'ਨੀਚ' 'ਤੇ ਸਿਆਸਤ; ਅਈਅਰ ਨੇ ਮੋਦੀ ਖਿਲਾਫ ਵਰਤੀ ਇਤਰਾਜ਼ਯੋਗ ਭਾਸ਼ਾ


ਰਾਹੁਲ ਦੇ ਕਹਿਣ 'ਤੇ ਮੰਗੀ ਮਾਫੀ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਭਾਸ਼ਾ ਵਰਤ ਕੇ ਕਾਂਗਰਸ ਦੇ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਬੁਰੀ ਤਰ੍ਹਾਂ ਘਿਰ ਗਏ। ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਅਈਅਰ ਨੂੰ ਮੋਦੀ ਕੋਲੋਂ ਮਾਫੀ ਮੰਗਣ ਨੂੰ ਕਿਹਾ। ਰਾਹੁਲ ਨੇ ਸਾਫ ਕਿਹਾ ਕਿ ਉਹ ਇਸ ਤਰ੍ਹਾਂ ਦੀ ਭਾਸ਼ਾ ਸਵੀਕਾਰ ਨਹੀਂ ਕਰਦੇ। ਇਸ 'ਤੇ ਅਈਅਰ ਨੇ ਮੋਦੀ ਕੋਲੋਂ ਮਾਫੀ ਮੰਗ ਲਈ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾ ਦੇ ਸ਼ਬਦ ਦਾ ਗਲਤ ਅਰਥ ਕੱਢਿਆ ਹੈ। ਇਸ ਸਮੁੱਚੇ ਵਿਵਾਦ ਲਈ ਉਨ੍ਹਾ ਆਪਣੀ ਕਮਜ਼ੋਰ ਹਿੰਦੀ ਨੂੰ ਜ਼ਿੰਮੇਵਾਰ ਦੱਸਿਆ।
ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਅਕਸਰ ਕਾਂਗਰਸ ਪਾਰਟੀ 'ਤੇ ਹਮਲੇ ਕਰਨ ਲਈ ਖਰਾਬ ਭਾਸ਼ਾ ਦੀ ਵਰਤੋਂ ਕਰਦੇ ਹਨ। ਕਾਂਗਰਸ ਦਾ ਸੱਭਿਆਚਾਰ ਤੇ ਵਿਰਾਸਤ ਅਲੱਗ ਹੈ। ਮਣੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਲਈ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਮੈਂ ਉਸ ਦਾ ਸਮੱਰਥਨ ਨਹੀਂ ਕਰਦਾ। ਕਾਂਗਰਸ ਪਾਰਟੀ ਅਤੇ ਮੈਂ ਉਮੀਦ ਕਰਦੇ ਹਾਂ ਕਿ ਉਹ ਮਾਫੀ ਮੰਗਣਗੇ। ਹਾਲਾਂਕਿ ਰਾਹੁਲ ਗਾਂਧੀ ਦੇ ਇਸ ਰੁਖ ਤੋਂ ਬੀ ਜੇ ਪੀ ਸੰਤੁਸ਼ਟ ਨਹੀਂ। ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਨੂੰ ਕਾਂਗਰਸ ਪਾਰਟੀ ਦੀ ਰਣਨੀਤੀ ਦੱਸਦਿਆਂ ਕਿਹਾ ਕਿ ਪਹਿਲਾਂ ਉਹ ਪ੍ਰਧਾਨ ਮੰਤਰੀ ਖਿਲਾਫ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਦੇ ਹਨ ਤੇ ਜਦੋਂ ਲੋਕਾਂ 'ਚ ਇਸ ਨੂੰ ਲੈ ਕੇ ਗੁੱਸਾ ਭੜਕਦਾ ਹੈ ਤਾਂ ਉਹ ਮਾਫੀ ਮੰਗ ਲੈਂਦੇ ਹਨ।
ਇਸ ਦੌਰਾਨ ਮਣੀਸ਼ੰਕਰ ਅਈਅਰ ਨੇ ਕਿਹਾ ਕਿ ਉਨ੍ਹਾ ਦੇ ਕਹਿਣ ਦਾ ਅਰਥ ਉਹ ਨਹੀਂ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸ ਰਹੇ ਹਨ। ਉਨ੍ਹਾ ਕਿਹਾ ਕਿ ਮੈਂ ਹਿੰਦੀ ਭਾਸ਼ੀ ਨਹੀਂ ਹਾਂ। ਮੈਂ ਅੰਗਰੇਜ਼ੀ ਦੇ ਸ਼ਬਦ 'ਲੋਅ' ਦਾ ਆਪਣੇ ਮਨ 'ਚ ਤਰਜਮਾ ਕੀਤਾ 'ਨੀਚ' ਮੇਰਕੇ ਕਹਿਣ ਦਾ ਮਤਲਬ ਨੀਚ ਜਾਤ 'ਚ ਪੈਦਾ ਹੋਣ ਤੋਂ ਨਹੀਂ ਸੀ। ਜੇ ਨੀਚ ਸ਼ਬਦ ਦਾ ਇਹ ਅਰਥ ਵੀ ਹੋ ਸਕਦਾ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਜੇ ਕਾਂਗਰਸ ਨੂੰ ਗੁਜਰਾਤ 'ਚ ਇਸ ਨਾਲ ਨੁਕਸਾਨ ਹੋਵੇ ਤਾਂ ਉਹ ਮੈਨੂੰ ਅਫਸੋਸ ਹੋਵੇਗਾ।
ਜ਼ਿਕਰਯੋਗ ਹੈ ਕਿ ਮੋਦੀ ਨੇ ਵੀਰਵਾਰ ਨੂੰ ਦਿੱਲੀ ਸਥਿਤ ਇੰਟਰਨੈਸ਼ਨਲ ਬਾਬਾ ਸਾਹਿਬ ਅੰਬੇਡਕਰ ਸੈਂਟਰ ਦਾ ਉਦਘਾਟਨ ਕਰਦਿਆਂ ਕਾਂਗਰਸ ਪਾਰਟੀ ਅਤੇ ਉੱਪ ਪ੍ਰਧਾਨ ਰਾਹੁਲ ਗਾਂਧੀ 'ਤੇ ਇਸ਼ਾਰਿਆਂ 'ਚ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਕਾਂਗਰਸ ਨੇ ਇੱਕ ਪਰਵਾਰ ਨੂੰ ਅੱਗੇ ਵਧਾਉਣ ਲਈ ਬਾਬਾ ਸਾਹਿਬ ਦੇ ਯੋਗਦਾਨ ਨੂੰ ਦਬਾਅ ਦਿੱਤਾ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਨਰਾਜ਼ ਕਾਂਗਰਸ ਆਗੂ ਮਣੀਸ਼ੰਕਰ ਅਈਅਰ ਨੇ ਮੋਦੀ ਨੂੰ ਨੀਚ ਤੇ ਅਸੱਭਿਅਕ ਤੱਕ ਆਖ ਦਿੱਤਾ। ਅਈਅਰ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਆਦਮੀ ਬਹੁਤ ਨੀਚ ਕਿਸਮ ਦਾ ਆਦਮੀ ਹੈ, ਜਿਸ ਵਿੱਚ ਕੋਈ ਸੱਭਿਅਤਾ ਨਹੀਂ ਹੈ ਅਤੇ ਅਜਿਹੇ ਮੌਕੇ 'ਤੇ ਇਸ ਕਿਸਮ ਦੀ ਗੰਦੀ ਰਾਜਨੀਤੀ ਕਰਨ ਦੀ ਕੀ ਲੋੜ ਹੈ।''