ਸੁਰੱਖਿਅਤ ਬਚਪਨ ਲਈ ਪੰਜਾਬ ਨੂੰ ਇਕ ਮਾਡਲ ਸੂਬਾ ਬਣਾਇਆ ਜਾਵੇਗਾ : ਕੈਪਟਨ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਸੁਰੱਖਿਅਤ ਬਚਪਨ ਲਈ ਪੰਜਾਬ ਨੂੰ ਇਕ ਮਾਡਲ ਰਾਜ ਬਣਾਵੇਗੀ। ਸ੍ਰੀ ਸੱਤਿਆਰਥੀ ਅੱਜ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲੇ। ਮੁੱਖ ਮੰਤਰੀ ਨੇ ਸ੍ਰੀ ਸੱਤਿਆਰਥੀ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪਹਿਲਕਦਮੀਆਂ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਵਿਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਕਦਮ ਚੁੱਕੇ ਗਏ ਹਨ, ਕਿਉਂਕਿ ਨਸ਼ਿਆਂ ਨੇ ਸੂਬੇ ਦੇ ਬਹੁਤ ਸਾਰੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ।
ਸ੍ਰੀ ਸੱਤਿਆਰਥੀ ਸੁਰੱਖਿਅਤ ਬਚਪਨ ਦੇ ਵਾਸਤੇ ਰਾਸ਼ਟਰ ਵਿਆਪੀ ਯਾਤਰਾ ਦੇ ਹਿੱਸੇ ਵਜੋਂ ਚੰਡੀਗੜ੍ਹ ਆਏ ਸਨ ਅਤੇ ਉਨ੍ਹਾਂ ਨੇ ਅੱਜ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਸੁਰੱਖਿਅਤ ਬਚਪਨ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਤੋਂ ਮਦਦ ਤੇ ਸਹਿਯੋਗ ਦੀ ਸ੍ਰੀ ਸਤਿਆਰਥੀ ਵੱਲੋਂ ਕੀਤੀ ਗਈ ਅਪੀਲ ਦੇ ਹੁੰਘਾਰੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੂਬੇ ਦੇ ਪੁਲਸ ਥਾਣਿਆਂ ਨੂੰ ਬੱਚਿਆਂ ਪੱਖੀ ਬਣਾਉਣ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਸੂਬੇ ਵਿਚ ਬੱਚਿਆਂ ਦੀ ਸੁਰੱਖਿਆ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਸ੍ਰੀ ਸਤਿਆਰਥੀ ਦੀ 'ਬਚਪਨ ਬਚਾਓ' ਸੰਸਥਾ ਦੇ ਸਮੱਰਥਨ ਦੀ ਮੰਗ ਕੀਤੀ। ਸ੍ਰੀ ਸੱਤਿਆਰਥੀ ਨੇ ਕਿਹਾ ਕਿ ਬੱਚਿਆਂ ਦੇ ਸ਼ੋਸ਼ਣ ਅਤੇ ਉਨ੍ਹਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਜਾਗਰੁਕਤਾ ਪੈਦਾ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਬੱਚਿਆਂ ਵਿਰੁੱਧ ਹਿੰਸਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ 'ਤੇ ਜ਼ੋਰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਕਿਰਤ ਸੰਜੇ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।