Latest News
ਕਾਮਰੇਡ ਰਾਜ ਕੁਮਾਰ ਧਾਲੀਵਾਲ ਨੂੰ ਭਰਪੂਰ ਸ਼ਰਧਾਂਜਲੀਆਂ

Published on 01 Nov, 2017 09:32 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਅੱਜ ਇੱਥੇ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਕਾਮਰੇਡ ਰਾਜ ਕੁਮਾਰ ਧਾਰੀਵਾਲ ਸਾਬਕਾ ਐੱਮ ਐੱਲ ਏ ਦੀ ਯਾਦ ਵਿਚ ਸ਼ੋਕ ਸਮਾਗਮ ਹੋਇਆ, ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਅਤੇ ਲੇਖਕਾਂ, ਵਿਦਵਾਨਾਂ ਨੇ ਕਾਮਰੇਡ ਰਾਜ ਕੁਮਾਰ ਧਾਰੀਵਾਲ ਦੀ ਪ੍ਰਤਿਬੱਧਤਾ ਨਾਲ ਲੋਕ ਸੇਵਾ ਅਤੇ ਪਾਰਟੀ ਸਮਰਪਣ ਦੀ ਭਰਪੂਰ ਪ੍ਰਸੰਸਾ ਕੀਤੀ। ਸ. ਲਾਲ ਸਿੰਘ ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਅਤੇ ਉਪ-ਪ੍ਰਧਾਨ ਪੰਜਾਬ ਕਾਂਗਰਸ ਨੇ ਸਾਥੀ ਰਾਜ ਕੁਮਾਰ ਨਾਲ ਅਸੰਬਲੀ ਵਿਚ ਕੀਤੇ ਕੰਮ ਨੂੰ ਫ਼ਖ਼ਰ ਨਾਲ ਚੇਤੇ ਕੀਤਾ ਅਤੇ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਂਦੇ ਅਤੇ ਲੋਕਾਂ ਦੇ ਮੁੱਦੇ ਚੁੱਕਦੇ ਸਨ। ਸ. ਸੁਖਪਾਲ ਸਿੰਘ ਖਹਿਰਾ, ਆਪੋਜ਼ੀਸ਼ਨ ਆਗੂ ਵਿਧਾਨ ਸਭਾ ਪੰਜਾਬ ਨੇ ਸਾਥੀ ਰਾਜ ਕੁਮਾਰ ਦੀ ਦਿਆਨਤਦਾਰੀ ਨਾਲ ਲੋਕਾਂ ਲਈ ਕੰਮ ਕਰਨ ਦੀ ਸਰਾਹਨਾ ਕਰਦਿਆਂ ਅੱਜ ਦੇ ਸਮੇਂ ਵਿਚ ਸਿਆਸੀ ਆਗੂਆਂ ਵਿਚ ਆਏ ਨਿਘਾਰ ਵਿਰੁੱਧ ਆਵਾਜ਼ ਚੁੱਕਣ ਲਈ ਕਿਹਾ।
ਡਾ. ਜੋਗਿੰਦਰ ਦਿਆਲ, ਮੈਂਬਰ ਕੌਮੀ ਕਾਰਜਕਾਰਨੀ ਸੀ ਪੀ ਆਈ ਨੇ ਸਾਥੀ ਰਾਜ ਕੁਮਾਰ ਵੱਲੋਂ ਮੁਲਕ ਦੀ ਵੰਡ ਵੇਲੇ ਮੁਸਲਮਾਨਾਂ ਨੂੰ ਬਚਾਉਣ ਅਤੇ ਸਰਹੱਦ ਪਾਰ ਕਰਵਾਉਣ ਲਈ ਜਾਨ ਜੋਖਮ ਵਿਚ ਪਾ ਕੇ ਕੀਤੇ ਕੰਮ ਦੀ ਗੱਲ ਕੀਤੀ ਅਤੇ ਅੱਜ ਫਿਰ ਮੁਲਕ ਨੂੰ ਪਾੜਨ 'ਤੇ ਤੁਲੀਆਂ ਫਿਰਕੂ ਮੂਲਵਾਦੀ ਤਾਕਤਾਂ ਵਿਰੁੱਧ ਸਾਂਝੇ ਸੰਘਰਸ਼ ਉਤੇ ਜ਼ੋਰ ਦਿੱਤਾ।
ਸਾਥੀ ਵਿਜੈ ਕੁਮਾਰ ਮਿਸ਼ਰਾ ਕੇਂਦਰੀ ਕਮੇਟੀ ਮੈਂਬਰ ਸੀ ਪੀ ਆਈ (ਐੱਮ) ਨੇ ਗੁਰਦਾਸਪੁਰ ਵਿਚ ਕੰਮ ਕਰਦੇ ਸਮੇਂ ਸਾਥੀ ਰਾਜ ਕੁਮਾਰ ਧਾਰੀਵਾਲ ਨਾਲ ਗੁਜ਼ਾਰੇ ਸਮੇਂ, ਜਿਸ ਦੌਰਾਨ ਉਹ ਇਕੱਠੇ ਮਿਹਨਤਕਸ਼ ਲੋਕਾਂ ਲਈ ਜੂਝਦੇ ਸਨ, ਨੂੰ ਉਤਸ਼ਾਹ ਨਾਲ ਚੇਤੇ ਕੀਤਾ ਅਤੇ ਅਸਲ ਜ਼ਿੰਦਗੀ 'ਤੇ ਜ਼ੋਰ ਦਿੱਤਾ, ਜਿਹੜੀ ਮਨੁੱਖੀ ਜੀਵਨ ਨੂੰ ਸਰਬੋਤਮ ਸਮਝਦੀ ਹੈ।
ਆਰ ਐੱਮ ਪੀ ਆਈ ਦੇ ਸੂਬਾ ਆਗੂ ਸਾਥੀ ਸੱਜਣ ਸਿੰਘ ਨੇ ਮੁਲਾਜ਼ਮ ਆਗੂ ਹੁੰਦੇ ਸਮੇਂ ਮੁਲਾਜ਼ਮਾਂ ਦੀਆਂ ਮੰਗਾਂ ਲਈ ਸਾਥੀ ਰਾਜ ਕੁਮਾਰ ਵੱਲੋਂ ਦਿੱਤੇ ਸਮਰਥਨ ਅਤੇ ਕੁਰੱਪਸ਼ਨ ਵਿਰੁੱਧ ਲੜਾਈ ਵਿਚ ਉਹਨਾਂ ਨੂੰ ਮਿਸਾਲੀ ਆਖਿਆ।
ਪ੍ਰੋ. ਹਰਕਿਸ਼ਨ ਸਿੰਘ ਮਹਿਤਾ, ਜਿਹਨਾਂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ, ਨੇ ਸਾਥੀ ਰਾਜ ਕੁਮਾਰ ਨੂੰ ਵਿਸ਼ਵ ਨਾਗਰਿਕ ਖਿਤਾਬ ਦਿੱਤਾ, ਜਿਹੜੇ ਸਮੁੱਚੀ ਮਨੁੱਖਤਾ ਲਈ ਸੋਚਦੇ ਸਨ ਅਤੇ ਅਮਨ ਤੇ ਦੋਸਤੀ ਲਈ ਕੰਮ ਕਰਦੇ ਸਨ।
ਆਰੰਭ ਵਿਚ ਸਾਥੀ ਸੁਰਜੀਤ ਸਿੰਘ ਜਨਰਲ ਸਕੱਤਰ ਪੰਜਾਬ ਇਸਕਫ ਨੇ ਸਾਥੀ ਰਾਜ ਕੁਮਾਰ ਨਾਲ ਕੀਤੇ ਲੰਮੇ ਸਮੇਂ ਤੱਕ ਪਹਿਲਾਂ ਇਸਕਸ (ਹਿੰਦ-ਰੂਸ ਮਿੱਤਰਤਾ ਸਭਾ) ਅਤੇ ਫਿਰ ਇਸਕਫ ਦੇ ਮੋਰਚੇ 'ਤੇ ਕੰਮ ਕਰਨ ਨੂੰ ਜ਼ਿੰਦਗੀ ਦਾ ਅਮੁੱਲ ਸਰਮਾਇਆ ਕਿਹਾ ਅਤੇ ਉਹਨਾਂ ਦੇ ਸੰਘਰਸ਼ਮਈ ਜੀਵਨ ਬਾਰੇ ਜਾਣਕਾਰੀ ਦਿੱਤੀ।
ਡਾ. ਸੁਖਦੇਵ ਸਿੰਘ ਸਿਰਸਾ, ਡਾ. ਰਾਬਿੰਦਰ ਨਾਥ ਸ਼ਰਮਾ, ਸ੍ਰੀ ਜਤਿੰਦਰ ਭਾਟੀਆ (ਸਾਥੀ ਰਾਜ ਕੁਮਾਰ ਦੇ ਸੰਬੰਧੀ), ਗੁਰਨਾਮ ਕੰਵਰ ਨੇ ਵੀ ਸਾਥੀ ਰਾਜ ਕੁਮਾਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼ੋਕ ਸਮਾਗਮ ਵਿਚ ਪ੍ਰੋ. ਮਨਜੀਤ ਸਿੰਘ, ਡਾ. ਸਰਬਜੀਤ ਸਿੰਘ, ਪ੍ਰੋ. ਰਾਜਿੰਦਰ ਸਿੰਘ, ਸਾਥੀ ਕੰਵਲਜੀਤ ਸਿੰਘ, ਸਾਥੀ ਗੁਰਦੀਪ ਸਿੰਘ, ਸਾਥੀ ਹਰਚੰਦ ਸਿੰਘ ਬਾਠ, ਆਰ ਐੱਲ ਮੋਦਗਿੱਲ, ਇੰਦਰਜੀਤ ਗਰੇਵਾਲ, ਸ਼ਹਿਨਾਜ਼ ਮੁਹੰਮਦ, ਪੱਤਰਕਾਰ ਜਗਤਾਰ ਸਿੰਘ, ਬਲਬੀਰ ਜੰਡੂ, ਸ਼ਸ਼ ਚੀਮਾ, ਮਹਿੰਦਰਪਾਲ, ਰਾਜ ਕੁਮਾਰ, ਕਰਮ ਸਿੰਘ ਵਕੀਲ, ਸੰਜੀਵਨ ਸਿੰਘ, ਏ.ਐੱਸ. ਪਾਲ, ਪ੍ਰੋ. ਸਵਰਨਜੀਤ ਮਹਿਤਾ, ਸੋਹਨ ਲਾਲ ਬਾਂਸਲ, ਬਿਮਲ ਸ਼ਰਮਾ, ਮੋਹਨ ਸਿੰਘ, ਪ੍ਰੋ. ਮਨਦੀਪ ਸਿੰਘ ਚੰਨ, ਸੁਰਜੀਤ ਕਾਲੜਾ, ਊਸ਼ਾ ਕੰਵਰ, ਜਗਰਾਜ ਸਿੰਘ ਯੂ ਐੱਸ ਏ, ਲਾਲਜੀ ਲਾਲੀ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਸਨ।

691 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper