ਵਕੀਲ ਤੋਂ ਸਿੱਧੀ ਸੁਪਰੀਮ ਕੋਰਟ ਦੀ ਜੱਜ ਬਣ ਸਕਦੀ ਹੈ ਇੰਦੂ ਮਲਹੋਤਰਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਦੇ ਕਲੋਜੀਅਮ ਨੇ ਸੀਨੀਅਰ ਵਕੀਲ ਇੰਦੂ ਮਲਹੋਤਰਾ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਉਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ ਐੱਮ ਜੋਸਫ ਨੂੰ ਵੀ ਜੱਜ ਬਣਾਉਣ ਦੀ ਮਨਜੂਰੀ ਦਿੱਤੀ ਗਈ ਹੈ। 2007 ਵਿੱਚ ਸੀਨੀਅਰ ਐਡਵੋਕੇਟ ਦਾ ਦਰਜਾ ਹਾਸਲ ਕਰਨ ਵਾਲੀ ਇੰਦੂ ਮਲਹੋਤਰਾ ਦੇਸ਼ ਦੀ ਪਹਿਲੀ ਮਹਿਲਾ ਵਕੀਲ ਹੋਵੇਗੀ, ਜੋ ਸਿੱਧੂ ਸੁਪਰੀਮ ਕੋਰਟ ਦੀ ਜੱਜ ਬਣੇਗੀ। ਉਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ ਜੋਸਫ ਉਸ ਬੈਂਚ ਦਾ ਹਿੱਸਾ ਸਨ, ਜਿਨ੍ਹਾਂ ਨੇ ਸਾਲ 2016 ਵਿੱਚ ਉੱਤਰਾਖੰਡ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ।
ਇੰਦੂ ਮਲਹੋਤਰਾ ਆਜ਼ਾਦੀ ਤੋਂ ਬਾਅਦ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ 7ਵੀਂ ਮਹਿਲਾ ਹੋਵੇਗੀ। ਹੁਣ ਜਸਟਿਸ ਆਰ ਭਾਨੂਪਤੀ ਸੁਪਰੀਮ ਕੋਰਟ ਦੀ ਇੱਕੋ-ਇੱਕ ਜੱਜ ਹਨ। ਜਸਟਿਸ ਐੱਮ ਫਾਤਮਾ ਬੀਬੀ 1989 ਵਿੱਚ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਸੀ। ਇਸ ਤੋਂ ਬਾਅਦ ਜਸਟਿਸ ਸੁਜਾਤਾ ਮਨੋਹਰ, ਜਸਟਿਸ ਰੂਪਾਵਾਲ, ਜਸਟਿਸ ਗਿਆਨ ਸੁਧਾ ਮਿਸ਼ਰਾ ਅਤੇ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਵੀ ਸੁਪਰੀਮ ਕੋਰਟ ਦੀਆਂ ਜੱਜ ਰਹਿ ਚੁੱਕੀਆਂ ਹਨ।