ਮੇਲੇ ਦੌਰਾਨ ਹੋਇਆ ਝਗੜਾ ਪੁੱਜਿਆ ਕਤਲਾਂ 'ਤੇਗੁਰੂ ਹਰਸਹਾਏ (ਮਨਦੀਪ ਸਿੰਘ ਸੋਢੀ)
ਸਥਾਨਕ ਕਸਬੇ ਅੰਦਰ ਪੈਂਦੇ ਪਿੰਡ ਪਾਲੇ ਚੱਕ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਹੋਇਆ ਝਗੜਾ ਖੂਨੀ ਸਾਬਤ ਹੋਇਆ ਸੀ, ਜਿਸ ਵਿਚ 2 ਨੌਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ (21) ਪੁੱਤਰ ਜੰਗ ਸਿੰਘ, ਬੇਅੰਤ ਸਿੰਘ (20) ਪੁੱਤਰ ਬਗੀਚਾ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਅਰਮਾਨਦੀਪ ਸਿੰਘ ਨੂੰ ਗੋਲੀਆਂ ਦੇ ਸ਼ਰੇ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।
ਡੀ.ਐਸ.ਪੀ.ਡੀ ਭੁਪਿੰਦਰ ਸਿੰਘ ਭੁੱਲਰ, ਸੀ.ਆਈ.ਇੰਚਾਰਜ ਅਵਤਾਰ ਸਿੰਘ, ਥਾਣਾ ਮੁਖੀ ਭੁਪਿੰਦਰ ਸਿੰਘ, ਸੁਖਚੈਨ ਸਿੰਘ ਏ.ਐਸ.ਆਈ. ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਰਵਾਨਾ ਕਰਵਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ। ਡੀ.ਐਸ.ਪੀ.ਡੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਛੱਤਰ ਸਿੰਘ ਪੁੱਤਰ ਰਤਨ ਸਿੰਘ, ਜਰਨੈਲ ਸਿੰਘ ਪੁੱਤਰ ਬੀਰਾ ਸਿੰਘ, ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਾਲੇ ਚੱਕ ਅਤੇ ਲਖਵਿੰਦਰ ਸਿੰਘ ਪੁੱਤਰ ਜੰਗ ਸਿੰਘ, ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ ਦਾ ਝਗੜਾ ਚੱਲਦਾ ਸੀ।
ਡੀ.ਐਸ.ਪੀ.ਡੀ. ਸ੍ਰੀ ਭੁੱਲਰ ਨੇ ਦੱਸਿਆ ਕਿ ਇਸੇ ਤਕਰਾਰ ਨੂੰ ਲੈ ਕੇ ਅੱਜ ਦੋਵੇਂ ਧਿਰਾਂ ਪਿੰਡ ਪਾਲੇ ਚੱਕ ਅੰਦਰ ਫਿਰ ਆਹਮੋ-ਸਾਹਮਣੇ ਹੋਈਆਂ ਅਤੇ ਝਗੜਾ ਵਧਦਾ ਗਿਆ, ਜਿਸ ਦੌਰਾਨ ਨੱਛਤਰ ਸਿੰਘ ਪੁੱਤਰ ਰਤਨ ਸਿੰਘ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਲਖਵਿੰਦਰ ਸਿੰਘ ਪੁੱਤਰ ਜੰਗ ਸਿੰਘ ਅਤੇ ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ ਨੂੰ ਗੋਲੀਆਂ ਦੇ ਸ਼ਰੇ ਲੱਗਣ ਨਾਲ ਮੌਤ ਹੋ ਗਈ ਅਤੇ ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਅਰਮਾਨਦੀਪ ਸਿੰਘ ਨੂੰ ਸ਼ਰੇ ਲੱਗਣ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮ੍ਰਿਤਕ ਨੌਜਵਾਨਾਂ ਦੇ ਪਰਵਾਰਾਂ ਨੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਵਾਰਕ ਮੈਂਬਰਾਂ ਨੇ ਇਸ ਸਾਰੀ ਵਾਰਦਾਤ ਪਿੱਛੇ ਸਿਆਸੀ ਦਖਲਅੰਦਾਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਬੀਤੀ ਰਾਤ ਦੇ ਸਿਵਲ ਹਸਪਤਾਲ ਵਿਚ ਭਰਤੀ ਹਨ, ਪਰ ਸਿਆਸੀ ਸ਼ਹਿ 'ਤੇ ਨਾ ਤਾਂ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੇ ਸਾਡੀ ਕੋਈ ਸੁਣੀ ਅਤੇ ਨਾ ਹੀ ਪੁਲਸ ਨੇ ਕੋਈ ਕਾਰਵਾਈ ਕੀਤੀ। ਸਿਆਸੀ ਦਬਾਅ ਦੇ ਚੱਲਦਿਆਂ 24 ਘੰਟਿਆਂ ਵਿਚ ਉਨ੍ਹਾਂ ਦੀ ਐਮ.ਐਲ.ਆਰ.ਤੱਕ ਨਹੀਂ ਕੱਟੀ ਗਈ, ਜਿਸ ਕਰਕੇ ਦੋਸ਼ੀਆਂ ਦੇ ਹੌਸਲੇ ਬੁਲੰਦ ਹੋਣ ਕਰਕੇ ਕਤਲ ਕੀਤੇ ਹਨ। ਖਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀਆਂ ਲਾਸ਼ਾ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਸਨ।