ਜਸਟਿਸ ਢੀਂਗਰਾ ਦੀ ਅਗਵਾਈ 'ਚ ਹੋਵੇਗੀ 186 ਕੇਸਾਂ ਦੀ ਜਾਂਚ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
1984 'ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਭਰ 'ਚ ਹੋਏ ਦੰਗਿਆਂ ਨਾਲ ਸੰਬੰਧਤ 186 ਕੇਸਾਂ ਤੋਂ ਮੁੜ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਜਸਟਿਸ (ਰਿਟਾਇਰਡ) ਸ਼ਿਵ ਨਰਾਇਣ ਢੀਂਗਰਾ ਕਰਨਗੇ। ਤਿੰਨ ਮੈਂਬਰੀ ਜਾਂਚ ਟੀਮ ਦੇ ਜਸਟਿਸ ਢੀਂਗਰਾ ਤੋਂ ਇਲਾਵਾ ਰਿਟਾਇਰਡ ਆਈ ਪੀ ਅਧਿਕਾਰੀ ਰਾਜਦੀਪ ਸਿੰਘ ਅਤੇ ਮੌਜੂਦਾ ਆਈ ਪੀ ਐੱਸ ਅਧਿਕਾਰੀ ਅਭਿਸ਼ੇਕ ਕੁਲਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਨੂੰ ਦੋ ਮਹੀਨਿਆਂ ਅੰਦਰ ਆਪਣੀ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ। ਇਹ ਕਮੇਟੀ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰੇਗੀ। ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਕਰੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦੰਗਿਆਂ ਨਾਲ ਸੰਬੰਧਤ 186 ਕੇਸਾਂ ਦੀ ਜਾਂਚ ਮੁੜ ਕੀਤੇ ਜਾਣ ਦੇ ਹੁਕਮ ਦਿੱਤੇ ਸਨ। ਕਮੇਟੀ ਨੇ ਇਨ੍ਹਾਂ ਦੀ ਨਵੇਂ ਸਿਰੇ ਤੋਂ ਜਾਂਚ ਲਈ ਇੱਕ ਕਮੇਟੀ ਬਣਾਏ ਜਾਣ ਦੇ ਹੁਕਮ ਦਿੱਤੇ ਸਨ। ਪਹਿਲਾਂ ਵਿਸ਼ੇਸ਼ ਜਾਂਚ ਟੀਮ ਇਹਨਾਂ ਕੇਸਾਂ ਨੂੰ ਬੰਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 1984 ਦੇ ਦੰਗਿਆਂ ਨਾਲ ਸੰਬੰਧਤ 186 ਕੇਸਾਂ ਨੂੰ ਆਪਣੀ ਜਾਂਚ ਤੋਂ ਬੰਦ ਕਰ ਦਿੱਤਾ ਸੀ। ਵਿਸ਼ੇਸ਼ ਜਾਂਚ ਟੀਮ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਅਦਾਲਤ ਨੇ ਵੀ ਇਹ ਮਾਮਲੇ ਬੰਦ ਕੀਤੇ ਜਾਣ ਬਾਰੇ ਨਰਾਜ਼ਗੀ ਪ੍ਰਗਟ ਕੀਤੀ ਸੀ। ਕੇਸ ਬੰਦ ਕੀਤੇ ਦੇ ਫੈਸਲੇ ਬਾਰੇ ਸ਼ੱਕ ਜ਼ਾਹਰ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਨ੍ਹਾਂ 'ਚ 199 ਮਾਮਲਿਆਂ ਨੂੰ ਬੰਦ ਕਰਨ ਦਾ ਕਾਰਨ ਦੱਸਣ ਦੇ ਹੁਕਮ ਦਿੱਤੇ ਸਨ। ਸੁਪਰੀਮ ਕੋਰਟ ਨੇ ਦੰਗਿਆਂ ਨਾਲ ਸੰਬੰਧਤ ਕੇਸਾਂ ਅਤੇ ਉਹਨਾਂ ਨਾਲ ਸੰਬੰਧਤ ਸਥਿਤੀ ਬਾਰੇ ਵਿਸਥਾਰਤ ਰਿਪੋਰਟ ਮੰਗੀ ਸੀ। ਕੇਂਦਰ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਹਿੰਸਾ ਨਾਲ ਸੰਬੰਧਤ 650 ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ 'ਚ ਐੱਸ ਆਈ ਟੀ ਨੇ 293 ਕੇਸਾਂ ਦੀ ਛਾਣ-ਬੀਣ ਕੀਤੀ ਸੀ। ਰਿਕਾਰਡ ਦੀ ਜਾਂਚ ਤੋਂ ਬਾਅਦ ਐੱਸ ਆਈ ਟੀ ਨੇ 290 ਕੇਸ ਬੰਦ ਕਰ ਦਿੱਤੇ ਸਨ, ਜਿਨ੍ਹਾਂ 'ਚ 199 ਕੇਸ ਸਿੱਧੇ-ਸਿੱਧੇ ਬੰਦ ਕਰ ਦਿੱਤੇ ਗਏ ਸਨ।