ਨਕਸਲੀਆਂ ਦੇ ਹਮਲੇ 'ਚ ਸੀ ਆਰ ਪੀ ਐੱਫ ਦੇ 9 ਜਵਾਨ ਸ਼ਹੀਦ


ਸੁਕਮਾ (ਨਵਾਂ ਜ਼ਮਾਨਾ ਸਰਵਿਸ)
ਛਤੀਸਗੜ੍ਹ ਦੇ ਨਕਸਲ ਪ੍ਰਭਾਵਤ ਸੁਕਮਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਤਲਾਸ਼ੀ ਮੁਹਿੰਮ ਵਿੱਚ ਜੁਟੇ ਸੀ ਆਰ ਪੀ ਐੱਫ ਦੇ ਜਵਾਨਾਂ ਉਪਰ ਮਾਓਵਾਦੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ 9 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਵਿੱਚ ਸੀ ਆਰ ਪੀ ਐੱਫ ਦੇ 25 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 4 ਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਵਾਨਾਂ ਨੂੰ ਪਹਿਲਾਂ ਆਈ ਡੀ ਧਮਾਕੇ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਫਿਰ ਉਨ੍ਹਾਂ ਉਪਰ ਜ਼ੋਰਦਾਰ ਫਾਇਰਿੰਗ ਕੀਤੀ ਗਈ।
ਰਿਪੋਰਟਾਂ ਮੁਤਾਬਕ ਇਸ ਹਮਲੇ ਵਿੱਚ 100 ਤੋਂ 150 ਮਾਓਵਾਦੀ ਸ਼ਾਮਲ ਸਨ। ਸੁਕਮਾ ਦੇ ਕਿਸਤਰਾਮ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਸਾਢੇ ਬਾਰਾਂ ਵਜੇ ਸੀ ਆਰ ਪੀ ਐੱਫ ਦੀ 212ਵੀਂ ਬਟਾਲੀਅਨ 'ਤੇ ਹਮਲਾ ਕੀਤਾ ਗਿਆ। ਇਹ ਜਵਾਨ ਤਲਾਸ਼ੀ ਅਪਰੇਸ਼ਨ ਲਈ ਜਾ ਰਹੇ ਸਨ ਤਾਂ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਆਈ ਈ ਡੀ ਧਮਾਕਾ ਕਰ ਦਿੱਤਾ। ਖ਼ਬਰਾਂ ਮੁਤਾਬਕ ਨਕਸਲੀਆਂ ਨੂੰ ਜਵਾਨਾਂ ਦੀ ਸਰਗਰਮੀ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਇਸ ਲਈ ਉਨ੍ਹਾਂ ਗਿਣੇ-ਮਿੱਥੇ ਢੰਗ ਨਾਲ ਹਮਲਾ ਕੀਤਾ। ਸੂਤਰਾਂ ਮੁਤਾਬਕ ਇਸ ਹਮਲੇ ਪਿੱਛੇ ਪੀਪਲਜ਼ ਲਿਬਰੇਸ਼ਨ ਗਰੱਪ ਦਾ ਹੱਥ ਮੰਨਿਆ ਜਾ ਰਿਹਾ ਹੈ।
ਨਕਸਲ ਵਿਰੋਧੀ ਅਪਰੇਸ਼ਨ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਡੀ ਐੱਮ ਅਵਸਥੀ ਨੇ ਦੱਸਿਆ ਕਿ ਇੱਕ ਗਸ਼ਤ ਪਾਰਟੀ ਬਖਤਬੰਦ ਗੱਡੀ 'ਚ ਕਿਸਤਰਾਮ ਤੋਂ ਪਾਲੌਦੀ ਲਈ ਜਾ ਰਹੀ ਸੀ। ਰਸਤੇ ਵਿੱਚ ਨਕਸਲੀਆਂ ਨੇ ਆਈ ਈ ਡੀ ਧਮਾਕਾ ਕਰ ਦਿੱਤਾ। ਇਸ ਤੋਂ ਪਹਿਲਾਂ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਸੁਕਮਾ ਵਿੱਚ ਨਕਸਲੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ ਸੀ ਆਰ ਪੀ ਐੱਫ ਦੇ 25 ਜਵਾਨ ਸ਼ਹੀਦ ਹੋ ਗਏ ਸਨ। ਇਹ ਸਾਰੇ ਜਵਾਨ ਸੀ ਆਰ ਪੀ ਐੱਫ ਦੀ 74ਵੀਂ ਬਟਾਲੀਅਨ ਨਾਲ ਸੰਬੰਧਤ ਸਨ। ਇਹ ਹਮਲੇ ਉਸ ਸਮੇਂ ਕੀਤਾ ਗਿਆ ਸੀ, ਜਦੋਂ ਸੀ ਆਰ ਪੀ ਐੱਫ ਦੇ ਜਵਾਨ ਇੱਕ ਸੜਕ ਦੇ ਉਦਘਾਟਨ ਲਈ ਜਾ ਰਹੇ ਸਨ।
