ਇਤਿਹਾਸਕ ਪਿੰਡ ਢੁੱਡੀਕੇ ਤੋਂ ਸੂਬਾਈ ਮਾਰਚ ਸ਼ੁਰੂ


ਢੁੱਡੀਕੇ (ਮੋਗਾ) (ਨਵਾਂ ਜ਼ਮਾਨਾ ਸਰਵਿਸ)
ਲਾਲਾ ਲਾਜਪਤ ਰਾਏ ਅਤੇ ਗ਼ਦਰੀ ਬਾਬਿਆਂ ਦੀ ਜਨਮ ਭੂਮੀ ਇਤਿਹਾਸਕ ਪਿੰਡ ਢੁੱਡੀਕੇ ਤੋਂ ਬੇਰੁਜ਼ਗਾਰੀ ਦੇ ਹੱਲ ਲਈ ਭਗਤ ਸਿੰਘ ਦੇ ਨਾਂਅ 'ਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ 'ਬਨੇਗਾ' ਸਥਾਪਤ ਕਰਵਾਉਣ ਲਈ ਨੌਜਵਾਨਾਂ-ਵਿਦਿਆਰਥੀਆਂ ਦੇ ਸੂਬਾ ਪੱਧਰੀ ਇੱਕ ਜਥਾ ਮਾਰਚ ਦੀ ਸ਼ੁਰੂਆਤ ਕੀਤੀ। ਬੇਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਸਥਾਪਤ ਕਰਵਾਉਣ ਲਈ ਨੌਜਵਾਨਾਂ-ਵਿਦਿਆਰਥੀਆਂ ਦੇ ਸੂਬਾ ਪੱਧਰੀ ਇੱਕ ਜਥਾ ਮਾਰਚ ਦੀ ਸ਼ੁਰੂਆਤ ਕੀਤੀ। ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਹ ਜਥਾ ਜਿੱਥੇ ਰੁਜ਼ਗਾਰ ਹਾਸਲ ਕਰਨ ਲਈ ਨੌਜਵਾਨਾਂ ਨੂੰ ਸੁਨੇਹਾ ਦੇਵੇਗਾ, ਉਥੇ ਵਿੱਦਿਆ, ਫਿਰਕੂ ਤਣਾਅ ਅਤੇ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਪ੍ਰਾਪਤੀ ਦਾ ਸੱਦਾ ਦੇਵੇਗਾ।
ਅੱਜ ਸ਼ੁਰੂਆਤ ਵੇਲੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਚਰਨਜੀਤ ਛਾਂਗਾਰਾਏ ਨੇ ਕਿਹਾ ਕਿ ਅੱਜ ਦੇ ਦਿਨ ਦੋਹਾਂ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਲੰਮਾ ਮਾਰਚ ਕੰਨਿਆ ਕੁਮਾਰੀ (ਤਾਮਿਲਨਾਡੂ) ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਲਗਾਤਾਰ ਦੋ ਮਹੀਨੇ ਵੱਖ-ਵੱਖ ਸੂਬਿਆਂ ਵਿੱਚੋਂ ਹੁੰਦਾ ਹੋਇਆ 9 ਸਤੰਬਰ ਨੂੰ ਪੰਜਾਬ ਵਿੱਚ ਪ੍ਰਵੇਸ਼ ਕਰੇਗਾ। ਇਸ ਸਮਾਗਮ ਦਾ ਸਿਖਰਲਾ ਸਮਾਗਮ ਪੰਜਾਬ ਦੇ ਇਤਿਹਾਸਕ ਸਥਾਨ ਹੁਸੈਨੀਵਾਲਾ ਵਿਖੇ 12 ਸਤੰਬਰ ਨੂੰ ਹੋਵੇਗਾ।
ਉਨ੍ਹਾ ਕਿਹਾ ਕਿ ਅੱਜ ਜਦੋਂ ਦੇਸ਼ ਵਿਆਪੀ ਮਾਰਚ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਰਿਹਾ ਹੈ ਤਾਂ ਹਰੇਕ ਸੂਬੇ ਅੰਦਰ ਵੀ ਰਾਜ ਪੱਧਰੀ ਮੁਹਿੰਮਾਂ ਸ਼ੁਰੂ ਕੀਤੀਆਂ ਜਾ ਰਹੀਆਂ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਵਾਲਿਆਂ ਨੇ ਹਰ ਘਰ ਵਿੱਚ ਨੌਕਰੀ ਦਾ ਵਾਅਦਾ ਕੀਤਾ ਸੀ। ਇਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਰ ਸਾਲ ਜੋ ਦੋ ਕਰੋੜ ਰੁਜ਼ਗਾਰ, ਪਰ ਸਰਕਾਰਾਂ, ਰੁਜ਼ਗਾਰ ਦੇਣ ਦੀ ਥਾਂ, ਰੁਜ਼ਗਾਰ ਦੇ ਖੇਤਰਾਂ ਟਰਾਂਸਪੋਰਟ ਵਿਭਾਗ, ਵਿੱਦਿਆ, ਬਿਜਲੀ ਬੋਰਡ, ਸਿਹਤ ਆਦਿ ਨੂੰ ਹੀ ਉਜਾੜਨ ਦੇ ਰਾਹ ਹਨ ਤਾਂ ਰੁਜ਼ਗਾਰ ਕਿੱਥੋਂ ਪੈਦਾ ਹੋਵੇਗਾ। ਸਰਕਾਰ ਇਨ੍ਹਾਂ ਅਹਿਮ ਮੁੱਦਿਆਂ ਤੋਂ ਯੋਜਨਾਬੱਧ ਤਰੀਕੇ ਨਾਲ ਲੋਕਾਂ ਦਾ ਧਿਆਨ ਹਟਾਉਣ ਲਈ ਜਾਤਾਂ, ਫਿਰਕਿਆਂ, ਇਲਾਕਿਆਂ ਵਿਚਾਲੇ ਆਪਸੀ ਤਣਾਅ, ਟਕਰਾਅ ਵਧਾ ਰਹੀਆਂ ਹਨ, ਤਾਂ ਜੋ ਲੋਕਾਂ ਦੀ ਕੀਮਤ 'ਤੇ ਹਕੂਮਤਾਂ ਸੁਰੱਖਿਅਤ ਰਹਿ ਸਕਣ।
