ਬੱਚਿਆਂ ਦੀ ਮੌਤ ਲਈ ਯੂ ਪੀ ਸਰਕਾਰ ਜ਼ਿੰਮੇਵਾਰ : ਮਾਇਆਵਤੀ


ਲਖਨਊ (ਨਵਾਂ ਜ਼ਮਾਨਾ ਸਰਵਿਸ)
ਕਥਿਤ ਤੌਰ 'ਤੇ ਆਕਸੀਜਨ ਦੀ ਘਾਟ ਦੇ ਚਲਦੇ ਯੂ ਪੀ ਦੇ ਗੋਰਖਪੁਰ 'ਚ ਹੋਈਆਂ ਬੱਚਿਆਂ ਦੀਆਂ ਮੌਤਾਂ 'ਤੇ ਬੀ ਐਸ ਪੀ ਚੀਫ਼ ਮਾਇਆਵਤੀ ਨੇ ਕਿਹਾ ਹੈ ਕਿ ਮਸੂਮਾਂ ਦੀ ਮੌਤ ਲਈ ਯੂ ਪੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾ ਕਿਹਾ ਕਿ ਮਾਸੂਮਾਂ ਦੇ ਪਰਵਾਰਾਂ ਨੂੰ ਨਿਆਂ ਦਿਵਾਉਣ ਲਈ ਅਸੀਂ ਅੱਗੇ ਆਏ ਹਾਂ। ਮਾਇਆਵਤੀ ਨੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਧਰ ਕਾਂਗਰਸ ਨੇਤਾ ਆਰ ਪੀ ਐਨ ਸਿੰਘ ਨੇ ਕਿਹਾ ਹੈ ਕਿ ਇਹ ਘਟਨਾ ਯੂ ਪੀ ਸਰਕਾਰ ਦੀ ਲਾਪ੍ਰਵਾਹੀ ਨਾਲ ਹੋਈ ਹੈ। ਉਨ੍ਹਾ ਕਿਹਾ ਕਿ ਇਹ ਸਰਕਾਰੀ ਮੈਡੀਕਲ ਕਾਲਜ ਹੈ ਅਤੇ ਸਰਕਾਰ ਨੂੰ ਆਕਸੀਜਨ ਦੀ ਸਪਲਾਈ ਲਈ ਪੂਰੇ ਪੈਸੇ ਦੇਣੇ ਚਾਹੀਦੇ ਸਨ। ਗੌਰਤਲਬ ਹੈ ਕਿ ਹਸਪਤਾਲ ਪ੍ਰਸ਼ਾਸਨ ਦੇ ਨਾਲ-ਨਾਲ ਹਸਪਤਾਲ ਦੇ ਬਾਲ ਰੋਗ ਵਿਭਾਗ ਨੂੰ ਇੱਕ ਚਿੱਠੀ ਜ਼ਰੀਏ ਸੂਚਨਾ ਦਿੱਤੀ ਗਈ ਸੀ ਕਿ ਹਸਪਤਾਲ 'ਚ ਆਕਸੀਜਨ ਸਲੰਡਰ ਦੀ ਘਾਟ ਹੈ। ਇਹ ਚਿੱਠੀ ਬੀ ਆਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਨਾਲ ਨਾਲ ਗੋਰਖਪੁਰ ਡੀ ਐਮ ਅਤੇ ਉੱਤਰ ਪ੍ਰਦੇਸ਼ ਦੇ ਮੈਡੀਕਲ ਅਤੇ ਸਿਹਤ ਸੇਵਾ ਵਿਭਾਗ ਡਾਇਰੈਕਟਰ ਨੂੰ ਭੇਜੀ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ 30 ਬੱਚਿਆਂ ਦੀ ਮੌਤ 'ਤੇ ਗਹਿਰਾ ਦੁੱਖ ਜਤਾਇਆ ਹੈ। ਗੋਰਖਪੁਰ ਦੀ ਰਾਜਨੀਤੀ ਕਾਫ਼ੀ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਸਰਕਾਰ 'ਤੇ ਤਿਖੇ ਹਮਲੇ ਕਰ ਰਹੀ ਹੈ। ਇਸ ਦੁਰਘਟਨਾ ਲਈ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕਾਂਗਰਸ ਨੇ ਕਿਹਾ ਕਿ ਇਸ ਘਟਨਾ ਦੀ 'ਨੈਤਿਕ ਜ਼ਿੰਮੇਵਾਰੀ' ਲੈਂਦੇ ਹੋਏ ਯੂ ਪੀ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ।