Latest News
ਸ਼ਾਹਕੋਟ ਜ਼ਿਮਨੀ ਚੋਣ ਲਈ ਸੀ ਪੀ ਆਈ ਵੱਲੋਂ ਕਮਰਕੱਸੇ

Published on 15 May, 2018 11:31 AM.


ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਚੰਡੀਗੜ੍ਹ ਵਿਖੇ ਡਾਕਟਰ ਜੋਗਿੰਦਰ ਦਿਆਲ ਦੀ ਪ੍ਰਧਾਨਗੀ ਹੇਠ ਹੋਈ ਐਗਜ਼ੈਕਟਿਵ ਮੀਟਿੰਗ ਪਿੱਛੋਂ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਐਗਜ਼ੈਕਟਿਵ ਨੇ ਵਿਚਾਰ-ਵਟਾਂਦਰੇ ਪਿੱਛੋਂ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਵਰਤਮਾਨ ਸਥਿਤੀਆਂ ਵਿਚ ਆਰ ਐੱਸ ਐੱਸ ਦੀ ਅਗਵਾਈ ਵਿਚ ਚੱਲ ਰਹੀ ਮੋਦੀ ਸਰਕਾਰ ਨੇ ਦੇਸ਼ ਨੂੰ ਤਬਾਹੀ ਦੇ ਕੰਢੇ 'ਤੇ ਲੈ ਆਂਦਾ ਹੈ। ਫਿਰਕੂ ਸ਼ਕਤੀਆਂ ਦੇਸ਼ ਅੰਦਰ ਤਬਾਹੀ ਮਚਾ ਰਹੀਆਂ ਨੇ, ਆਰਥਿਕ ਖੇਤਰ ਵਿਚ ਦੇਸ਼ ਲਗਾਤਾਰ ਪਿੱਛੇ ਜਾ ਰਿਹਾ ਹੈ, ਕਿਸਾਨ ਅਤੇ ਮਿਹਨਤਕਸ਼ ਲੋਕ ਆਤਮ-ਹੱਤਿਆਵਾਂ ਕਰ ਰਹੇ ਹਨ ਤੇ ਅਕਾਲੀ ਦਲ ਇਨ੍ਹਾਂ ਸਾਰੀਆਂ ਬਰਬਾਦੀ ਵਾਲੀਆਂ ਨੀਤੀਆਂ ਲਈ ਭਾਜਪਾ ਨਾਲ ਪੂਰੀ ਤਰ੍ਹਾਂ ਭਾਗੀਦਾਰ ਹੈ। ਇੱਥੋਂ ਤੱਕ ਕਿ ਆਰ ਐੱਸ ਐੱਸ ਕਿਤਾਬਾਂ ਛਾਪ ਕੇ ਸਿੱਖ ਗੁਰੂਆਂ ਅਤੇ ਸਿੱਖ ਧਰਮ ਦੀ ਧਰਮ-ਨਿਰਪੱਖ ਅਤੇ ਸਮੁੱਚੀ ਮਾਨਵਤਾ-ਪੱਖੀ ਸਿਧਾਂਤ ਨੂੰ ਪੂਰੀ ਤਰ੍ਹਾਂ ਤੋੜ-ਮਰੋੜ ਰਹੀ ਹੈ। ਕਠੂਆ ਅਤੇ ਓਨਾਵ ਵਿਖੇ ਮਾਸੂਸ ਬੱਚੀਆਂ ਨਾਲ ਦਰਿੰਦਗੀ ਵਾਲੇ ਵਿਵਹਾਰ ਕਰਕੇ ਕਤਲ ਕਰਨ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਕਤਲ ਕਰਨ ਵਰਗੀਆਂ ਘਟਨਾਵਾਂ 'ਤੇ ਅਕਾਲੀ ਦਲ ਨੇ ਨਿਖੇਧੀ ਭਰਿਆ ਇਕ ਵੀ ਸ਼ਬਦ ਨਹੀਂ ਕਿਹਾ। ਇਹਨਾਂ ਹਾਲਤਾਂ ਵਿਚ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਅਕਾਲੀ-ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਕੰਮ ਕਰੇਗੀ ਅਤੇ ਜੋ ਵੀ ਪਾਰਟੀ ਜਾਂ ਉਮੀਦਵਾਰ ਅਕਾਲੀ ਦਲ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੋਵੇਗਾ, ਪਾਰਟੀ ਉਸ ਦੀ ਮਦਦ ਕਰੇਗੀ। ਪਾਰਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਕਿਸੇ ਪਾਰਟੀ ਨਾਲ ਮਿਲ ਕੇ ਕੋਈ ਵੀ ਸਾਂਝੀ ਚੋਣ ਮੁਹਿੰਮ ਨਹੀਂ ਕਰੇਗੀ, ਬਲਕਿ ਆਜ਼ਾਦਾਨਾ ਤੌਰ 'ਤੇ ਇਕੱਲਿਆਂ ਹੀ ਆਪਣੀਆਂ ਵੱਖਰੀਆਂ ਮੀਟਿੰਗਾਂ ਕਰਕੇ ਆਪਣਾ ਚੋਣ ਪ੍ਰਚਾਰ ਕਰੇਗੀ। ਸਾਥੀ ਬਰਾੜ ਨੇ ਅੱਗੇ ਆਖਿਆ ਕਿ ਕੇਂਦਰ ਵਿਚ ਮੋਦੀ ਸਰਕਾਰ ਦੇ ਬਰਬਾਦੀ ਵਾਲੇ 4 ਸਾਲ ਪੂਰੇ ਹੋਣ 'ਤੇ ਕੇਂਦਰ ਦੀਆਂ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ ਪਾਰਟੀ ਸਾਰੇ ਪੰਜਾਬ ਵਿਚ 23 ਮਈ ਨੂੰ ਸਾਂਝੀਆਂ ਰੈਲੀਆਂ ਅਤੇ ਮੁਜ਼ਾਹਰੇ ਆਯੋਜਿਤ ਕਰੇਗੀ।
ਇਸ ਸਾਂਝੀ ਮੁਹਿੰਮ ਵਿਚ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇਸ਼ ਭਰ ਵਿਚ ਆਰ ਐੱਸ ਐੱਸ ਅਤੇ ਮੋਦੀ ਸਰਕਾਰ ਵੱਲੋਂ ਫੈਲਾਈ ਜਾ ਰਹੀ ਫਿਰਕੂ ਜ਼ਹਿਰ, ਘੱਟ-ਗਿਣਤੀਆਂ ਅਤੇ ਦਲਿਤ ਵਰਗ 'ਤੇ ਹਮਲੇ ਅਤੇ ਮਨੂੰਵਾਦੀ ਪ੍ਰਚਾਰ, ਔਰਤਾਂ ਉਤੇ ਹੋ ਰਹੇ ਹਿੰਸਾਤਮਕ ਹਮਲੇ, ਕਿਸਾਨਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਮੱਧ-ਵਰਗ ਦੀ ਹੋ ਰਹੀ ਆਰਥਿਕ ਬਰਬਾਦੀ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ। ਇਹਨਾਂ ਮੁਜ਼ਾਹਰਿਆਂ ਵਿਚ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਤੇ ਚੋਣ ਇਕਰਾਰ ਪੂਰੇ ਕਰਾਉਣ ਵਾਸਤੇ ਆਵਾਜ਼ ਵੀ ਉਠਾਈ ਜਾਵੇਗੀ।

88 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper