Latest News
ਡਾਹਢਿਆਂ ਦੇ ਜ਼ੋਰ ਸਾਹਮਣੇ ਬੇਵੱਸ ਕਿਸਾਨ

Published on 15 May, 2018 11:25 AM.


ਪਾਤੜਾਂ (ਪੱਤਰ ਪ੍ਰੇਰਕ)
ਡਾਹਢਿਆਂ ਦੇ ਜ਼ੋਰ ਸਾਹਮਣੇ ਗਰੀਬ ਦੀ ਇੱਕ ਨਾ ਚੱਲੀ। ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗਰੀਬ ਕਿਸਾਨ ਦੀ ਖੇਤਾਂ ਵਿੱਚ ਵੱਢ ਕੇ ਸੁੱਟੀ ਗਈ ਕਣਕ ਦੀ ਫ਼ਸਲ ਰੁਲ ਰਹੀ ਹੈ। ਨਾ ਖਾਣ ਜੋਗੇ ਦਾਣੇ ਨਿਕਲ ਰਹੇ ਹਨ ਤੇ ਨਾ ਪਸ਼ੂਆਂ ਲਈ ਤੂੜੀ। ਗੁਆਂਢੀਆਂ ਵੱਲੋਂ ਤੰਗ ਕੀਤੇ ਜਾ ਰਹੇ ਬੇਵੱਸ ਗਰੀਬ ਦੇ ਪਰਵਾਰ ਨਾਲ ਕੀਤੇ ਜਾ ਰਹੇ ਧੱਕੇ ਨੂੰ ਲੈ ਕੇ ਪਰਵਾਰ ਪ੍ਰਸ਼ਾਸਨ ਦੇ ਦਰਬਾਰ ਫਰਿਆਦਾਂ ਕਰਕੇ ਥੱਕ ਚੁੱਕਾ ਹੈ, ਪਰ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਇੱਕ ਨਾ ਸੁਣੀ, ਜਿਸ ਕਰਕੇ ਪਰਵਾਰ ਨਾ ਸਿਰਫ਼ ਡੂੰਘੇ ਸਦਮੇ ਵਿੱਚ ਹੈ, ਸਗੋਂ ਅੱਤ ਦਾ ਨਿਰਾਸ਼ ਹੈ।
ਦੁੱਖ ਭਰੀ ਦਾਸਤਾਨ ਸੁਣਾਉਂਦਿਆਂ ਪਿੰਡ ਕੂੰਆਂਡੇਰੀ ਪੈਂਦ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਏਕੜ ਦੇ ਕਰੀਬ ਜ਼ਮੀਨ ਹੈ ਤੇ ਉਹ ਛੋਟੇ ਕਿਸਾਨ ਹਨ। ਉਨ੍ਹਾ ਦੇ ਖੇਤਾਂ ਤੇ ਘਰ ਦੇ ਆਲੇ-ਦੁਆਲੇ ਰਣਜੀਤ ਸਿੰਘ ਤੇ ਸੁਬੇਗ ਸਿੰਘ ਦੀ ਜ਼ਮੀਨ ਲੱਗਦੀ ਹੈ।
ਕੁਝ ਸਮਾਂ ਪਹਿਲਾਂ ਕਿਸੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ, ਜਿਸ ਮਗਰੋਂ ਉਕਤ ਦੋਹਾਂ ਭਰਾਵਾਂ ਨੇ ਉਨ੍ਹਾਂ ਦਾ ਰਸਤਾ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਸਤਾ ਦੋਵਾਂ ਧਿਰਾਂ ਦਾ ਸਾਂਝਾ ਸੀ, ਇਸ ਸੰਬੰਧੀ ਬਕਾਇਦਾ 30 ਅਕਤੂਬਰ 1982 ਨੂੰ ਪੰਚਾਇਤੀ ਤੌਰ 'ਤੇ ਇਕਰਾਰਨਾਮਾ ਹੋਇਆ ਸੀ, ਜਿਸ ਦੀ ਕਾਪੀ ਵੀ ਉਨ੍ਹਾਂ ਪਾਸ ਮੌਜੂਦ ਹੈ, ਪਰ ਝਗੜੇ ਮਗਰੋਂ ਵਿਰੋਧੀ ਧਿਰ ਨੇ ਉਨ੍ਹਾਂ ਦਾ ਰਸਤਾ ਬੰਦ ਕਰਕੇ ਖੇਤਾਂ ਵਿੱਚੋਂ ਵੀ ਉਨ੍ਹਾਂ ਦਾ ਲਾਂਘਾ ਬੰਦ ਕਰ ਦਿੱੱਤਾ, ਜਿਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ, ਪਰ ਰਸਤੇ ਬੰਦ ਕਰਨ ਕਰਕੇ ਕਰੀਬ ਇੱਕ ਮਹੀਨਾ ਪਹਿਲਾਂ ਵੱਢੀ ਕਣਕ ਦੀ ਫ਼ਸਲ ਖੇਤਾਂ ਵਿੱਚ ਖਰਾਬ ਹੋ ਰਹੀ ਹੈ ਤੇ ਉਨ੍ਹਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।
ਇਸ ਸੰਬੰਧੀ ਦੂਜੀ ਧਿਰ ਦੇ ਰਣਜੀਤ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਨੂੰ ਕੋਈ ਸਰਕਾਰੀ ਰਸਤਾ ਨਹੀਂ ਲੱਗਾ ਹੋਇਆ, ਜਿਸ ਕਰਕੇ ਦੋਹਾਂ ਧਿਰਾਂ ਨੇ ਸਾਂਝਾ ਰਸਤਾ ਛੱਡਿਆ ਸੀ, ਪਰ ਉਕਤ ਵਿਅਕਤੀ ਬਿਨਾਂ ਵਜ੍ਹ੍ਹਾ ਤੰਗ-ਪ੍ਰੇਸ਼ਨ ਕਰਦਾ ਆ ਰਿਹਾ ਹੈ, ਜਿਸ ਕਰਕੇ ਉਨ੍ਹਾਂ ਆਪਣੀ ਜ਼ਮੀਨ ਵਿੱਚੋਂ ਲੰਘਦਾ ਰਸਤਾ ਬੰਦ ਕੀਤਾ ਹੈ।
ਦੂਜੇ ਪਾਸੇ ਐੱਸ ਡੀ ਐੱਮ ਪਾਤੜਾਂ ਕਾਲਾ ਰਾਮ ਕਾਂਸਲ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾ ਦੇ ਧਿਆਨ ਵਿੱਚ ਨਹੀਂ, ਫਿਰ ਵੀ ਅਗਰ ਕੋਈ ਦਰਖਾਸਤ ਉਨ੍ਹਾਂ ਕੋਲ ਆਉਂਦੀ ਹੈ ਤਾਂ ਉਹ ਤਰੁੰਤ ਮਾਮਲੇ ਦੀ ਪੜਤਾਲ ਕਰਵਾਉਣਗੇ।

59 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper