ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀਆਂ ਵੱਲੋਂ ਡੰਡ ਬੈਠਕਾਂ


ਜਲੰਧਰ (ਰਣਜੋਧ ਸਿੰਘ ਥਿੰਦ)
ਗੁਰਦਾਸਪੁਰ ਲੋਕਾਂ ਹਲਕੇ ਦੀ ਜ਼ਿਮਨੀ ਚੋਣ ਲਈ ਸਾਰੀਆ ਸਿਆਸੀ ਪਾਰਟੀਆ ਨੇ ਡੰਡ ਬੈਠਕਾ ਮਾਰਨੀਆ ਸ਼ੁਰੂ ਕਰ ਦਿੱਤੀਆਂ ਹਨ, ਹਾਲਾਂਕਿ ਚੋਣ ਕਮਿਸ਼ਨ ਨੇ ਇਹ ਚੋਣ ਅਕਤੂਬਰ ਦੇ ਪਹਿਲੇ ਹਫ਼ਤੇ ਕਰਾਉਣ ਦੇ ਸੰਕੇਤ ਦਿੱਤੇ ਹਨ। ਇਸ ਸੰਬੰਧ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿਧਾਇਕਾ ਅਤੇ ਸੀਨੀਅਰ ਆਗੂਆ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਅਤੇ ਦੁਪਹਿਰ ਦਾ ਖਾਣਾ ਵੀ ਦਿੱਤਾ। ਇਸ ਮੀਟਿੰਗ ਦੌਰਾਨ ਰਾਜ ਸਭਾ ਦੇ ਮੈਂਬਰ ਤੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਤੇ ਅਸ਼ਵਨੀ ਸੇਖੜੀ ਦੇ ਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਇਹ ਵੀ ਰਾਏ ਦਿੱਤੀ ਗਈ ਕਿ ਸੁਨੀਲ ਜਾਖੜ ਨੂੰ ਚੋਣ ਮੈਦਾਨ 'ਚ ਨਿਤਾਰਿਆ ਜਾਵੇ ਅਤੇ ਉਨ੍ਹਾਂ ਨੂੰ ਕੇਂਦਰ 'ਚ ਭੇਜ ਕੇ ਸੂਬਾ ਪ੍ਰਧਾਨਗੀ ਦੇ ਅਹੁਦੇ 'ਤੇ ਕਿਸੇ ਹੋਰ ਆਗੂ ਨੂੰ ਅਡਜਸਟ ਕੀਤਾ ਜਾਵੇ। ਇਸ ਦੌੜ 'ਚ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਮੇਜਰ ਅਮਰਜੀਤ ਸਿੰਘ ਜੋ ਕਿ ਜ਼ਿਲ੍ਹਾ ਪ੍ਰੀਸਦ ਦੇ ਮੈਂਬਰ ਅਤੇ ਉਪ ਚੇਅਰਮੈਨ ਵੀ ਰਹਿ ਚੁੱਕੇ ਹਨ, ਵੀ ਸ਼ਾਮਲ ਹਨ। ਇਹ ਸੀਟ ਵਿਨੋਦ ਖੰਨਾ ਦੀ ਮੌਤ ਕਾਰਨ ਖਾਲੀ ਹੋਈ ਸੀ। ਸੱਤਾਧਾਰੀ ਧਿਰ ਹੋਣ ਕਾਰਨ ਭਾਵੇ ਕਾਂਗਰਸ ਦਾ ਪਲੜਾ ਭਾਰੀ ਦਿਸ ਰਿਹਾ ਹੈ, ਪਰ ਵਿਨੋਦ ਖੰਨਾ ਵੱਲੋਂ ਆਪਣੇ ਹਲਕੇ 'ਚ ਕਰਵਾਏ ਗਏ ਕੰਮਾ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਗੁਰਦਾਸਪੁਰ ਹਲਕੇ 'ਚ ਉਨ੍ਹਾ ਨੂੰ ਪੁਲਾਂ ਦੇ ਰਾਜੇ ਵਜੋਂ ਜਾਣਿਆ ਜਾਂਦਾ ਹੈ। ਭਾਜਪਾ ਵਿਨੋਦ ਖੰਨਾ ਦੇ ਦੇਹਾਂਤ ਦੀ ਹਮਦਰਦੀ ਹਾਸਲ ਕਰਨ ਲਈ ਉਨ੍ਹਾ ਦੀ ਪਤਨੀ ਕਵਿਤਾ ਖੰਨਾ ਨੂੰ ਚੋਣ ਮੈਦਾਨ 'ਚ ਉਤਾਰਨ ਬਾਰੇ ਸੋਚ ਰਹੀ ਹੈ, ਹਾਲਾਂਕਿ ਟਿਕਟ ਹਾਸਲ ਕਰਨ ਲਈ ਸਾਬਕਾ ਪ੍ਰਾਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਸਵਰਨ ਸਲਾਰੀਆ ਵੀ ਪਾਰਟੀ ਅੰਦਰ ਲਾਬਿੰਗ ਕਰ ਰਹੇ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਖੱਬੀਆਂ ਪਾਰਟੀਆਂ ਦਾ ਵੀ ਕਾਫੀ ਪ੍ਰਭਾਵ ਹੈ ਅਤੇ ਇਹ ਚੋਣ ਨਤੀਜੇ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਹਨ।