Latest News
ਕਰਨਾਟਕ ਮਹਾਂਸੰਗਰਾਮ : ਗੇਂਦ ਹੁਣ ਰਾਜਪਾਲ ਦੇ ਪਾਲੇ 'ਚ

Published on 16 May, 2018 11:25 AM.


ਬੰਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ ਦੀ ਰਾਜਨੀਤੀ ਵਿੱਚ ਪਲ-ਪਲ ਘਟਨਾਕ੍ਰਮ ਬਦਲ ਰਿਹਾ ਹੈ। ਬੁੱਧਵਾਰ ਨੂੰ ਕੁਮਾਰ ਸੁਆਮੀ ਨੇ ਰਾਜਪਾਲ ਵੁਜੂਭਾਈ ਨਾਲ ਰਾਜ ਭਵਨ ਵਿਖੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਰਾਜਪਾਲ ਨੂੰ 116 ਵਿਧਾਇਕਾਂ ਦੀ ਹਮਾਇਤ ਦੀ ਸੂਚੀ ਸੌਂਪੀ ਅਤੇ ਸਰਕਾਰ ਬਣਾਉਣ ਦਾਅਵਾ ਪੇਸ਼ ਕੀਤਾ। ਉਧਰ ਭਾਜਪਾ ਦੇ ਸੂਤਰਾਂ ਦਾਅਵਾ ਕੀਤਾ ਹੈ ਕਿ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ ਤੇ ਯੇਦੀਯੁਰੱਪਾ ਵੀਰਵਾਰ ਨੂੰ ਸਵੇਰੇ 10.00 ਵਜੇ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਕੁਮਾਰਸੁਆਮੀ ਨੇ 116 ਵਿਧਾਇਕਾਂ ਦੀ ਸੂਚੀ ਰਾਜਪਾਲ ਨੂੰ ਸੌਂਪਦਿਆਂ ਵਿਧਾਇਕਾਂ ਪਰੇਡ ਕਰਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਰਾਜਪਾਲ ਨੇ ਰੱਦ ਕਰ ਦਿੱਤਾ। ਜਨਤਾ ਦਲ ਐੱਸ ਅਤੇ ਕਾਂਗਰਸ ਵਿਧਾਇਕ ਬੱਸਾਂ ਵਿੱਚ ਬੈਠ ਕੇ ਰਾਜ ਭਵਨ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ। ਭਾਵੇਂ ਭਾਜਪਾ ਵੱਲੋਂ ਆਰ ਐੱਸ ਐੱਸ ਅਤੇ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਦੇ ਬਾਵਜੂਦ ਪਾਰਟੀਆਂ ਨੇ ਆਪਣੇ-ਆਪਣੇ ਵਿਧਾਇਕ ਸਾਂਭੇ ਹੋਏ ਹਨ। ਕਾਂਗਰਸ ਅਤੇ ਭਾਜਪਾ ਦੋਵਾਂ ਹੀ ਪਾਰਟੀਆਂ ਵੱਲੋਂ ਆਪਣੇ ਵਿਧਾਇਕਾਂ ਨੂੰ ਤੋੜੇ ਜਾਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸੇ ਦੌਰਾਨ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀ ਐੱਸ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਰਾਜਪਾਲ ਵੁਜੂਭਾਈ ਬਾਲਾ ਨਾਲ ਮੁਲਾਕਾਤ ਕੀਤੀ ਅਤੇ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਮੀਟਿੰਗ ਮਗਰੋਂ ਰਾਜ ਭਵਨ ਤੋਂ ਬਾਹਰ ਨਿਕਲੇ ਯੇਦੀਯੁਰੱਪਾ ਨੇ ਆਪਣੀ ਸਰਕਾਰ ਬਣਨ ਦਾ ਪੂਰਨ ਭਰੋਸਾ ਪ੍ਰਗਟ ਕੀਤਾ। ਇਸੇ ਦੌਰਾਨ ਕਾਂਗਰਸ ਦੇ ਵਿਧਾਇਕ ਇੱਕ ਬੱਸ ਰਾਹੀਂ ਰਾਜ ਭਵਨ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣਾ ਦਾਅਵਾ ਪੇਸ਼ ਕੀਤਾ। ਓਧਰ ਜਨਤਾ ਦਲ ਐੱਸ ਦੇ ਆਗੂ ਕੁਮਾਰ ਸੁਆਮੀ ਨੇ ਪਾਰਟੀ ਵਿੱਚੋਂ ਕੁਝ ਵਿਧਾਇਕਾਂ ਦੇ ਖਿੰਡਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਕਿ ਪਾਰਟੀ ਦੇ 38 ਵਿਧਾਇਕ ਇੱਕਜੁੱਟ ਹਨ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਏਗੀ। ਓਧਰ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਸੱਤਾ 'ਚ ਆਉਣ ਲਈ ਪਿਛਲੇ ਦਰਵਾਜ਼ਿਓਂ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਜਨਤਾ ਦਲ ਐੱਸ ਦੇ ਆਗੂ ਕੁਮਾਰ ਸੁਆਮੀ ਨੇ ਪ੍ਰੈੱਸ ਕਾਨਰਫ਼ੰਸ ਕਰ ਕੇ ਦੋਸ਼ ਲਾਇਆ ਹੈ ਕਿ ਭਾਜਪਾ ਵੱਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ ਖ਼ਰੀਦਣ ਲਈ 100-100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਮੰਤਰੀ ਬਣਾਉਣ ਦਾ ਲਾਲਚ ਵੀ ਦਿੱਤਾ ਗਿਆ ਹੈ। ਭਾਜਪਾ ਦੇ ਆਗੂ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਦਾ ਦੋਸ਼ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਜਨਤਾ ਦਲ ਐੱਸ ਇਸ ਵੇਲੇ ਸਿਆਸਤ ਖੇਡ ਰਹੀ ਹੈ। ਜਾਵਡੇਕਰ ਨੇ ਕਿਹਾ ਕਿ ਭਾਜਪਾ ਨਿਯਮਾਂ ਮੁਤਾਬਕ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਜਾਵਡੇਕਰ ਨੇ ਕਿਹਾ ਕਿ ਕਰਨਾਟਕ ਵਿੱਚ ਭਾਜਪਾ ਦੀ ਸਰਕਾਰ ਬਣਨ ਦੀ ਉਨ੍ਹਾਂ ਨੂੰ ਪੂਰੀ ਉਮੀਦ ਹੈ। ਓਧਰ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਨਿਓਤਾ ਨਾ ਦਿੱਤਾ ਗਿਆ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਕਾਂਗਰਸ ਦੇ ਸਾਰੇ ਵਿਧਾਇਕ ਰਾਜਭਵਨ ਦੇ ਸਾਹਮਣੇ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਜੇ ਡੀ ਐੱਸ ਕੋਲ ਸਰਕਾਰ ਬਣਾਉਣ ਲਈ ਜ਼ਰੂਰੀ ਨੰਬਰ ਮੌਜੂਦ ਹਨ, ਜਦਕਿ ਭਾਜਪਾ ਕੋਲ ਲੋੜੀਂਦੇ ਵਿਧਾਇਕ ਨਹੀਂ ਹਨ।

110 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper