Latest News
ਪ੍ਰਮਾਣੂ ਸਮਝੌਤੇ 'ਚ ਕਿਸੇ ਵੀ ਤਬਦੀਲੀ ਤੋਂ ਇਨਕਾਰ

Published on 13 Jan, 2018 10:29 AM.


ਤਹਿਰਾਨ (ਨਵਾਂ ਜ਼ਮਾਨਾ ਸਰਵਿਸ)
ਈਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੂੜਾ ਕਹੇ ਜਾਣ ਅਤੇ ਸਮਝੌਤੇ ਨੂੰ ਬਰਕਰਾਰ ਰੱਖਣ ਲਈ ਨਵੀਂਆਂ ਸਖ਼ਤ ਸ਼ਰਤਾਂ ਲਾਏ ਜਾਣ ਦੀ ਮੰਗ ਤੋਂ ਬਾਅਦ ਈਰਾਨ ਨੇ ਦੋ ਟੁੱਕ ਕਿਹਾ ਹੈ ਕਿ ਇਸ ਪ੍ਰਮਾਣੂ ਸਮਝੌਤੇ ਵਿੱਚ ਉਹ ਕਿਸੇ ਵੀ ਤਰ੍ਹਾਂ ਦੀ ਸੋਧ ਨੂੰ ਸਵੀਕਾਰ ਨਹੀਂ ਕਰੇਗਾ।
ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ਼ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਰਾਨ ਪ੍ਰਮਾਣੂ ਸਮਝੌਤੇ ਵਿੱਚ ਕਿਸੇ ਵੀ ਤਬਦੀਲੀ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ ਅਤੇ ਇਸ ਨਾਲ ਹੋਰ ਗੱਲਾਂ ਜੋੜੇ ਜਾਣ ਦੀ ਆਗਿਆ ਨਹੀਂ ਦੇਵੇਗਾ। ਜ਼ਿਕਰਯੋਗ ਹੈ ਕਿ ਜੁਲਾਈ 2015 ਵਿੱਚ ਈਰਾਨ ਦਾ ਅਮਰੀਕਾ ਸਮੇਤ 6 ਵੱਡੀਆਂ ਤਾਕਤਾਂ ਨਾਲ ਪ੍ਰਮਾਣੂ ਸਮਝੌਤਾ ਹੋਇਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਲਾਈਆਂ ਪ੍ਰਮਾਣੂ ਪਾਬੰਦੀਆਂ ਵਿੱਚ ਦਿੱਤੀ ਗਈ ਛੋਟ ਨੂੰ ਬਰਕਰਾਰ ਰੱਖਿਆ ਸੀ, ਪਰ ਇਸ ਦੇ ਨਾਲ ਹੀ ਉਨ੍ਹਾ ਜੁਰੇਨੀਅਮ ਭਾਈਵਾਲਾਂ ਤੋਂ ਮੰਗ ਕੀਤੀ ਸੀ ਕਿ ਉਹ ਅਮਰੀਕਾ ਨਾਲ ਮਿਲ ਕੇ ਪ੍ਰਮਾਣੂ ਸਮਝੌਤੇ ਵਿੱਚ ਰਹਿ ਗਈਆਂ ਖ਼ਾਮੀਆਂ ਨੂੰ ਦੂਰ ਕਰਨ ਲਈ ਅੱਗੇ ਆਉਣ, ਨਹੀਂ ਤਾਂ ਅਮਰੀਕਾ ਇਸ ਪ੍ਰਮਾਣੂ ਸਮਝੌਤੇ ਤੋਂ ਆਪਣਾ ਹੱਥ ਪਿੱਛੇ ਖਿੱਚ ਲਵੇਗਾ। ਟਰੰਪ ਨੇ ਕਿਹਾ ਕਿ ਨਵਾਂ ਸਮਝੌਤਾ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨਾਲ ਈਰਾਨ ਮਿਜ਼ਾਈਲ ਪ੍ਰੋਗਰਾਮ 'ਤੇ ਰੋਕ ਲੱਗੇ। ਟਰੰਪ ਦੇ ਇਸ ਭਾਸ਼ਣ ਤੋਂ ਤੁਰੰਤ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਜ਼ਰੀਫ਼ ਨੇ ਕਿਹਾ ਕਿ 2015 ਵਿੱਚ ਹੋਏ ਪ੍ਰਮਾਣੂ ਸਮਝੌਤੇ ਬਾਰੇ ਮੁੜ ਵਾਰਤਾ ਨਹੀਂ ਹੋ ਸਕਦੀ। ਉਨ੍ਹਾ ਕਿਹਾ ਕਿ ਅਮਰੀਕਾ ਨੂੰ ਲਗਾਤਾਰ ਭੜਕਾਊ ਭਾਸ਼ਣ ਦੇਣ ਦੀ ਬਜਾਏ ਪਹਿਲਾਂ ਹੋਏ ਪ੍ਰਮਾਣੂ ਸਮਝੌਤੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਤੋਂ ਮਗਰੋਂ ਈਰਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਅਮਰੀਕਾ ਵੱਲੋਂ ਲਾਈਆਂ ਗਈਆਂ ਹੋਰ ਪਾਬੰਦੀਆਂ ਦੀ ਸਖ਼ਤ ਆਲੋਚਨਾ ਕੀਤੀ ਗਈ।
ਅਮਰੀਕਾ ਵੱਲੋਂ ਜਿਹੜੇ ਵਿਅਕਤੀਆਂ ਵਿਰੁੱਧ ਨਵੀਂਆਂ ਪਾਬੰਦੀਆਂ ਲਾਈਆਂ ਗਈਆਂ ਹਨ, ਉਨ੍ਹਾਂ ਵਿੱਚ ਈਰਾਨ ਦੀ ਨਿਆਂ ਪਾਲਿਕਾ ਦੇ ਮੁਖੀ ਦਾ ਨਾਂਅ ਵੀ ਸ਼ਾਮਲ ਹੈ। ਬਿਆਨ ਵਿੱਚ ਕਿਹਾ ਗਿਆ ਕਿ ਅਮਰੀਕਾ ਨੇ ਈਰਾਨ ਦੀ ਨਿਆਂ ਪਾਲਿਕਾ ਦੇ ਮੁਖੀ ਵਿਰੁੱਧ ਪਾਬੰਦੀਆਂ ਲਾ ਕੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। Âਾਰਾਨ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਦੀਆਂ ਗ਼ੈਰ-ਪ੍ਰਮਾਣੂ ਗਤੀਵਿਧੀਆਂ-ਜਿਵੇਂ ਕਿ ਮਨੁੱਖੀ ਅਧਿਕਾਰ ਅਤੇ ਮਿਜ਼ਾਈਲ ਪ੍ਰੀਖਣਾਂ 'ਤੇ ਪਾਬੰਦੀਆਂ ਨੂੰ ਜਾਰੀ ਰੱਖਿਆ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਤੀਜੀ ਵਾਰ ਈਰਾਨ ਨਾਲ ਹੋਏ ਪ੍ਰਮਾਣੂ ਸਮਝੌਤੇ ਬਾਰੇ ਸਖ਼ਤ ਟਿੱਪਣੀ ਕੀਤੀ ਹੈ।
ਟਰੰਪ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਹੋਏ ਇਸ ਸਮਝੌਤੇ ਨੂੰ ਹੁਣ ਤੱਕ ਦਾ ਸਭ ਤੋਂ ਮਾੜਾ ਸਮਝੌਤਾ ਕਹਿ ਚੁੱਕੇ ਹਨ। ਹੁਣ ਉਨ੍ਹਾ ਆਪਣੇ ਯੂਰਪੀ ਭਾਈਵਾਲਾਂ ਨੂੰ ਕਿਹਾ ਹੈ ਕਿ ਜੇ ਉਹ ਈਰਾਨ ਨਾਲ ਨਵੇਂ ਸਮਝੌਤੇ ਦੇ 120 ਦਿਨਾਂ ਵਿੱਚ ਸਹਿਮਤ ਨਹੀਂ ਹੁੰਦੇ ਤਾਂ ਅਮਰੀਕਾ ਖ਼ੁਦ ਇਸ ਸਮਝੌਤੇ ਤੋਂ ਆਪਣੇ ਆਪ ਨੂੰ ਵੱਖ ਕਰ ਲਵੇਗਾ।

287 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper