ਪੁਲਸ ਤੇ ਐੱਫ ਸੀ ਆਈ ਯੂਨੀਅਨ ਦਰਮਿਆਨ ਪੱਥਰਬਾਜ਼ੀ


ਸੁਲਤਾਨਪੁਰ ਲੋਧੀ (ਹਨੀ)
ਭਾਰਤੀ ਖੁਰਾਕ ਨਿਗਮ (ਐੱਫ ਸੀ ਆਈ) ਵੱਲੋਂ ਪੂਰੇ ਦੇਸ਼ 'ਚ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਲੋਡ ਕਰਵਾਉਣ ਲਈ ਪ੍ਰਾਈਵੇਟ ਠੇਕੇਦਾਰਾਂ ਕੋਲੋਂ ਕੰਮ ਕਰਵਾਉਣ ਦੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਅੱਜ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ 'ਤੇ ਵੀ ਸਪੈਸ਼ਲ ਮਾਲ ਗੱਡੀ ਲੋਡ ਕਰਵਾਉਣ ਮੌਕੇ ਸਥਿਤੀ ਤਣਾਅ ਵਾਲੀ ਪੈਦਾ ਹੋ ਗਈ, ਜਦੋਂ ਐੱਫ ਸੀ ਆਈ ਦੇ ਪੱਕੇ ਮੁਲਾਜ਼ਮਾਂ ਨੇ ਸਪੈਸ਼ਲ ਮਾਲ ਗੱਡੀ ਲੋਡ ਕਰਵਾਉਣ ਦੀ ਬਜ਼ਿੱਦ ਨੂੰ ਲੈ ਕੇ ਹੰਗਾਮਾ ਖੜਾ ਕਰ ਦਿੱਤਾ ਅਤੇ ਇਸ ਨੂੰ ਕੰਟਰੋਲ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਪਹਿਲਾਂ ਹੀ ਪੂਰੇ ਜ਼ਿਲ੍ਹੇ ਦੀ ਤਾਇਨਾਤ ਪੁਲਸ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਪੱਥਰਬਾਜ਼ੀ ਦੇ ਕਾਰਨ ਹਲਕਾ ਲਾਠੀਚਾਰਜ ਵੀ ਕਰਨਾ ਪਿਆ ਤੇ ਉਨ੍ਹਾਂ ਨੂੰ ਉਥੋਂ ਖਦੇੜ ਕੇ ਸਪੈਸ਼ਲ ਗੱਡੀ ਨੂੰ ਲੋਡਿੰਗ ਦਾ ਕੰਮ ਸ਼ੁਰੂ ਕਰਵਾਉਣਾ ਪਿਆ।
ਰੇਲਵੇ ਸਟੇਸ਼ਨਾਂ 'ਤੇ ਸਪੈਸ਼ਲ ਮਾਲ ਗੱਡੀ ਨੂੰ ਲੋਡ ਕਰਨ ਵਾਸਤੇ ਪਹਿਲਾਂ ਐੱਫ ਸੀ ਆਈ ਦੇ ਰੱਖੇ ਪੱਕੇ ਮੁਲਾਜ਼ਮ ਲੋਡ ਕਰਦੇ ਸਨ। ਪੱਕੇ ਮੁਲਾਜ਼ਮਾਂ ਦੀ ਡਿਊਟੀ ਸਵੇਰੇ 10 ਵਜੇ ਤੋਂ ਸ਼ਾਮ ਸਾਢੇ 5 ਵਜੇ ਤੱਕ ਹੁੰਦੀ ਸੀ, ਇਸ ਉਪਰੰਤ ਉਨ੍ਹਾਂ ਨੂੰ ਕੰਮ ਕਰਨ ਵਾਸਤੇ ਸਰਕਾਰ ਨੂੰ ਓਵਰ ਟਾਈਮ ਵਜੋਂ ਕੰਮ ਕਰਵਾਉਣ, ਜਿਸ ਵਿੱਚ ਸਪੈਸ਼ਲ ਗੱਡੀ ਵੀ ਲੋਡ ਕਰਵਾਉਣਾ ਹੁੰਦਾ ਸੀ, ਪੈਸੇ ਦੇਣੇ ਪੈਂਦੇ ਸਨ। ਸਰਕਾਰ ਨੂੰ ਇਸ ਲਈ ਕੀਤੇ ਜਾ ਰਹੇ ਭੁਗਤਾਨ ਵਜੋਂ ਕਾਫੀ ਮਾਇਆ ਦਾ ਨੁਕਸਾਨ ਵੀ ਹੁੰਦਾ ਸੀ, ਜਿਸ ਕਾਰਨ ਹੁਣ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਐੱਫ ਸੀ ਆਈ ਦੇ ਪੱਕੇ ਮੁਲਾਜ਼ਮਾਂ ਦੀ ਬਜਾਏ ਜਿੱਥੇ ਵੀ ਲੋਡਿੰਗ ਕਰਵਾਉਣ ਦਾ ਕੰਮ ਸਰਕਾਰ ਨੂੰ ਪ੍ਰਾਈਵੇਟ ਹੱਥੋਂ ਕਰਵਾਉਣਾ ਪਿਆ, ਉਥੇ ਹੀ ਹਾਲਾਤ ਤਣਾਅ ਵਾਲੇ ਬਣੇ।
ਡਿਪਟੀ ਕਮਿਸ਼ਨਰ ਕਪੂਰਥਲਾ, ਐੱਸ ਐੱਸ ਪੀ ਕਪੂਰਥਲਾ ਸੰਦੀਪ ਸ਼ਰਮਾਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਅੱਜ ਸਵੇਰੇ ਹੀ ਵੱਡੀ ਗਿਣਤੀ ਵਿੱਚ ਕਰੀਬ 300 ਤੋਂ ਜ਼ਿਆਦਾ ਪੁਲਸ ਮੁਲਾਜ਼ਮ, ਜਿਨ੍ਹਾਂ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ ਐੱਚ ਓ ਸਰਬਜੀਤ ਸਿੰਘ, ਥਾਣਾ ਤਲਵੰਡੀ ਚੌਧਰੀਆਂ ਦੇ ਐੱਸ ਐੱਚ ਓ ਨਰਿੰਦਰ ਸਿੰਘ ਔਜਲਾ, ਥਾਣਾ ਕਬੀਰਪੁਰ ਦੇ ਐੱਸ ਐੱਚ ਓ ਜੋਗਿੰਦਰ ਸਿੰਘ ਅਤੇ ਹੋਰ ਜ਼ਿਲ੍ਹੇ ਵਿੱਚ ਕਈ ਐੱਸ ਐੱਚ ਓ, ਏ ਐੱਸ ਆਈ, ਹੈੱਡ ਕਾਂਸਟੇਬਲ, ਲੇਡੀ ਪੁਲਸ ਨੇ ਪਹੁੰਚ ਕੇ ਰੇਲਵੇ ਸਟੇਸ਼ਨ ਨੂੰ ਘੇਰੇ ਵਿੱਚ ਲੈ ਲਿਆ, ਜਿੱਥੇ ਪਹਿਲਾਂ ਯਾਤਰੀਆਂ 'ਚ ਇੰਨੀ ਵੱਡੀ ਗਿਣਤੀ ਵਿੱਚ ਪੁਲਸ ਨੂੰ ਵੇਖ ਕੇ ਹੜਕਮ ਮਚ ਗਿਆ। ਮਾਮਲਾ ਤਣਾਅ ਤੇ ਗੰਭੀਰ ਹੋਣ ਕਾਰਨ ਪਹਿਲਾਂ ਨਾਇਬ ਤਹਿਸੀਲਦਾਰ ਮੋਹਨ ਲਾਲ ਪੁੱਜੇ, ਜਿਨ੍ਹਾਂ ਨੇ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ, ਪ੍ਰੰਤੂ ਪੱਕੇ ਮੁਲਾਜ਼ਮਾਂ ਵੱਲੋਂ ਕੋਈ ਵੀ ਗੱਲ ਨਾ ਸੁਣਨ 'ਤੇ ਡੀ ਐੱਸ ਪੀ ਵਰਿਆਮ ਸਿੰਘ ਨੇ ਖੁਦ ਜਾ ਕੇ ਐੱਫ ਐੱਸ ਆਈ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ। ਯੂਨੀਅਨ ਵੱਲੋਂ ਪੁਰਾਣੇ ਸਿਸਟਮ ਨੂੰ ਲੈ ਕੇ ਲੋਡਿੰਗ ਕਰਨ ਦੀ ਜ਼ਿੱਦ 'ਤੇ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਵੀ ਪਹੁੰਚ ਗਏ, ਜਿਨ੍ਹਾਂ ਨੂੰ ਯੂਨੀਅਨ ਦੇ ਆਗੂਆਂ ਨੇ ਦਿੱਲੀ ਹਾਈ ਕੋਰਟ ਦੇ ਸਟੇਅ ਵਾਲੀ ਕਾਪੀ ਵਿਖਾਉਣ ਅਤੇ ਕਿਸੇ ਵੀ ਕੀਮਤ 'ਤੇ ਲੋਡਿੰਗ ਪ੍ਰਾਈਵੇਟ ਠੇਕੇਦਾਰ ਪਾਸੋਂ ਨਾ ਕਰਵਾਉਣ ਦੀ ਗੱਲ ਕਹੀ। ਪ੍ਰਾਈਵੇਟ ਠੇਕੇਦਾਰਾਂ ਕੋਲੋਂ ਲੋਡਿੰਗ ਕਰਵਾਉਣ ਦੇ ਐੱਫ ਸੀ ਆਈ ਦੇ ਫੈਸਲੇ ਵਿਰੁੱਧ ਯੂਨੀਅਨ ਦੇ ਆਗੂਆਂ ਪ੍ਰਧਾਨ ਕੇਵਲ ਸਿੰਘ, ਵਾਇਸ ਪ੍ਰਧਾਨ ਬੂਟਾ ਰਾਮ, ਸੈਕਟਰੀ ਜਰਨੈਲ ਸਿੰਘ, ਰੌਸ਼ਨ ਲਾਲ, ਬਲਬੀਰ, ਤਰਲੋਕ ਸਿੰਘ, ਗੁਰਮੀਤ ਸਿੰਘ, ਪ੍ਰੇਮ ਚੰਦ ਆਦਿ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਲੋਡਿੰਗ ਦਾ ਕੰਮ 1993 ਤੋਂ ਕੇਂਦਰੀ ਫੂਡ ਮਨਿਸਟਰ ਵੱਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ ਐੱਫ ਸੀ ਆਈ ਦੇ ਪੱਕੇ ਮੁਲਾਜ਼ਮ ਹੀ ਕਰਦੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਸੁਲਤਾਨਪੁਰ ਲੋਧੀ ਐੱਫ ਸੀ ਆਈ 'ਚ ਕਰੀਬ 400 ਦੇ ਪਰਵਾਰ ਮਿਹਨਤ ਮਜ਼ਦੂਰ ਕਰਕੇ ਆਪਣੇ ਪਰਵਾਰਾਂ ਦਾ ਪੇਟ ਪਾਲਦੇ ਹਨ, ਜੋ ਕਿ ਇਨ੍ਹਾਂ ਪਰਵਾਰਾਂ ਦਾ ਉਜਾੜਾ ਅਤੇ ਉਨ੍ਹਾ ਨੂੰ ਭੁੱਖੇ ਮਾਰਨ ਦੇ ਇਰਾਦੇ ਨਾਲ ਸਰਕਾਰ ਅਤੇ ਐੱਫ ਸੀ ਆਈ ਮੈਨੇਜਮੈਂਟ ਤਾਨਾਸ਼ਾਹੀ ਫੈਸਲੇ ਨਾਲ ਜ਼ੋਰ ਜ਼ਬਰਦਸਤੀ ਨਾਲ ਲੋਡਿੰਗ ਕਰਵਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਸਾਨੂੰ ਜੇ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦਿੱਲੀ ਹਾਈ ਕੋਰਟ ਦਾ ਸਬਰ ਤੱਕ ਸਟੇਅ ਵੀ ਹੈ, ਪ੍ਰੰਤੂ ਸਰਕਾਰ ਜਾਣ-ਬੁੱਝ ਕੇ ਲਾਠੀਚਾਰਜ ਨਾਲ ਇਸ ਕੰਮ ਕਰਵਾਉਣਾ ਚਾਹੁੰਦੀ ਹੈ।
ਇਸ ਸੰਬੰਧੀ ਐੱਫ ਸੀ ਆਈ ਦੇ ਡੀ ਐੱਮ ਨਰਿੰਦਰ ਕੁਮਾਰ ਮੀਨਾ ਨੇ ਕਿਹਾ ਕਿ ਐੱਫ ਸੀ ਆਈ ਪੱਕੀ ਲੇਬਰ ਦਾ ਕੰਮ ਗੁਦਾਮਾਂ 'ਚ ਕਰਨ ਦਾ ਹੁੰਦਾ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਸਵੇਰੇ 10 ਵਜੇ ਤੋਂ 5 ਵਜੇ ਤੱਕ ਹੁੰਦੀ ਸੀ, ਅਜੇ ਜੇ ਇਸ ਤੋਂ ਬਾਅਦ ਵਿਭਾਗ ਨੂੰ ਕੰਮ ਕਰਵਾਉਣਾ ਪਵੇ ਤਾਂ ਇਸ ਦੇ ਇਵਜ਼ 'ਚ ਲੱਖਾਂ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਉਨ੍ਹਾ ਦੱਸਿਆ ਕਿ ਮੁੰਬਈ ਹਾਈ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਹੁਣ ਐੱਫ ਸੀ ਆਈ ਨੇ ਸਪੈਸ਼ਲ ਮਾਲ ਗੱਡੀ ਫੂਡ ਗਰੇਨ ਦੇ ਕੰਮ ਵਾਸਤੇ ਪ੍ਰਾਈਵੇਟ ਠੇਕੇਦਾਰਾਂ ਨੂੰ ਕੰਮ ਸੌਂਪ ਦਿੱਤਾ ਹੈ। ਇਹ ਹੌਲੀ-ਹੌਲੀ ਹੁਣ ਸਾਰੇ ਪੰਜਾਬ ਸਮੇਤ ਪੂਰੇ ਦੇਸ਼ 'ਚ ਲਾਗੂ ਹੋ ਗਿਆ ਹੈ। ਉਨ੍ਹਾ ਸਪੱਸ਼ਟ ਕੀਤਾ ਕਿ ਇਹ ਪਹਿਲਾਂ ਵਾਂਗ ਗੁਦਾਮਾਂ 'ਚ ਆਪਣਾ ਕੰਮ ਕਰਦੇ ਰਹਿਣਗੇ। ਇਸ ਸੰਬੰਧੀ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਕਿਹਾ ਕਿ ਯੂਨੀਅਨ ਦੇ ਆਗੂ ਜੋ ਦਿੱਲੀ ਹਾਈ ਕੋਰਟ ਦਾ ਸਟੇਅ ਵਿਖਾ ਰਹੇ ਹਨ। ਉਸ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾ ਕਿਹਾ ਕਿ ਦਿੱਲੀ ਹਾਈ ਕੋਰਟ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਾ ਕੱਢਣ ਵਾਸਤੇ ਸਟੇਅ ਦਿੱਤਾ ਹੈ, ਨਾ ਕਿ ਲੋਡਿੰਗ ਦਾ ਕੰਮ ਪ੍ਰਾਈਵੇਟ ਠੇਕੇਦਾਰਾਂ ਪਾਸੋਂ ਕਰਵਾਉਣ ਦਾ। ਉਨ੍ਹਾ ਕਿਹਾ ਕਿ ਸਾਨੂੰ ਤਾਂ ਜੋ ਸਰਕਾਰ ਹੁਕਮ ਦੇਵੇਗੀ, ਅਸੀਂ ਤਾਂ ਉਸ ਦੀ ਪਾਲਣਾ ਕਰਾਂਗੇ। ਐੱਸ ਡੀ ਐੱਮ ਸੁਲਤਾਨਪੁਰ ਲੋਧੀ ਜਦੋਂ ਡੀ ਐੱਸ ਪੀ ਵਰਿਆਮ ਸਿੰਘ ਨੂੰ ਲੋਡਿੰਗ ਦਾ ਕੰਮ ਸ਼ੁਰੂ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ 'ਤੇ ਪੁਲਸ ਨੇ ਜਦੋਂ ਠੇਕੇਦਾਰਾਂ ਨੂੰ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਤਾਂ ਯੂਨੀਅਨ ਦੇ ਆਗੂ ਅਤੇ ਮੁਲਾਜ਼ਮ ਟਰੱਕਾਂ ਦੇ ਅੱਗੇ ਖੜੇ ਹੋ ਕੇ ਪੁਲਸ ਨਾਲ ਬਹਿਸਬਾਜ਼ੀ ਕਰਨ ਲੱਗੇ ਤਾਂ ਪੁਲਸ ਵੱਲੋਂ ਕੀਤੇ ਹਲਕਾ ਲਾਠੀਚਾਰਜ 'ਤੇ ਮੁਲਾਜ਼ਮਾਂ ਨੇ ਉਥੋਂ ਦੌੜ ਕੇ ਖੇਤਾਂ ਵਿੱਚੋਂ ਪੁਲਸ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਦੇ ਜੁਆਬ 'ਚ ਪੁਲਸ ਨੇ ਵੀ ਕੁਝ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਦੌੜਾਇਆ ਤੇ ਪੱਥਰ ਵੀ ਸੁੱਟੇ ਅਤੇ ਯੂਨੀਅਨ ਦੇ ਕੁਝ ਮੁਲਾਜ਼ਮਾਂ ਅਤੇ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ।