ਚੰਡੀਗੜ੍ਹ ਛੇੜਛਾੜ ਮਾਮਲਾ; 5 ਮਹੀਨੇ ਬਾਅਦ ਬਰਾਲਾ ਨੂੰ ਮਿਲੀ ਜ਼ਮਾਨਤ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਅੱਜ ਲੰਮੇ ਇੰਤਜ਼ਾਰ ਤੋਂ ਬਾਅਦ ਜ਼ਮਾਨਤ ਮਿਲ ਗਈ ਹੈ। ਵਿਕਾਸ 'ਤੇ ਹਰਿਆਣਾ ਦੇ ਆਈ.ਏ.ਐੱਸ. ਅਧਿਕਾਰੀ ਦੀ ਧੀ ਵਰਣਿਕਾ ਕੁੰਡੂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹਨ। ਵਿਕਾਸ ਪਿਛਲੇ 5 ਮਹੀਨਿਆਂ ਤੋਂ ਪੁਲਸ ਹਿਰਾਸਤ ਵਿੱਚ ਸੀ। ਜ਼ਮਾਨਤ ਦੇਣ ਸਮੇਂ ਅਦਾਲਤ ਨੇ ਮੁਲਜ਼ਮ ਨੂੰ ਸ਼ਿਕਾਇਤਕਰਤਾ ਤੇ ਉਸ ਦੇ ਪਰਵਾਰ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।ਇਹ ਮਾਮਲਾ 3 ਤੇ 4 ਅਗਸਤ 2017 ਦੀ ਰਾਤ ਦਾ ਹੈ। ਵਰਣਿਕਾ ਕੁੰਡੂ ਨੇ ਬੀ ਜੇ ਪੀ ਪ੍ਰਧਾਨ ਤੇ ਉਸ ਦੇ ਦੋਸਤ ਦੇ ਪੁੱਤਰ 'ਤੇ ਉਸ ਦਾ ਪਿੱਛਾ ਕਰਨ ਤੇ ਅਗ਼ਵਾ ਕਰਨ ਦੇ ਇਲਜ਼ਾਮ ਲਾਏ ਸਨ।ਇਸ ਤੋਂ ਬਾਅਦ 9 ਅਗਸਤ ਨੂੰ ਪੁੱਛ-ਗਿੱਛ ਲਈ ਸੈਕਟਰ 26 ਦੇ ਥਾਣੇ ਸੱਦੇ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਆਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਸ ਤੋਂ ਬਾਅਦ ਵਿਕਾਸ ਬਰਾਲਾ ਨੇ ਕਈ ਵਾਰ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ, ਪਰ ਸਫਲ ਨਹੀਂ ਹੋਇਆ ਸੀ। ਬੀਤੇ ਦਿਨੀਂ ਇਸੇ ਮਾਮਲੇ ਬਾਰੇ ਵਰਣਿਕਾ ਕੁੰਡੂ ਨੂੰ ਪੁੱਛ-ਗਿੱਛ ਲਈ ਅਦਾਲਤ ਵੀ ਸੱਦਿਆ ਗਿਆ ਸੀ। ਇਹ ਮਾਮਲਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਜਾਰੀ ਹੈ।