ਜੇਤਲੀ ਨੂੰ ਜੀ ਐੱਸ ਟੀ ਦੇ ਪਹਿਲੀ ਅਪ੍ਰੈਲ ਤੋਂ ਲਾਗੂ ਹੋਣ ਦੀ ਉਮੀਦ


ਗਾਂਧੀਨਗਰ (ਨਵਾਂ ਜ਼ਮਾਨਾ ਸਰਵਿਸ)
ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਇੱਕ ਵਾਰੀ ਫਿਰ ਕਿਹਾ ਕਿ ਪ੍ਰਸਤਾਵਤ ਜੀ ਐੱਸ ਟੀ ਨਾਲ ਸੰਬੰਧਤ ਮੁੱਦੇ ਜੇ ਹੱਲ ਹੋ ਜਾਂਦੇ ਹਨ ਤਾਂ ਇਸ ਪ੍ਰਣਾਲੀ ਨੂੰ ਸਰਕਾਰ ਪਹਿਲੀ ਅਪ੍ਰੈਲ ਤੋਂ ਲਾਗੂ ਕਰਨਾ ਚਾਹੇਗੀ। ਉਹਨਾ ਕਿਹਾ ਕਿ ਇਸ ਕਨੂੰਨ ਨੂੰ ਲਾਗੂ ਕਰਨ ਲਈ ਵੱਧ ਤੋਂ ਵੱਧ 16 ਸਤੰਬਰ ਤੱਕ ਦਾ ਸਮਾਂ ਹੈ। ਇਸ ਨਵੀਂ ਟੈਕਸ ਵਿਵਸਥਾ ਨਾਲ ਕੇਂਦਰ ਅਤੇ ਸੂਬਿਆਂ ਦੇ ਜ਼ਿਆਦਾਤਰ ਅਸਿੱਧੇ ਟੈਕਸ ਵਿਕਸਤ ਹੋ ਜਾਣਗੇ। ਇਹਨਾਂ ਟੈਕਸਾਂ 'ਚ ਕੇਂਦਰੀ ਉਤਪਾਦਨ ਟੈਕਸ, ਸੇਵਾ ਕਰ ਅਤੇ ਸੂਬਿਆਂ ਦੇ ਵੈਟ ਅਤੇ ਵਿਕਰੀ ਕਰ ਆਦਿ ਸ਼ਾਮਲ ਹਨ। ਜੇਤਲੀ ਨੇ ਗੁਜਰਾਤ ਸੰਮੇਲਨ ਦੇ ਆਸੇ-ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀ ਐੱਸ ਟੀ ਨੂੰ ਲਾਗੂ ਕਰਨ ਦੀ ਦਿਸ਼ਾ 'ਚ ਇੱਕ ਕੰਮ ਨਿਬੇੜ ਲਿਆ ਗਿਆ ਹੈ, ਕਿਉਂਕਿ ਸੰਵਿਧਾਨਕ ਸੋਧ ਬਿੱਲ ਪਾਸ ਕਰ ਲਿਆ ਗਿਆ ਹੈ। ਇਸ ਲਈ ਇਹ ਸੰਵਿਧਾਨਕ ਲੋੜ ਹੈ ਕਿ 16 ਸਤੰਬਰ ਤੱਕ ਜੀ ਐੱਸ ਟੀ ਲਾਗੂ ਕੀਤਾ ਜਾਵੇ। ਜੀ ਐੱਸ ਟੀ ਨੂੰ ਲਾਗੂ ਕਰਨ ਲਈ ਸੰਸਦ 'ਚ ਪਾਸ ਅਤੇ ਸੂਬਿਆਂ ਵੱਲੋਂ ਇਸ ਦੀ ਪੁਸ਼ਟੀ ਕੀਤੇ ਜਾਣ ਨਾਲ ਮੌਜੂਦਾ ਟੈਕਸਾਂ ਦੀ ਮਿਆਦ ਇਸ ਸਾਲ 16 ਸਤੰਬਰ ਤੋਂ ਬਾਅਦ ਸਮਾਪਤ ਹੋ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਿਕਰੀ 'ਤੇ ਇਸ ਨਵੀਂ ਟੈਕਸ ਵਿਵਸਥਾ ਨੂੰ ਇਸ ਸਾਲ ਅਪ੍ਰੈਲ ਤੋਂ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਜੇ ਸਾਰੇ ਮੁੱਦਿਆਂ ਦਾ ਹੱਲ ਨਿਕਲ ਗਿਆ ਤਾਂ ਸਰਕਾਰ ਇਸ ਨੂੰ ਅਪ੍ਰੈਲ ਤੋਂ ਲਾਗੂ ਕਰਨਾ ਚਾਹੁੰਦੀ ਹੈ।