ਨਵੀਂ ਪ੍ਰੈੱਸ ਪਾਲਿਸੀ ਜਲਦ ਬਣੇਗੀ : ਕੈਪਟਨ


ਮਾਨਸਾ (ਰੀਤਵਾਲ)
ਪੰਜਾਬ ਸਰਕਾਰ ਨਵੀਂ ਪ੍ਰੈੱਸ ਪਾਲਿਸੀ ਜਲਦ ਬਣਾ ਰਹੀ ਹੈ, ਜਿਸ ਤਹਿਤ ਪੱਤਰਕਾਰਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪਣੀ ਮਾਨਸਾ ਫੇਰੀ ਦੌਰਾਨ ਮੀਡੀਆ ਕਲੱਬ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਟੋਲ ਪਲਾਜ਼ਿਆਂ 'ਤੇ ਪੱਤਰਕਾਰਾਂ ਨੂੰ ਟੋਲ ਟੈਕਸ ਮਾਫ ਕੀਤਾ ਹੈ ਅਤੇ ਕਿਸੇ ਵੀ ਟੋਲ 'ਤੇ ਪ੍ਰੈੱਸ ਮੈਂਬਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮੀਡੀਆ ਕਲੱਬ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸ਼ੀਂਹ ਵੱਲੋਂ ਟੋਲ ਪਲਾਜ਼ਿਆਂ 'ਤੇ ਪੱਤਰਕਾਰਾਂ ਨੂੰ ਤੰਗ ਕਰਨ ਕਰਨ ਦੀ ਸ਼ਿਕਾਇਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਡਾਇਰੈਕਟਰ ਲੋਕ ਸੰਪਰਕ ਪੰਜਾਬ ਨੂੰ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ। ਇਸ ਮੌਕੇ ਮੀਡੀਆ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਹੇਠ ਮੀਡਿਆ ਮੈਂਬਰਾਂ ਨੇ ਮੰਗ ਕੀਤੀ ਕਿ ਸਰਕਾਰ ਪੰਜਾਬੀ ਪੱਤਰਕਾਰੀ ਨਾਲ ਜੁੜੇ ਪੱਤਰਕਾਰਾਂ ਨੂੰ ਦਸ ਹਜ਼ਾਰ ਮਹੀਨਾ ਮਾਣ ਭੱਤਾ ਦੇਵੇ, ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ ਮੀਡੀਆ ਕਲੱਬ ਬਣਾਏ ਜਾਣ ਅਤੇ ਹਰ ਇਕ ਮੈਂਬਰ ਦਾ 20 ਲੱਖ ਦਾ ਲਾਈਫ ਬੀਮਾ ਤੇ ਪੱਤਰਕਾਰਾਂ ਦੇ ਬੱਚਿਆਂ ਲਈ ਉੱਚ ਸਿੱਖਿਆ ਫ਼ਰੀ ਕੀਤੀ ਜਾਵੇ।