'ਲੌÎਂਗ ਮਾਰਚ' ਦੇ ਸਵਾਗਤ ਲਈ ਬੰਗਲਾ ਰਾਏ ਤੋਂ ਵੱਡਾ ਜਥਾ ਪੁੱਜਾ


ਪੱਟੀ/ਹਰੀ ਕੇ ਪੱਤਣ (ਸ਼ਮਸ਼ੇਰ ਸਿੰਘ ਜੋਧਾ/ਹਰਜੀਤ ਸਿੰਘ ਲੱਧੜ)
ਸ਼ਹੀਦਾਂ ਦੀ ਧਰਤੀ 'ਤੇ ਕੰਨਿਆ ਕੁਮਾਰੀ ਤੋਂ ਆ ਰਹੇ ਨੌਜਵਾਨਾਂ ਦੇ 'ਲਾਂਗ ਮਾਰਚ' ਦੇ ਸਿਖਰਲੇ ਸਮਾਗਮ 'ਤੇ ਪਹੁੰਚਣ ਤੋਂ ਪਹਿਲਾਂ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਨੌਜਵਾਨਾਂ ਦੇ ਜਥੇ, ਪਹਿਲਾਂ ਪਿੰਡ ਬੰਗਲਾ ਰਾਏ ਵਿਖੇ ਇਕੱਤਰ ਹੋਏ। ਇਸ ਮੌਕੇ ਪਿੰਡ ਦੀ ਸਮੂਹ ਸੰਗਤ ਨੇ ਇਥੇ ਪਹੁੰਚਣ ਵਾਲੇ ਜਥਿਆਂ ਦਾ ਭਰਪੂਰ ਸਵਾਗਤ ਕੀਤਾ। ਪਿੰਡ ਬੰਗਲਾ ਰਾਏ ਦੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੁਲ ਹਿੰਦ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀ ਮੇਘਾ, ਕਾਮਰੇਡ ਹਰਭਜਨ ਸਿੰਘ ਅਤੇ ਤਾਰਾ ਸਿੰਘ ਬੰਗਲਾ ਰਾਏ ਨੇ ਕਿਹਾ ਕਿ 'ਲਾਂਗ ਮਾਰਚ' ਦੀ ਮੁੱਖ ਮੰਗ ਇਹ ਹੈ ਕਿ 'ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ' ਬਣਾਇਆ ਜਾਵੇ, ਜਿਸ ਵਿੱਚ 18 ਤੋਂ 58 ਸਾਲ ਦੇ ਹਰੇਕ ਮਰਦ ਅਤੇ ਔਰਤ ਨੂੰ ਰੁਜ਼ਗਾਰ ਮਿਲਣਾ ਯਕੀਨੀ ਹੋਵੇ। ਇਸ ਵੇਲੇ ਦੇਸ਼ ਦੀ ਸੱਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਕਾਰਨ ਹੀ ਵਿਹਲੇ ਨੌਜਵਾਨ ਸਮਾਜ ਵਿੱਚ ਪਾਈਆਂ ਜਾਂਦੀਆਂ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਜਾਂਦੇ ਹਨ। ਜੇ ਨੌਜਵਾਨ ਰੁਜ਼ਗਾਰ 'ਤੇ ਲੱਗੇ ਹੋਣਗੇ ਤਾਂ ਸਮਾਜਿਕ ਕੁਰੀਤੀਆਂ ਤੋਂ ਬਚੇ ਰਹਿਣਗੇ।
