ਬੀ ਐੱਸ ਐੱਫ ਨੂੰ ਵੱਡੀ ਕਾਮਯਾਬੀ, 2 ਅਰਬ 75 ਕਰੋੜ ਦੀ ਹੈਰੋਇਨ ਸਮੇਤ ਦੋ ਪਿਸਤੌਲ ਬਰਾਮਦ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਬੀ ਐੱਸ ਐੱਫ ਨੇ 2 ਅਰਬ 75 ਕਰੋੜ ਦੇ ਕੌਮਾਂਤਰੀ ਮੁੱਲ ਦੀ ਹੈਰੋਇਨ ਦੇ 55 ਪੈਕਟ ਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਬੀ. ਐੱਸ. ਐੱਫ ਦੀ 12ਵੀਂ ਬਟਾਲੀਅਨ ਨੂੰ ਮਿਲੀ ਪੁਖਤਾ ਸੂਚਨਾ ਦੇ ਅਧਾਰ 'ਤੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੈਦੀ ਬਾਹਰੀ ਸਰਹੱਦੀ ਚੌਕੀ ਰੋਸੇ ਨਜ਼ਦੀਕ ਭਾਰਤ ਅੰਦਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ ਕਰ ਰਹੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਅਸਫਲ ਬਣਾਇਆ ਹੈ।
ਰੋਸੇ ਚੌਕੀ ਨਜ਼ਦੀਕ ਹਨੇਰਾ ਹੁੰਦੇ ਹੀ ਕੱਲ੍ਹ ਸ਼ਾਮ ਸਮੇਂ ਬੀ ਐੱਸ. ਐੱਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਕੁਝ ਹਰਕਤ ਵੇਖੀ, ਜਿਸ 'ਤੇ ਉਹਨਾਂ ਭਾਰਤ ਅੰਦਰ ਪਾਈਪ ਪਾ ਕੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ ਕਰ ਰਹੇ ਕੁਝ ਪਾਕਿਸਤਾਨੀ ਤਸਕਰਾਂ ਨੂੰ ਲਲਕਾਰਿਆ, ਪਰ ਉਨ੍ਹਾਂ ਆਪਣਾ ਕੰਮ ਜਾਰੀ ਰੱਖਿਆ, ਜਿਸ 'ਤੇ ਬੀ ਐੱਸ ਐੱਫ ਵੱਲੋਂ ਆਪਣੇ ਬਚਾਅ ਵਿੱਚ ਤਸਕਰਾਂ 'ਤੇ ਗੋਲੀ ਚਲਾਈ ਅਤੇ ਪਾਕਿਸਤਾਨੀ ਤਸਕਰ ਭੱਜਣ 'ਚ ਕਾਮਯਾਬ ਹੋ ਗਏ। ਉਸ ਵੇਲੇ ਕੀਤੀ ਗਈ ਕਾਰਵਾਈ ਵਿੱਚ 55 ਪੈਕੇਟ ਹੈਰੋਇਨ ਅਤੇ 2 ਪਿਸਤੌਲ ਬਾਰਮਦ ਕੀਤੇ। ਬੀ ਐੱਸ ਐੱਫ ਦੇ ਅਧਿਕਾਰੀਆਂ ਵੱਲੋਂ ਇਸ ਸੰਬੰਧੀ ਵੀਰਵਾਰ ਨੂੰ ਖੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ।