ਕਾਰਤੀ ਦੇ ਟਿਕਾਣਿਆਂ 'ਤੇ ਈ ਡੀ ਵੱਲੋਂ ਛਾਪੇ, ਈ ਡੀ ਦੀ ਟੀਮ ਨੂੰ ਕੁਝ ਵੀ ਨਹੀਂ ਮਿਲਿਆ : ਪੀ. ਚਿਦੰਬਰਮ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਏਅਰਸੈੱਲ ਮੈਕਸਿਸ ਸੌਦੇ ਬਾਰੇ ਚੱਲ ਰਹੀ ਜਾਂਚ ਦੇ ਸੰਬੰਧ 'ਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਅਧਿਕਾਰੀਆਂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਮਗਰੋਂ ਕਾਰਤੀ ਦੇ ਪਿਤਾ ਪੀ. ਚਿਦੰਬਰਮ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਈ ਡੀ ਦੀ ਟੀਮ ਨੂੰ ਕੁਝ ਵੀ ਨਹੀਂ ਮਿਲਿਆ। ਉਨ੍ਹਾ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ ਸੀ ਬੀ ਆਈ ਸਮੇਤ ਕਿਸੇ ਵੀ ਜਾਂਚ ਏਜੰਸੀ ਵੱਲੋਂ ਕੋਈ ਐੱਫ਼ ਆਈ ਆਰ ਦਰਜ ਨਹੀਂ ਕੀਤੀ ਗਈ। ਪੀ. ਚਿਦੰਬਰਮ ਨੇ ਕਿਹਾ ਕਿ ਜਿਸ ਵੇਲੇ ਈ ਡੀ ਦੀ ਟੀਮ ਨੇ ਛਾਪਾ ਮਾਰਿਆ, ਉਹ ਘਰ 'ਚ ਹੀ ਮੌਜੂਦ ਸਨ। ਉਨ੍ਹਾ ਕਿਹਾ ਕਿ ਈ ਡੀ ਦੇ ਅਧਿਕਾਰੀਆਂ ਨੇ ਘਰ ਦੀ ਕਿਚਨ ਸਮੇਤ ਸਾਰੇ ਕਮਰਿਆਂ ਦੀ ਤਲਾਸ਼ੀ ਲਈ, ਪਰ ਉਨ੍ਹਾਂ ਦੇ ਹੱਥ ਕੁਝ ਨਾ ਆਇਆ। ਚਿਦੰਬਰਮ ਨੇ ਕਿਹਾ ਕਿ ਈ ਡੀ ਦੇ ਅਧਿਕਾਰੀ ਗਲਤੀ ਨਾਲ ਦਿੱਲੀ ਦੇ ਜੰਗਪੁਰ ਸਥਿਤ ਘਰ ਪੁੱਜ ਗਏ, ਜਦਕਿ ਉਨ੍ਹਾਂ ਚੇਨਈ ਘਰ 'ਤੇ ਛਾਪਾ ਮਾਰਨਾ ਸੀ। ਉਨ੍ਹਾ ਅਨੁਸਾਰ ਈ ਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਚਲਿਆ ਸੀ ਕਿ ਕਾਰਤੀ ਇਥੇ ਹੀ ਮੌਜੂਦ ਹਨ, ਪਰ ਕਾਰਤੀ ਉਥੇ ਨਹੀਂ ਸਨ। ਜ਼ਿਕਰਯੋਗ ਹੈ ਕਿ 11 ਜਨਵਰੀ ਨੂੰ 2 ਜੀ ਘੁਟਾਲੇ ਨਾਲ ਜੁੜੇ ਏਅਰਸੈੱਲ ਮੈਕਸਿਸ ਸੌਦੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਾਰਤੀ ਚਿਦੰਬਰਮ ਦੀ ਝਾੜਝੰਬ ਵੀ ਕੀਤੀ ਸੀ। ਈ ਡੀ ਨੇ ਪਿਛਲੇ ਸਾਲ ਸਤੰਬਰ ਮਹੀਨੇ 'ਚ ਛਾਪੇ ਮਾਰ ਕੇ ਕਾਰਤੀ ਚਿਦੰਬਰਮ ਦੀਆਂ ਦਿੱਲੀ ਅਤੇ ਚੇਨਈ 'ਚ ਕਈ ਜਾਇਦਾਦਾਂ ਜ਼ਬਤ ਕਰ ਲਈਆਂ ਸਨ। ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸੇ ਮਹੀਨੇ ਕਾਰਤੀ ਚਿਦੰਬਰਮ ਨੂੰ ਆਈ ਐੱਨ ਐੱਕਸ ਮੀਡੀਆ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਤਲਬ ਕੀਤਾ ਸੀ। ਇਸ ਤੋਂ ਇਲਾਵਾ ਕੇਂਦਰੀ ਏਜੰਸੀ ਨੇ ਕਾਰਤੀ ਅਤੇ ਹੋਰਨਾਂ ਵਿਰੁੱਧ ਪਿਛਲੇ ਸਾਲ ਮਈ ਮਹੀਨੇ ਕੇਸ ਦਰਜ ਕੀਤਾ ਸੀ ਅਤੇ ਕਾਰਤੀ, ਆਈ ਐੱਨ ਐੱਕਸ ਮੀਡੀਆ ਅਤੇ ਉਸ ਦੇ ਡਾਇਰੈਕਟਰਾਂ ਪੀਟਰ ਅਤੇ ਇੰਦਰਾਣੀ ਸਮੇਤ ਕਈ ਲੋਕਾਂ ਦੇ ਨਾਂਅ ਐੱਫ਼ ਆਈ ਆਰ 'ਚ ਸ਼ਾਮਲ ਕੀਤੇ ਗਏ ਸਨ। ਕਾਂਗਰਸ ਪਾਰਟੀ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਦੱਸਿਆ ਹੈ।