ਜਲ੍ਹਿਆਂਵਾਲੇ ਬਾਗ ਦੀ ਸ਼ਹੀਦੀ ਸ਼ਤਾਬਦੀ ਦੇਸ਼ ਪੱਧਰ 'ਤੇ ਮਨਾਈ ਜਾਵੇਗੀ : ਰਾਜਨਾਥ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਵਿਦੇਸ਼ ਦੀ ਧਰਤੀ 'ਤੇ ਜਾ ਕੇ ਜਲ੍ਹਿਆਂਵਾਲੇ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ਤਂੋ ਪਰਦਾ ਹਟਾਉਣ ਉਪਰੰਤ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦ ਊਧਮ ਸਿੰਘ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਜਲ੍ਹਿਆਂਵਾਲੇ ਬਾਗ ਦੇ ਕਾਂਡ ਦਾ ਬਦਲਾ ਲੈਣ ਵਾਲਾ ਭਾਰਤੀ ਸੂਰਮਾ ਦਸਦਿਆਂ ਕਿਹਾ ਕਿ ਅਗਲੇ ਸਾਲ 13 ਅਪ੍ਰੈਲ 2019 ਨੂੰ ਜਲ੍ਹਿਆਂਵਾਲੇ ਬਾਗ ਦੀ ਪਹਿਲੀ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਦੇਸ਼ ਭਰ ਵਿੱਚ ਮਨਾਏ ਜਾਣਗੇ। ਜਲ੍ਹਿਆਂਵਾਲੇ ਬਾਗ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦਕਾ ਹੀ ਦੇਸ਼ ਆਜ਼ਾਦ ਹੋ ਸਕਿਆ ਹੈ, ਕਿÀੁਂਕਿ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਦੇਸ਼ ਦੇ ਨੌਜਵਾਨਾਂ ਵਿੱਚ ਆਜ਼ਾਦੀ ਦੀ ਲੜਾਈ ਚਰਮ ਸੀਮਾ 'ਤੇ ਪੁੱਜ ਗਈ ਸੀ ਤੇ 13 ਮਾਰਚ 1940 ਨੂੰ ਜਦੋਂ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੇ ਤਖਤ 'ਤੇ ਲਟਕਾਇਆ ਗਿਆ ਤਾਂ ਨੌਜਵਾਨਾਂ ਵਿੱਚ ਅੰਗਰੇਜ਼ਾਂ ਪ੍ਰਤੀ ਰੋਸ ਹੋਰ ਵੱਧ ਗਿਆ ਤਾਂ ਨੌਜਵਾਨਾਂ ਨੇ 'ਅੰਗਰੇਜ਼ੋ ਭਾਰਤ ਛੋਡੋ' ਦਾ ਨਾਅਰਾ ਬੁਲੰਦ ਕਰਦਿਆਂ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ, ਜਿਸ ਕਰਕੇ 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦੀ ਮਿਲ ਸਕੀ ਹੈ। ਜਲ੍ਹਿਆਂਵਾਲੇ ਬਾਗ ਦੇ ਸਾਕੇ ਤਂੋ ਬਾਅਦ ਹੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਅਜ਼ਾਦ, ਅਸਫਾਕ ਉਲਾ ਖਾਂ ਤੇ ਸ਼ਹੀਦ ਊਧਮ ਸਿੰਘ ਵਰਗਿਆਂ ਦੀਆਂ ਸ਼ਹਾਦਤਾਂ ਹੋਈਆਂ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਲਗਾਉਣ ਨਾਲ ਦੇਸ਼ ਦੇ ਸਾਰੇ ਸ਼ਹੀਦਾਂ ਦਾ ਸਨਮਾਨ ਵਧਿਆ ਹੈ।
ਜਲ੍ਹਿਆਂਵਾਲੇ ਬਾਗ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਾਗ ਦੇ ਸੁੰਦਰੀਕਰਨ ਵਿੱਚ ਬਹੁਤ ਸਾਰੀਆਂ ਕਮੀਆਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਤੇ ਇਸ ਬਾਗ ਦਾ ਹੋਰ ਸੁੰਦਰੀਕਰਨ ਕਰਨ ਲਈ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ 13 ਅਪ੍ਰੈਲ 2019 ਨੂੰ ਇਸ ਖੂਨੀ ਸਾਕੇ ਦੀ ਪਹਿਲੀ ਸ਼ਹੀਦੀ ਸ਼ਤਾਬਦੀ ਮਨਾਈ ਜਾਣੀ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਸ਼ਤਾਬਦੀ ਸਮਾਗਮ ਦੇਸ਼ ਪੱਧਰ 'ਤੇ ਮਨਾਏ ਜਾਣ।
ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਬੁੱਤ ਤੋੜਨ ਦੀਆਂ ਵਾਪਰੀਆਂ ਘਟਨਾਵਾਂ ਬਾਰੇ ਨਰਾਜ਼ਗੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਵੀ ਮਹਾਨ ਵਿਅਕਤੀ ਦਾ ਬੁੱਤ ਕਿਸੇ ਵੀ ਜਗ੍ਹਾ ਲੱਗਾ ਹੈ, ਉਸ ਨੂੰ ਤੋੜਨਾ ਕਿਸੇ ਰੂਪ ਵਿੱਚ ਵੀ ਸਹੀ ਨਹੀਂ ਹੈ ਅਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਾਰੇ ਦੇਸ਼ ਦੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਜਿਹੜਾ ਵੀ ਕੋਈ ਬੁੱਤ ਤੋੜਨ ਨੂੰ ਅੰਜਾਮ ਦਿੰਦਾ ਹੈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਬੁੱਤ ਸੰਵਿਧਾਨ ਨਿਰਮਾਤਾ ਡਾ. ਅੰਬੇਡਕਾਰ ਦਾ ਹੋਵੇ ਜਾਂ ਕਿਸੇ ਹੋਰ ਦਾ ਹੋਵੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਲ੍ਹਿਆਂਵਾਲੇ ਬਾਗ ਦੀ ਸ਼ਹੀਦੀ ਸਾਕੇ ਕਰਕੇ ਜਾਣਿਆ ਜਾਂਦਾ ਹੈ। ਇੱਕ ਥਾਂ ਤੋਂ ਅਧਿਆਤਮਕ ਸ਼ਕਤੀ ਮਿਲਦੀ ਹੈ ਤੇ ਦੂਜੀ ਥਾਂ ਤੋਂ ਦੇਸ਼ ਭਗਤੀ ਦਾ ਜਜ਼ਬਾ ਮਿਲਦਾ ਹੈ। ਉਹਨਾਂ ਕਿਹਾ ਕਿ ਉਹ ਰਾਸ਼ਟਰੀ ਕੰਬੋਜ ਸਭਾ ਦੇ ਪ੍ਰਧਾਨ ਬੌਬੀ ਕੰਬੋਜ ਤੇ ਸਰਪ੍ਰਸਤ ਦੌਲਤ ਰਾਮ ਕੰਬੋਜ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਅੱਜ ਆਜ਼ਾਦੀ ਪ੍ਰਵਾਨੇ ਦੇ ਆਦਮ ਕੱਦ ਬੁੱਤ ਤੋਂ ਪਰਦਾ ਹਟਾਉਣ ਦਾ ਮੌਕਾ ਦਿੱਤਾ।