ਅਮਰੀਕਾ 'ਚ ਪੰਜਾਬਣ 'ਤੇ ਚੜ੍ਹਾਇਆ ਟਰੱਕ, ਮੌਤ


ਨਿਊ ਯਾਰਕ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ 'ਚ 18 ਸਾਲਾ ਦੰਦਾਂ ਦੀ ਡਾਕਟਰੀ ਦੀ ਪੜ੍ਹਾਈ ਕਰਦੀ ਪੰਜਾਬੀ ਵਿਦਿਆਰਥਣ ਤਰਨਜੀਤ ਪਰਮਾਰ ਦੀ ਹਿੱਟ ਐਂਡ ਰਨ ਮਾਮਲੇ 'ਚ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਇਕ ਪਿਕਅਪ ਟਰੱਕ ਦੇ ਚਾਲਕ ਵੱਲੋਂ ਤਰਨਜੀਤ ਦੀ ਗੱਡੀ ਨਾਲ ਮਾਮੂਲੀ ਟੱਕਰ ਤੋਂ ਬਾਅਦ ਉਸ 'ਤੇ ਟਰੱਕ ਨੂੰ ਚੜ੍ਹਾ ਦਿੱਤਾ।
'ਨਿਊ ਯਾਰਕ ਡੇਲੀ ਨਿਊਜ਼' ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਤਰਨਜੀਤ ਪਰਮਾਰ ਵਾਪਸ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇਸੇ ਦੌਰਾਨ ਉਸ ਦੀ ਗੱਡੀ ਦੀ ਇਕ ਪਿਕਅਪ ਟਰੱਕ ਨਾਲ ਮਾਮੂਲੀ ਟੱਕਰ ਹੋ ਗਈ। ਜਦੋਂ ਤਰਨਜੀਤ ਆਪਣੀ ਗੱਡੀ ਨੂੰ ਹੋਏ ਨੁਕਸਾਨ ਨੂੰ ਵੇਖਣ ਲਈ ਥੱਲੇ ਉਤਰੀ ਤਾਂ ਪਿਕਅਪ ਟਰੱਕ ਦੇ ਡਰਾਈਵਰ ਨੇ ਤਰਨਜੀਤ ਪਰਮਾਰ ਦੇ ਉੱਪਰ ਟਰੱਕ ਚੜ੍ਹਾ ਦਿੱਤਾ ਅਤੇ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ। ਤਰਨਜੀਤ ਦੇ ਪਿਤਾ ਰਣਜੀਤ ਪਰਮਾਰ ਦੇ ਦੱਸਣ ਅਨੁਸਾਰ, ਜਦੋਂ ਤਰਨਜੀਤ ਦੇ ਉਪਰੋਂ ਟਰੱਕ ਲੰਘਾਇਆ, ਤਦ ਉਹ ਆਪਣੀ ਮਾਂ ਦੇ ਨਾਲ ਫ਼ੋਨ 'ਤੇ ਗੱਲਬਾਤ ਕਰ ਰਹੀ ਸੀ। ਇਸੇ ਦੌਰਾਨ ਉਸ ਨੇ ਆਪਣੇ ਵੱਲ ਆਉਂਦੇ ਟਰੱਕ ਨੂੰ ਵੇਖਿਆ ਤੇ ਇਸ ਤੋਂ ਬਾਅਦ ਫ਼ੋਨ ਕਾਲ ਕੱਟੀ ਗਈ। ਹਾਦਸੇ ਤੋਂ ਬਾਅਦ ਤੁਰੰਤ ਤਰਨਜੀਤ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਜਿੱਥੇ ਇਹ ਹਾਦਸਾ ਵਾਪਰਿਆ, ਉਸ ਥਾਂ ਤੋਂ ਕੇਵਲ 10 ਮਿੰਟ ਦੀ ਦੂਰੀ 'ਤੇ ਹੀ ਤਰਨਜੀਤ ਦਾ ਘਰ ਹੈ।