ਇਸ ਮੌਕੇ ਨੌਜਵਾਨ ਸਭਾ ਦੀ ਸੂਬਾਈ ਖਜ਼ਾਨਚੀ ਨਰਿੰਦਰ ਕੌਰ ਸੋਹਲ ਅਤੇ ਏ ਆਈ ਐੱਸ ਐੱਫ ਦੇ ਸੂਬਾ ਸਹਾਇਕ ਸਕੱਤਰ ਸੁਖਦੇਵ ਧਰਮੂਵਾਲਾ ਨੇ ਕਿਹਾ ਕਿ ਪੰਜਾਬ ਵਿੱਚ 90 ਲੱਖ ਅਤੇ ਦੇਸ਼ ਵਿੱਚ 40 ਕਰੋੜ ਤੋਂ ਵਧੇਰੇ ਬੇਰੁਜ਼ਗਾਰਾਂ ਨੂੰ ਨਸ਼ਿਆਂ, ਲੁੱਟਾਂਖੋਹਾਂ ਅਤੇ ਕਤਲੋਗਾਰਤ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਵਿੱਦਿਆ ਦੇਣ ਦੀ ਬਜਾਏ ਕਾਲਜਾਂ, ਯੂਨੀਵਰਸਿਟੀਆਂ 'ਤੇ ਹਮਲੇ ਕਰਕੇ ਉਨ੍ਹਾ ਨੂੰ ਦੇਸ਼ ਧ੍ਰੋਹੀ ਸਾਬਤ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਨੌਜਵਾਨ ਅਤੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸੂਬਾ ਪੱਧਰੀ ਇਹ ਜਥਾ ਅਤੇ ਦੇਸ਼ ਵਿਆਪੀ ਲੰਮਾ ਮਾਰਚ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਜਿਸ ਤਹਿਤ ਅਣ ਸਿੱਖਿਅਤ ਲਈ 20 ਹਜ਼ਾਰ, ਅਰਧ ਸਿੱਖਿਅਤ ਲਈ 25 ਹਜ਼ਾਰ, ਸਿੱਖਿਅਤ ਲਈ 30 ਹਜ਼ਾਰ ਅਤੇ ਉੱਚ ਸਿੱਖਿਅਤ ਲਈ 35 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਦੇਵੇ ਜਾਂ ਇਸ ਦਰਜਾ ਵਾਰ ਤਨਖਾਹ ਦਾ ਅੱਧ ਕੇਂਦਰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਤਾਂ ਰੁਜ਼ਗਾਰ ਇੰਤਜ਼ਾਰ ਭੱਤਾ ਦੇਣ ਦੀ ਗਰੰਟੀ ਕਰਦਾ ਇਹ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਵਾਉਣ, ਸਭ ਨੂੰ ਮੁਫਤ, ਲਾਜ਼ਮੀ ਅਤੇ ਵਿਗਿਆਨਕ ਵਿੱਦਿਆ, ਦੱਬੇ ਕੁਚਲਿਆਂ, ਆਦਿਵਾਸੀਆਂ ਅਤੇ ਘੱਟ ਗਿਣਤੀ ਫਿਰਕਿਆਂ ਦੀ ਰਖਵਾਲੀ, ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੇ ਮੁੱਖ ਮੁੱਦੇ ਹਨ। ਇਸ ਮੌਕੇ ਇਨ੍ਹਾਂ ਮੁੱਦਿਆਂ ਦੀ ਪ੍ਰਾਪਤੀ ਵਾਸਤੇ ਸਭਾ ਨੌਜਵਾਨਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀ ਹਲਕਿਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਮੰਗਤ ਰਾਏ, ਪ੍ਰਧਾਨ ਇਕਬਾਲ ਤਖਾਣਬੱਧ, ਹਰਭਜਨ ਛੱਪੜੀਵਾਲਾ, ਰਾਜ ਟਾਹਲੀਵਾਲਾ, ਕੁਲਵੰਤ ਬੱਧਣੀ, ਸਵਰਾਜ ਢੁੱਡੀਕੇ, ਹਰਭਜਨ ਬਲਾਸਪੁਰ, ਸਤੀਸ਼ ਛੱਪੜੀਵਾਲਾ, ਸਤਨਾਮ ਧੂੜਕੋਟ, ਗੁਰਮੀਤ ਚੂਹੜਚੱਕ, ਬਲਜੀਤ ਤਖਾਣਬੱਧ, ਅਮਰੀਕ ਖੁਖਰਾਣਾ, ਅਵਤਾਰ ਸਿੰਘ ਮਮਦੋਟ ਤੇ ਜਸਵਿੰਦਰ ਮਸਤਾ ਗੱਟੀ ਹਾਜ਼ਰ ਸਨ ਅਤੇ ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਸਾਥੀ ਜਗਸੀਰ ਖੋਸਾ ਨੇ ਜਥੇ ਲਈ ਵਿਸ਼ੇਸ਼ ਸਹਿਯੋਗ ਦਿੱਤਾ।