ਇਕੋ ਦਿਨ ਮਾਸਟਰ ਕਾਡਰ ਤੇ ਐੱਮ ਐੱਸ ਸੀ ਦਾ ਪੇਪਰ ਹੋਣ ਕਾਰਨ ਉਮੀਦਵਾਰ ਪ੍ਰੇਸ਼ਾਨ


ਚੱਕ ਵੈਰੋਕਾ (ਸ਼ਮਿੰਦਰ ਸਿੰਘ ਬਰਾੜ)
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐੱਮ.ਐੱਸ ਸੀ (ਨਾਨ ਮੈਡੀਕਲ) ਭਾਗ ਪਹਿਲਾ ਦਾ ਪੇਪਰ 9 ਦਸੰਬਰ ਨੂੰ ਲਿਆ ਜਾ ਰਿਹਾ ਹੈ, ਠੀਕ ਇਸੇ ਹੀ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਮਾਸਟਰ ਕੇਡਰ ਦੇ ਪੇਪਰ ਲਏ ਜਾਣ ਕਾਰਨ ਪੇਪਰ ਦੇਣ ਵਾਲੇ ਉਮੀਦਵਾਰਾ 'ਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਇਸ ਸੰਬੰਧੀ ਪ੍ਰਭਾਵਿਤ ਹੋ ਰਹੇ ਵਿਦਿਆਰਥੀਆਂ ਅਤੇ ਉਮੀਦਵਾਰਾਂ ਵੱਲੋਂ ਸਿੱਖਿਆ ਭਰਤੀ ਵਿਭਾਗ ਪੰਜਾਬ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੰਬੰਧਤ ਵਿਦਿਅਕ ਵਿਭਾਗ ਉਮੀਦਵਾਰਾਂ ਦੇ ਭਵਿੱਖ ਨੂੰ ਦੇਖਦੇ ਹੋਏ 9 ਦਸੰਬਰ ਦੀਆਂ ਦੋਵਾਂ ਪੇਪਰਾਂ ਦੀਆਂ ਪਹਿਲਾਂ ਤਹਿ ਕੀਤੀਆ ਤਰੀਕਾਂ ਵਿਚ ਫੇਰ-ਬਦਲ ਕਰਨ ਦਾ ਤੁਰੰਤ ਫੈਸਲਾ ਲੈਣ।
ਇਸ ਸੰਬੰਧੀ ਜਦੋਂ ਪੰਜਾਬ ਸਿੱਖਿਆ ਵਿਭਾਗ ਦੇ ਭਰਤੀ ਬੋਰਡ 'ਚ ਟੈਲੀਫੋਨ ਰਾਹੀ ਗੱਲਬਾਤ ਕੀਤੀ ਗਈ ਤਾਂ ਉੱਥੇ ਗੱਲ ਕਰਨ ਲਈ ਮੋਜੂਦ ਜੋਗਿੰਦਰ ਸਿੰਘ ਵਡਾਲਾ ਨਾਂਅ ਦੇ ਅਧਿਕਾਰੀ ਨੇ ਕਿਹਾ ਕਿ ਅਧਿਆਪਕਾਂ ਦੀ ਭਰਤੀ ਲਈ ਵਿਸ਼ਿਆਂ ਸਬੰਧੀ ਲਈ ਜਾ ਰਹੀ ਪ੍ਰੀਖਿਆ ਕਿੱਤਾ ਮੁੱਖੀ ਪ੍ਰੀਖਿਆ ਹੈ।
ਉਹਨਾਂ ਅੱਗੇ ਕਿਹਾ ਸਾਡੇ ਵਿਭਾਗ ਵੱਲੋਂ ਲਈ ਜਾ ਇਹ ਪ੍ਰੀਖਿਆ ਉਮੀਦਵਾਰਾਂ ਲਈ ਨੌਕਰੀ ਦੀ ਅਹਿਮ ਪ੍ਰੀਖਿਆ ਹੈ, ਅਸੀਂ ਤਰੀਕਾਂ ਐਲਾਨਨ ਮੌਕੇ ਸਾਰੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਨਹੀਂ ਕਰ ਸਕਦੇ। ਸਾਡੇ ਵੱਲੋਂ ਤੈਅ ਕੀਤੀਆਂ ਤਰੀਕਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਸੰਬੰਧੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਟੈਟ ਪਾਸ ਮਾਸਟਰ ਕਾਡਰ ਦੇ ਅਧਿਆਪਕਾਂ ਲਈ ਰੱਖੇ ਵਿਸ਼ਾ ਪ੍ਰੀਖਿਆ ਦੀਆਂ ਇਕੋ ਦਿਨ 9 ਦਸੰਬਰ ਦੀ ਤਰੀਕ ਨੂੰ ਤੁਰੰਤ ਬਦਲਣ ਦੀ ਮੰਗ ਕਰਦਿਆ ਸਰਭ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ। ਉਹਨਾ ਕਿਹਾ ਕਿ ਉਕਤ ਦੋਵੇਂ ਪ੍ਰੀਖਿਆਵਾਂ ਸੰਬੰਧਤ ਉਮੀਦਵਾਰਾਂ ਦੇ ਜੀਵਨ ਲਈ ਅਹਿਮ ਹਨ।