ਨਿਆਂ ਤੇ ਨਿਆਂਪਾਲਿਕਾ ਦੇ ਹਿੱਤ 'ਚ ਉਠਾਈ ਆਵਾਜ਼ : ਜਸਟਿਸ ਕੁਰੀਅਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਿਰੁੱਧ ਮੋਰਚਾ ਖੋਲ੍ਹਣ ਵਾਲੇ 4 ਜੱਜਾਂ 'ਚ ਸ਼ਾਮਲ ਜਸਟਿਸ ਕੁਰੀਅਨ ਜੋਸਫ਼ ਨੇ ਸ਼ਨੀਵਾਰ ਨੂੰ ਆਸ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਸੁਲਝਾ ਲਿਆ ਜਾਵੇਗਾ। ਜਸਟਿਸ ਚੇਲਾਮੇਸ਼ਵਰ, ਮਦਨ ਲੋਕੁਰ ਅਤੇ ਰੰਜਨ ਗੰਗੋਈ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਚੀਫ਼ ਜਸਟਿਸ ਦੀਪਕ ਮਿਸ਼ਰਾ ਉਪਰ ਮਨਪਸੰਦੀਦਾ ਜੱਜਾਂ ਨੂੰ ਅਹਿਮ ਮਾਮਲੇ ਸੌਂਪਣ ਦਾ ਦੋਸ਼ ਲਾਇਆ ਸੀ। ਜੋਸਫ਼ ਨੇ ਕਿਹਾ ਕਿ ਉਨ੍ਹਾ ਇਹ ਮਾਮਲੇ ਨਿਆਂ ਅਤੇ ਨਿਆਂ ਪਾਲਿਕਾ ਦੇ ਹਿੱਤ 'ਚ ਉਠਾਏ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਸੇ ਅੰਦਰੂਨੀ ਮਾਮਲਿਆ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਹੋਵੇ। ਪ੍ਰੈੱਸ ਕਾਨਫ਼ਰੰਸ ਕਰਕੇ ਸਰਵਉੱਚ ਅਦਾਲਤ ਦਾ ਅਨੁਸ਼ਾਸਨ ਭੰਗ ਕਰਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ। ਜਸਟਿਸ ਜੋਸਫ਼ ਨੇ ਕਿਹਾ ਕਿ ਉਨ੍ਹਾ ਦੀ ਇਸ ਕਾਰਵਾਈ ਨਾਲ ਸੁਪਰੀਮ ਕੋਰਟ ਦੇ ਕੰਮਕਾਜ 'ਚ ਵਧੇਰੇ ਪਾਰਦਰਸ਼ਤਾ ਆਵੇਗੀ।
ਕੇਰਲ 'ਚ ਆਪਣੀ ਜੱਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਸਟਿਸ ਜੋਸਫ਼ ਨੇ ਕਿਹਾ ਕਿ ਉਹ ਨਿਆਂ ਅਤੇ ਨਿਆਂ ਪਾਲਿਕਾ ਦੇ ਹਿੱਤ 'ਚ ਖੜੇ ਹਨ ਅਤੇ ਇਸ ਤੋਂ ਵੱਧ ਉਨ੍ਹਾ ਕੁਝ ਨਹੀਂ ਕਹਿਣਾ। ਜਸਟਿਸ ਜੋਸਫ਼ ਨੇ ਕਿਹਾ ਕਿ ਇੱਕ ਮਾਮਲਾ ਪ੍ਰਕਾਸ਼ 'ਚ ਆਇਆ ਹੈ ਅਤੇ ਨਿਸਚਿਤ ਤੌਰ 'ਤੇ ਜਦੋਂ ਮਾਮਲਾ ਸਾਹਮਣਾ ਆ ਗਿਆ ਹੈ ਤਾਂ ਇਸ ਦਾ ਹੱਲ ਵੀ ਨਿਕਲ ਆਵੇਗਾ। ਉਨ੍ਹਾ ਕਿਹਾ ਕਿ ਜੱਜਾਂ ਨੇ ਨਿਆਂ ਪਾਲਿਕਾ 'ਚ ਲੋਕਾਂ ਦਾ ਵਿਸ਼ਵਾਸ ਵਧਾਉਣ ਲਈ ਇਹ ਕਦਮ ਚੁਕਿਆ ਹੈ। ਸ਼ੁੱਕਰਵਾਰ ਨੂੰ ਚਾਰ ਜੱਜਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਸੀ ਕਿ ਸਰਵਉੱਚ ਅਦਾਲਤ 'ਚ ਸਭ ਕੁਝ ਠੀਕ ਢੰਗ ਨਾਲ ਨਹੀਂ ਚੱਲ ਰਿਹਾ ਅਤੇ ਅਜਿਹਾ ਕੁਝ ਹੋ ਰਿਹਾ ਹੈ, ਜੋ ਨਹੀਂ ਹੋਣਾ ਚਾਹੀਦਾ। ਜੱਜਾਂ ਨੇ ਕਿਹਾ ਸੀ ਕਿ ਜੇ ਅਜਿਹਾ ਹੁੰਦਾ ਰਿਹਾ ਤਾਂ ਦੇਸ਼ 'ਚ ਲੋਕਤੰਤਰ ਸੁਰੱਖਿਅਤ ਨਹੀਂ ਰਹਿ ਸਕਦਾ। ਸੁਪਰੀਮ ਕੋਰਟ ਦੇ ਦੂਜੇ ਨੰਬਰ ਦੇ ਸੀਨੀਅਰ ਜੱਜ ਜਸਟਿਸ ਚੇਲਾਮੇਸ਼ਵਰ ਨੇ ਕਿਹਾ ਸੀ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਜਿਹੀਆ ਗੱਲਾਂ ਵਾਪਰੀਆਂ ਹਨ, ਜੋ ਨਹੀਂ ਹੋਣੀਆਂ ਚਾਹੀਦੀਆਂ।