ਥਰਮਲ ਪਲਾਂਟ ਬੰਦ ਕਰਨ ਦੀ ਨੀਤੀ ਵਾਪਸ ਲਈ ਜਾਵੇ : ਮਾੜੀਮੇਘਾ


ਤਰਨ ਤਾਰਨ
(ਨਵਾਂ ਜ਼ਮਾਨਾ ਸਰਵਿਸ)
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਪੰਜਾਬ ਦੀ ਜਨਤਾ ਦਾ ਜੀਊਣਾ ਮੁਸ਼ਕਲ ਬਣਾ ਦਿੱਤਾ ਹੈ। ਮੋਦੀ ਦੀ ਸਰਕਾਰ ਦੇ ਅੱਛੇ ਦਿਨ ਨਹੀਂ ਆਏ ਸਗੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਦਿਨ ਆਏ ਹਨ। ਲੋਕ ਦਿਨੋ-ਦਿਨ ਗਰੀਬ ਹੁੰਦੇ ਜਾ ਰਹੇ ਅਤੇ ਗਰੀਬੀ ਦੇ ਕਾਰਨ ਉਨ੍ਹਾਂ ਤੋਂ ਬੈਂਕਾਂ ਦੇ ਸ਼ਾਹੂਕਾਰਾਂ ਦਾ ਕਰਜ਼ਾ ਮੋੜਿਆ ਨਹੀਂ ਜਾ ਰਿਹਾ। ਦੇਸ਼ ਦੇ ਇਹੋ ਜਿਹੇ ਦੁਰਗਤ ਭਰੇ ਹਾਲਾਤ ਵਿੱਚ ਮੋਦੀ ਦੀ ਸਰਕਾਰ ਅਤੇ ਬੀ ਜੇ ਪੀ ਫ਼ਿਰਕੂ ਖੇਡ ਰਹੀ ਹੈ। ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਪਰ ਸਰਕਾਰ ਗੁੰਗੀ ਬੋਲੀ ਹੋਈ ਪਈ ਹੈ। ਦੇਸ਼ ਦੇ ਵਿਕਾਸ ਦੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਦੇਸ਼ ਵਿੱਚ ਗਰੀਬੀ ਵਧਦੀ ਜਾ ਰਹੀ ਹੈ। ਪੰਜਾਬ ਦੀ ਕੈਪਟਨ ਸਰਕਾਰ ਵੀ ਹੁਣ ਤੱਕ ਮਹਿੰਗਾਈ 'ਤੇ ਕੰਟਰੋਲ ਨਹੀਂ ਕਰ ਸਕੀ। ਖਾਣ-ਪੀਣ ਵਾਲੀਆਂ ਵਸਤਾਂ ਅਤੇ ਸਿਹਤ ਸਹੂਲਤਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਬੇਰੁਜ਼ਗਾਰੀ ਦੇ ਕਾਰਨ ਜਵਾਨੀ ਮਾਯੂਸੀ ਦੀ ਹਾਲਤ ਵਿੱਚ ਹੈ। ਲੋਕਾਂ ਨੂੰ ਪੈਨਸ਼ਨਾਂ ਕਈ ਮਹੀਨਿਆਂ ਤੋਂ ਨਹੀਂ ਮਿਲ ਰਹੀਆਂ।
ਉਕਤ ਮਸਲਿਆਂ ਨੂੰ ਲੈ ਕੇ ਸੀ ਪੀ ਆਈ ਵੱਲੋਂ 27 ਨਵੰਬਰ ਨੂੰ ਲੁਧਿਆਣਾ ਵਿਖੇ ਮਹਾਂ ਰੈਲੀ ਕੀਤੀ ਰਹੀ ਹੈ।
ਅੱਜ ਦੀ ਮੀਟਿੰਗ ਵਿੱਚ ਸੀ ਪੀ ਆਈ ਦੇ ਕਾਰਜਕਾਰੀ ਸਕੱਤਰ ਦਵਿੰਦਰ ਸੋਹਲ, ਜ਼ਿਲ੍ਹਾ ਸਕੱਤਰ ਤਾਰਾ ਸਿੰਘ ਖੈਹਰਾ, ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਪ੍ਰਿੰਥੀਪਾਲ ਸਿੰਘ ਮਾੜੀਮੇਘਾ, ਰਜਿੰਦਰ ਪਾਲ ਕੌਰ, ਗੁਰਦਿਆਲ ਸਿੰਘ ਖਡੂਰ ਸਾਹਿਬ, ਪਵਨ ਕੁਮਾਰ ਭਿਖੀਵਿੰਡ, ਜਗੀਰੀ ਰਾਮ ਪੱਟੀ, ਸਵਰਨ ਸਿੰਘ ਨਾਗੋਕੇ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਚਰਨ ਸਿੰਘ ਤਰਨ ਤਾਰਨ, ਸੁਖਚੈਨ ਸਿੰਘ, ਕਿਰਨਬੀਰ ਕੌਰ ਵਲਟੋਹਾ, ਸੀਮਾ ਸੋਹਲ ਹਾਜ਼ਰ ਸਨ।
ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਜੋ ਥਰਮਲ ਪਲਾਂਟ ਬੰਦ ਕਰਨ ਦੀ ਨੀਤੀ ਬਣਾਈ ਹੈ, ਇਹ ਬੰਦ ਹੋਣ ਨਾਲ ਪੰਜਾਬ ਸਰਕਾਰ ਨੂੰ ਬਿਜਲੀ ਦੂਜੇ ਸੂਬਿਆਂ ਤੋਂ ਲੈਣੀ ਪਵੇਗੀ, ਜਿਸ ਦਾ ਅਸਰ ਪੰਜਾਬ ਦੇ ਖਪਤਕਾਰਾਂ 'ਤੇ ਪਵੇਗਾ। ਥਰਮਲ ਪਲਾਂਟ ਬੰਦ ਹੋਣ ਨਾਲ ਸੈਂਕੜੇ ਮੁਲਾਜ਼ਮ ਕੰਮ ਤੋਂ ਬਾਹਰ ਹੋ ਜਾਣਗੇ, ਜਿਸ ਨਾਲ ਬੇਰੁਜ਼ਗਾਰੀ ਹੋਰ ਵਧੇਗੀ। ਸਰਕਾਰ ਥਰਮਲ ਪਲਾਂਟ ਬੰਦ ਕਰਨ ਦੀ ਨੀਤੀ ਵਾਪਸ ਲਵੇ।