਾਮਾਜਰਾ, ਸੁਬੇਗ ਸਿੰਘ ਹਰਿਆਊ, ਦਵਿੰਦਰ ਸਿੰਘ ਬਰਾਸ, ਮਾਸਟਰ ਡੋਗਰ ਚੰਦ, ਮਦਨ ਲਾਲ ਖਜ਼ਾਨਚੀ, ਚਾਂਦੀ ਰਾਮ ਬੰਗਾ, ਪ੍ਰਿੰਸੀਪਲ ਬਲਦੇਵ ਸਿੰਘ, ਕੁਲਵੰਤ ਸਿੰਘ ਮਰੋੜੀ, ਡਾ ਕੁਲਦੀਪ ਸਿੰਘ ਚੁਨਾਗਰਾ, ਮਹਿਤਾਬ ਸਿੰਘ ਸਿਉਣਾ ਤੇ ਸੁਮਿਤ ਕੁਮਾਰ ਆਦਿ ਹਾਜ਼ਰ ਸਨ।