ਗਊ ਰੱਖਿਆ ਦੇ ਨਾਂਅ 'ਤੇ ਹਿੰਸਾ ਕਰਨ ਵਾਲਿਆਂ 'ਤੇ ਹੋਵੇ ਸਖਤ ਕਾਰਵਾਈ

ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸਮਾਗਮ ਤੋਂ ਪਹਿਲਾਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ਰੱਖਿਆ ਦੇ ਨਾਂਅ 'ਤੇ ਹੋ ਰਹੀ ਹਿੰਸਾ ਖਿਲਾਫ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾ ਕਿਹਾ ਕਿ ਗਊ ਰੱਖਿਆ ਦੇ ਨਾਂਅ 'ਤੇ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਸਰਕਾਰ ਦੀ ਮੁਕੰਮਲ ਅਸਹਿਣਸ਼ੀਲਤਾ ਵਾਲੀ ਨੀਤੀ ਜਾਰੀ ਰਹੇਗੀ। ਮੰਨਿਆ ਜਾ ਰਿਹਾ ਹੈ ਕਿ ਮੋਦੀ ਦਾ ਇਸ਼ਾਰਾ ਹਾਲ ਹੀ ਵਿਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਅਤੇ ਉਨ੍ਹਾ ਦੇ ਪਰਵਾਰ 'ਤੇ ਹੋਈ ਕਾਰਵਾਈ ਵੱਲ ਸੀ।
ਮੀਟਿੰਗ ਤੋਂ ਬਾਅਦ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂਅ 'ਤੇ ਜਿਹੜੇ ਹਿੰਸਾ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕੁਮਾਰ ਮੁਤਾਬਿਕ ਮੋਦੀ ਨੇ ਕਿਹਾ, 'ਕਾਨੂੰਨ ਵਿਵਸਥਾ ਰਾਜ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ। ਇਸ ਬਾਰੇ ਇੱਕ ਅਡਵਾਈਜ਼ਰੀ ਵੀ ਰਾਜਾਂ ਨੂੰ ਭੇਜੀ ਜਾ ਚੁੱਕੀ ਹੈ। ਜਿਹੜੇ ਅਜਿਹੀਆਂ ਹਰਕਤਾਂ ਕਰ ਰਹੇ ਹਨ, ਅਜਿਹੇ ਅਪਰਾਧ ਕਰ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਦਾ ਸਿਆਸੀ ਲਾਹਾ ਲੈਣ ਦੀ ਦੌੜ ਵੀ ਸ਼ੁਰੂ ਹੋਈ ਹੈ, ਪਰ ਉਸ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਵੇਗਾ। ਸਾਰੀਆਂ ਪਾਰਟੀਆਂ ਨੂੰ ਮਿਲ ਕੇ ਇਸ ਨੂੰ ਖਤਮ ਕਰਨਾ ਹੋਵੇਗਾ। ਦੇਸ਼ ਵਿੱਚ ਇਹ ਭਾਵਨਾ ਹੈ ਕਿ ਗਊ ਮਾਤਾ ਦੀ ਰੱਖਿਆ ਹੋਣੀ ਚਾਹੀਦੀ ਹੈ, ਪਰ ਉਸ ਵਾਸਤੇ ਕਾਨੂੰਨ ਹੈ। ਕਾਨੂੰਨ ਹੱਥ ਵਿੱਚ ਲੈਣਾ ਕਿਸੇ ਵੀ ਹਾਲਤ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ। ਸਭ ਰਾਜ ਸਰਕਾਰਾਂ ਨੂੰ ਇਸ ਨੂੰ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ।'
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ 'ਚ ਇੱਕ ਪ੍ਰੋਗਰਾਮ ਦੌਰਾਨ ਗਊ ਰੱਖਿਆ ਦੇ ਨਾਂਅ 'ਤੇ ਕੀਤੀ ਜਾ ਰਹੀ ਹਿੰਸਾ ਦੀ ਸਖਤ ਨਿੰਦਾ ਕੀਤੀ ਸੀ।
ਭ੍ਰਿਸ਼ਟਾਚਾਰ ਬਾਰੇ ਮੀਟਿੰਗ 'ਚ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਜਿਹੜੀ ਲੜਾਈ ਸ਼ੁਰੂ ਹੋਈ ਹੈ, ਉਹ ਜਾਰੀ ਰਹੇਗੀ। ਉਨ੍ਹਾ ਸਭ ਪਾਰਟੀਆਂ ਨੂੰ ਇਸ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾ ਸਭਨਾਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਆਗੂਆਂ ਨੂੰ ਦੂਰ ਕਰਦਿਆਂ ਕਾਨੂੰਨੀ ਕਾਰਵਾਈ ਨੂੰ ਅੱੱਗੇ ਵਧਾਉਣ ਲਈ ਸੰਘਰਸ਼ ਕਰਨ। ਹਾਲ ਹੀ 'ਚ ਸਿਆਸੀ ਗਲਿਆਰਿਆਂ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਭ ਤੋਂ ਵੱਧ ਚਰਚਾ ਲਾਲੂ ਯਾਦਵ ਅਤੇ ਉਨ੍ਹਾ ਦੇ ਪਰਵਾਰ 'ਤੇ ਹੋਈ ਕਾਰਵਾਈ ਦੀ ਹੈ। ਅਜਿਹੇ ਹਾਲਾਤ 'ਚ ਮੋਦੀ ਦੀ ਟਿੱਪਣੀ ਨੂੰ ਉਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਅਨੰਤ ਕੁਮਾਰ ਨੇ ਦੱਸਿਆ ਕਿ ਚੀਨ ਅਤੇ ਕਸ਼ਮੀਰ 'ਤੇ ਹੁਣੇ ਹੀ ਰਾਜਨਾਥ ਸਿੰਘ, ਸੁਸ਼ਮਾ ਅਤੇ ਅਰੁਣ ਜੇਤਲੀ ਵਿਚਾਲੇ ਚਰਚਾ ਹੋਈ ਹੈ। ਪੂਰਾ ਦੇਸ਼ ਇਸ ਮੁੱਦੇ 'ਤੇ ਇੱਕ ਹੈ। ਸਭਨਾਂ ਪਾਰਟੀਆਂ ਨੇ ਵੀ ਕਿਹਾ ਹੈ ਕਿ ਅਸੀਂ ਸਰਕਾਰ ਦੇ ਨਾਲ ਹਾਂ। ਸਰਕਾਰ ਸਦਨ 'ਚ ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਜੀ ਐੱਸ ਟੀ ਨੂੰ ਲੈ ਕੇ ਹੋਈ ਸੰਵਿਧਾਨਿਕ ਸੋਧ, ਸਭਨਾਂ ਸੂਬਿਆਂ ਵਿੱਚ ਇਸ ਨੂੰ ਲਾਗੂ ਕੀਤੇ ਜਾਣ ਨੂੰ ਲੈ ਕੇ ਸਭਨਾਂ ਪਾਰਟੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਰਾਸ਼ਟਰਪਤੀ ਚੋਣ ਦਾ ਵੱਕਾਰ ਬਣਾਈ ਰੱਖਣ ਲਈ ਵੀ ਮੋਦੀ ਨੇ ਸਭਨਾਂ ਪਾਰਟੀਆਂ ਦਾ ਸ਼ੁਕਰੀਆ ਅਦਾ ਕੀਤਾ। ਅਨੰਤ ਕੁਮਾਰ ਮੁਤਾਬਕ ਮੋਦੀ ਨੇ ਕਿਹਾ, 'ਚੋਣ ਲਈ ਆਮ ਸਹਿਮਤੀ ਹੁੰਦੀ ਤਾਂ ਚੰਗਾ ਹੁੰਦਾ, ਪਰ ਜਿਹੜਾ ਮੁਹਿੰਮ ਦਾ ਪੱਧਰ ਹੈ, ਉਹ ਬਹੁਤ ਹੀ ਸਨਮਾਨਜਨਕ ਰਿਹਾ ਹੈ ਅਤੇ ਏਨੇ ਦਿਨਾਂ ਦੇ ਬਾਵਜੂਦ ਕੋਈ ਕੌੜੀ ਭਾਸ਼ਾ, ਕੁੜੱਤਣ ਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ।' ਮੋਦੀ ਨੇ ਸੋਮਵਾਰ ਨੂੰ ਚੋਣ ਵਾਸਤੇ ਸਭਨਾਂ ਵੋਟਰਾਂ (ਸੰਸਦ ਮੈਂਬਰਾਂ ਤੇ ਵਿਧਾਇਕਾਂ) ਨੂੰ ਅਪੀਲ ਕੀਤੀ ਕਿ ਪੋਲਿੰਗ 'ਚ ਹਿੱਸਾ ਜ਼ਰੂਰ ਲੈਣ।
ਪ੍ਰਧਾਨ ਮੰਤਰੀ ਮੋਦੀ ਨੇ ਉੱਤਰ-ਪੂਰਬੀ ਭਾਰਤ 'ਚ ਹੜ੍ਹ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾ ਕਿਹਾ ਕਿ ਇਸ ਨੂੰ ਲੈ ਕੇ ਹਰ ਜ਼ਰੂਰੀ ਕਦਮ ਉਠਾਇਆ ਜਾ ਰਿਹਾ ਹੈ। ਸੰਬੰਧਤ ਸੂਬਿਆਂ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਹ ਮੀਟਿੰਗ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਵੱਲੋਂ ਬੁਲਾਈ ਗਈ ਸੀ। ਮੀਟਿੰਗ 'ਚ ਸਭਨਾਂ ਰਾਜਸੀ ਪਾਰਟੀਆਂ ਨੂੰ ਲੋਕ ਸਭਾ ਦੇ ਕੰਮ-ਕਾਜ ਦੇ ਸੁਚਾਰੂ ਸੰਚਾਲਨ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਮੀਟਿੰਗ ਤੋਂ ਬਾਅਦ ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ 'ਚ ਅਸੀਂ ਕੁਝ ਮੰਗ ਕੀਤੀ ਹੈ। ਕਸ਼ਮੀਰ 'ਤੇ ਸਦਨ 'ਚ ਚਰਚਾ ਦੌਰਾਨ ਪਾਕਿਸਤਾਨ ਦੇ ਨਾਲ ਚੀਨ ਦਾ ਵੀ ਜ਼ਿਕਰ ਅਤੇ ਚਰਚਾ ਹੋਣੀ ਚਾਹੀਦੀ ਹੈ। ਅੰਦਰੂਨੀ ਸੁਰੱਖਿਆ 'ਤੇ ਕਸ਼ਮੀਰ 'ਚ ਜੋ ਹਾਲਾਤ ਖਰਾਬ ਹੋਏ ਹਨ, ਉਸ 'ਚ ਸਰਕਾਰ ਨੇ ਗੱਲਬਾਤ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ।
ਆਜ਼ਾਦ ਨੇ ਕਿਹਾ ਕਿ ਸਰਕਾਰ ਖਾਤਮੇ ਦੀ ਨੀਤੀ 'ਤੇ ਚੱਲ ਰਹੀ ਹੈ। ਉਸ 'ਤੇ ਅਸੀਂ ਉਸ ਦੇ ਨਾਲ ਨਹੀਂ ਹਾਂ। ਗਊ ਰੱਖਿਆ ਦੇ ਨਾਂਅ 'ਤੇ ਲੋਕ ਮਾਰੇ ਜਾ ਰਹੇ ਹਨ, ਔਰਤਾਂ ਦੀ ਸੁਰੱਖਿਆ ਦਾ ਮੁੱਦਾ ਹੈ, ਮੱਧ ਪ੍ਰਦੇਸ਼ ਸਮੇਤ ਦੇਸ਼ ਭਰ ਵਿੱਚ ਕਿਸਾਨਾਂ ਦੇ ਹਾਲਾਤ 'ਤੇ ਚਰਚਾ ਹੋਵੇਗੀ।
ਗੁਜਰਾਤ ਸਮੇਤ ਦੇਸ਼ ਭਰ ਵਿੱਚ ਟੈਕਸਟਾਈਲ ਵਰਕਰਾਂ ਦੀ ਜੀ ਐੱਸ ਟੀ ਕਾਰਨ ਹਾਲਤ ਖਰਾਬ ਹੈ। ਦੇਸ਼ ਭਰ 'ਚ ਹੜ੍ਹਾਂ 'ਤੇ ਚਰਚਾ ਹੋਵੇਗੀ ਅਤੇ ਦਾਰਜੀਲਿੰਗ ਦੇ ਹਾਲਾਤ 'ਤੇ ਵੀ ਚਰਚਾ ਹੋਵੇਗੀ।