ਇਸ ਮੌਕੇ ਬੁਲਾਰਿਆਂ ਨੇ ਨੌਜਵਾਨਾਂ ਨੂੰ ਸਹੀ ਸੇਧ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕਾਮਰੇਡ ਤਾਰਾ ਸਿੰਘ ਬੰਗਲਾ ਰਾਏ ਨੇ ਜਥੇ ਨੂੰ ਹੁਸੈਨੀਵਾਲਾ ਲਈ ਰਵਾਨਾ ਕੀਤਾ। ਇਸ ਮੌਕੇ ਜਥੇ ਦਾ ਸਵਾਗਤ ਕਰਨ ਲਈ ਪੰਜਾਬ ਇਸਤਰੀ ਸਭਾ ਦੀਆਂ ਆਗੂ ਰਜਿੰਦਰਪਾਲ ਕੌਰ, ਸੀਮਾ ਸੋਹਲ, ਕਿਰਨਬੀਰ ਕੌਰ ਵਲਟੋਹਾ, ਰੁਪਿੰਦਰ ਕੌਰ ਮਾੜੀ ਮੇਘਾ ਵਿਸ਼ੇਸ਼ ਤੌਰ 'ਤੇ ਪਹੁੰਚੀਆਂ, ਜਿਨ੍ਹਾਂ ਨੇ ਪਵਨ ਕੁਮਾਰ ਭਿੱਖੀਵਿੰਡ ਦੀ ਅਗਵਾਈ ਹੇਠ ਲੜਕੀਆਂ ਦਾ ਇੱਕ ਜਥਾ ਵੀ ਰਵਾਨਾ ਕੀਤਾ। ਸਮੁੱਚੇ ਜਥੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਕਾਲਾ, ਜ਼ਿਲ੍ਹਾ ਜਨਰਲ ਸਕੱਤਰ ਹਰਭਿੰਦਰ ਸਿੰਘ ਕਸੇਲ, ਲਖਵਿੰਦਰ ਸਿੰਘ ਗੋਪਾਲਪੁਰਾ, ਬਲਕਾਰ ਸਿੰਘ ਦੁਧਾਲਾ, ਦਵਿੰਦਰ ਸਿੰਘ ਸੋਹਲ, ਵਿਸ਼ਾਲਦੀਪ ਵਲਟੋਹਾ, ਬਲਦੇਵ ਸਿੰਘ ਧੂੰਦਾ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਗੁਰਚਰਨ ਸਿੰਘ ਕੰਡਾ ਫਤਿਹਾਬਾਦ ਅਤੇ ਲਵਪ੍ਰੀਤ ਸਿੰਘ ਢੋਟੀਆਂ ਨੇ ਕੀਤੀ।
ਪਿੰਡ ਬੰਗਲਾ ਰਾਏ ਤੋਂ ਜਥੇ ਦਾ ਸਵਾਗਤ ਕਰਨ ਵਾਲਿਆਂ ਵਿੱਚ ਅਵਤਾਰ ਸਿੰਘ ਸਰਪੰਚ, ਰਾਜ ਸਿੰਘ, ਗੰਗਾ ਸਿੰਘ ਸਾਬਕਾ ਸਰਪੰਚ, ਗੁਰਦੁਆਰਾ ਕਮੇਟੀ ਮੈਂਬਰ ਜੋਗਿੰਦਰ ਸਿੰਘ, ਸੁਖਚੈਨ ਸਿੰਘ, ਬਲਦੇਵ ਸਿੰਘ, ਜੁਗਰਾਜ ਸਿੰਘ, ਗੁਰਲਾਲ ਸਿੰਘ, ਪ੍ਰਤਾਪ ਸਿੰਘ, ਹਰਮਿੰਦਰ ਸਿੰਘ ਸੋਢੀ, ਤਾਰਾ ਸਿੰਘ ਖਹਿਰਾ, ਜਗੀਰੀ ਰਾਮ ਪੱਟੀ, ਲਖਬੀਰ ਸਿੰਘ ਨਿਜ਼ਾਮਪੁਰਾ, ਬਲਵਿੰਦਰ ਸਿੰਘ ਦੁਧਾਲਾ, ਜੈਮਲ ਸਿੰਘ ਬਾਠ ਆਦਿ ਹਾਜ਼ਰ ਸਨ।