ਸੀ ਆਰ ਪੀ ਐੱਫ ਦੇ ਜਵਾਨ ਜਦੋਂ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ ਤਾਂ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਜਵਾਨਾਂ ਉਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ 25 ਮਾਰਚ 2013 ਨੂੰ ਸੁਕਮਾ ਜ਼ਿਲ੍ਹੇ ਵਿੱਚ 1000 ਤੋਂ ਵੱਧ ਨਕਸਲੀਆਂ ਨੇ ਕਾਂਗਰਸ ਦੀ ਪਰਿਵਰਤਣ ਯਾਤਰਾ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਕਾਂਗਰਸੀ ਆਗੂ ਵਿੱਦਿਆ ਚਰਨ ਸ਼ੁਕਲ, ਮਹਿੰਦਰ ਕਰਮਾ ਅਤੇ ਨੰਦ ਕੁਮਾਰ ਪਟੇਲ ਸਮੇਤ 25 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜਖ਼ਮੀ ਹੋ ਗਏ ਸਨ। ਇਸ ਤੋਂ ਬਾਅਦ 26 ਅਪ੍ਰੈਲ 2010 ਨੂੰ ਦਾਂਤੇਵਾੜਾ ਜ਼ਿਲ੍ਹੇ ਦੇ ਚਿੰਤਲਨਾਰ ਜੰਗਲ ਵਿੱਚ ਨਕਸਲੀਆਂ ਨੇ ਸੀ ਆਰ ਪੀ ਐੱਫ ਦੇ 75 ਜਵਾਨਾਂ ਸਮੇਤ 76 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। 4 ਅਪ੍ਰੈਲ 2010 ਨੂੰ ਉੜੀਸਾ ਦੇ ਕੋਰਾਪੁੱਟ ਜ਼ਿਲ੍ਹੇ ਵਿੱਚ ਪੁਲਸ ਦੀ ਇੱਕ ਬੱਸ 'ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਪੁਲਸ ਦੇ ਵਿਸ਼ੇਸ਼ ਕਾਰਜਦਲ ਦੇ 10 ਜਵਾਨ ਮਾਰੇ ਗਏ ਸਨ ਅਤੇ 16 ਹੋਰ ਜਖ਼ਮੀ ਹੋ ਗਏ ਸਨ।
23 ਮਾਰਚ 2010 ਨੂੰ ਨਕਸਲੀਆਂ ਨੇ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਰੇਲਵੇ ਲਾਈਨ 'ਤੇ ਧਮਾਕਾ ਕਰਕੇ ਭੁਬਨੇਸ਼ਵਰ-ਨਵੀਂ ਦਿੱਲੀ ਐੱਕਸਪ੍ਰੱੈਸ ਨੂੰ ਪਟੜੀ ਤੋਂ ਲਾਹ ਦਿੱਤਾ ਸੀ। 15 ਅਪ੍ਰੈਲ 2010 ਨੂੰ ਪੱਛਮੀ ਬੰਗਾਲ ਦੇ ਸਿਆਲਦਾ ਵਿੱਚ ਕਰੀਬ 100 ਨਕਸਲੀਆਂ ਨੇ ਪੁਲਸ ਕੈਂਪ 'ਤੇ ਹਮਲਾ ਕਰਕੇ 10 ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਹਥਿਆਰ ਲੁੱਟ ਲਏ ਸਨ। 8 ਅਕਤੂਬਰ 2009 ਨੂੰ ਨਕਸਲੀਆਂ ਨੇ ਮਹਾਰਾਸ਼ਟਰ ਦੇ ਗੜਚਰੋਲੀ ਜ਼ਿਲ੍ਹੇ ਵਿੱਚ ਲਾਹੜੀ ਪੁਲਸ ਥਾਣੇ 'ਤੇ ਹਮਲਾ ਕਰਕੇ 17 ਪੁਲਸ ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ।