Latest News
ਵਾਰਾਨਸੀ ਪੁਲ ਹਾਦਸਾ; ਲਾਸ਼ਾਂ ਦੀ ਸੌਦੇਬਾਜ਼ੀ ਦਾ ਵੀਡਿਓ ਵਾਇਰਲ

Published on 16 May, 2018 11:31 AM.


ਵਾਰਾਨਸੀ
(ਨਵਾਂ ਜ਼ਮਾਨਾ ਸਰਵਿਸ)
ਛਾਉਣੀ ਰੇਲਵੇ ਸਟੇਸ਼ਨ ਨੇੜੇ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਮੰਗਲਵਾਰ ਸ਼ਾਮ ਨੂੰ ਡਿੱਗ ਪਿਆ ਸੀ। ਉੱਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਵਾਰਾਨਸੀ 'ਚ ਉਸਾਰੀ ਅਧੀਨ ਪੁਲ ਢਹਿਣ ਨਾਲ ਹੁਣ ਤੱਕ 15 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ 'ਚ ਲੋਕਾਂ ਦੀ ਮੌਤ ਤੋਂ ਬਾਅਦ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਇਸੇ ਦੌਰਾਨ ਹਾਦਸੇ ਦੇ ਕੁਝ ਘੰਟਿਆਂ ਬਾਅਦ ਹਸਪਤਾਲ 'ਚ ਭ੍ਰਿਸ਼ਟਾਚਾਰ 'ਚ ਡੁੱਬੇ ਸਿਸਟਮ ਦਾ ਘਿਨਾਉਣਾ ਚਿਹਰਾ ਵੇਖਣ ਨੂੰ ਮਿਲਿਆ, ਜਿੱਥੇ ਇੱਕ ਸਫ਼ਾਈ ਕਰਮਚਾਰੀ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇਣ ਬਦਲੇ ਵਾਰਸਾਂ ਤੋਂ 200 ਰੁਪਏ ਮੰਗਦਾ ਦਿਸਿਆ। ਮਾਮਲੇ ਦਾ ਵੀਡਿਓ ਵਾਇਰਲ ਹੋਇਆ ਤਾਂ ਜ਼੍ਹਿਲਾ 'ਚ ਮੈਜਿਸਟਰੇਟ ਨੇ ਕਾਰਵਾਈ ਕਰਕੇ ਦੋਸ਼ੀ ਨੂੰ ਮੁਅੱਤਲ ਕਰ ਦਿੱਤਾ। ਬੀ ਐੱਚ ਯੂ ਦੇ ਸਰ ਸੁੰਦਰ ਲਾਲ ਹਸਪਤਾਲ ਦੇ ਮੁਰਦਾ ਘਰ 'ਚ ਤਾਇਨਾਤ ਸਫ਼ਾਈ ਕਰਮਚਾਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਲਾਸ਼ਾਂ ਦੇਣ ਬਦਲੇ 200 ਰੁਪਏ ਦੀ ਮੰਗ ਕੀਤੀ, ਜਿਸ ਤੋਂ ਬਾਅਦ ਮ੍ਰਿਤਕਾਂ ਦੇ ਵਾਰਸ ਭੜਕ ਗਏ। ਉਥੇ ਮੌਜੂਦ ਕੁਝ ਵਿਅਕਤੀਆਂ ਨੇ ਮੋਬਾਇਲ ਤੋਂ ਇਸ ਦਾ ਵੀਡਿਓ ਵੀ ਬਣਾ ਲਿਆ। ਵੇਖਦਿਆਂ ਹੀ ਵੇਖਦਿਆਂ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਓਧਰ ਵੀਡਿਓ ਦੇ ਵਾਇਰਲ ਹੁੰਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ 'ਚ ਹਫ਼ੜਾ-ਦਫ਼ੜੀ ਮਚ ਗਈ। ਮਾਮਲੇ 'ਚ ਜ਼ਿਲ੍ਹਾ ਮੈਜਿਸਟਰੇਟ ਯੋਗੇਸ਼ਵਰ ਰਾਮ ਮਿਸ਼ਰਾ ਨੇ ਸਫ਼ਾਈ ਕਰਮਚਾਰੀ ਬਨਾਰਸੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਇਸ ਮਾਮਲੇ 'ਚ ਯੂ ਪੀ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। ਉਧਰ, ਘਟਨਾ ਦੀ ਉੱਚ ਪੱਧਰੀ ਜਾਂਚ ਬਿਠਾ ਦਿੱਤੀ ਗਈ ਹੈ, ਪ੍ਰੰਤੂ ਇਸ ਹਾਦਸੇ ਨੇ ਇੱਕ ਵਾਰ ਫਿਰ ਪ੍ਰਸ਼ਾਸਨਿਕ ਲਾਪ੍ਰਵਾਹੀ ਨੂੰ ਉਜਾਗਰ ਕਰ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਵੀ ਘਟਨਾ ਵਾਲੀ ਜਗ੍ਹਾ ਦਾ ਦੇਰ ਰਾਤ ਦੌਰਾ ਕੀਤਾ। ਮੁੱਖ ਮੰਤਰੀ ਨੇ ਪਹਿਲਾਂ ਘਟਨਾ ਵਾਲੀ ਥਾਂ 'ਤੇ ਜਾ ਕੇ ਰਾਹਤ ਕਾਰਨਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਟਰੋਮਾ ਸੈਂਟਰ 'ਚ ਭਰਤੀ ਜ਼ਖ਼ਮੀਆਂ ਨੂੰ ਮਿਲੇ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਪੁਲ ਡਿਗਣ ਦੇ ਮਾਮਲੇ 'ਚ ਸੇਤੂ ਨਿਗਮ ਦੇ ਚੀਫ਼ ਪ੍ਰਾਜੈਕਟ ਮੈਨੇਜਰ ਐੱਚ ਸੀ ਤਿਵਾਰੀ, ਪ੍ਰਾਜੈਕਟ ਮੈਨੇਜਰ ਰਜਿੰਦਰ ਸਿੰਘ ਅਤੇ ਕੇ ਆਰ ਸੂਡਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਨਾਲ ਹੀ ਇੱਕ ਹੋਰ ਕਰਮਚਾਰੀ ਲਾਲ ਚੰਦ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਦਿੱਤੀ। ਇਨ੍ਹਾਂ ਅਧਿਕਾਰੀਆਂ 'ਤੇ ਦੋਸ਼ ਹੈ ਕਿ ਨਿਰਮਾਣ ਦੌਰਾਨ ਉਨ੍ਹਾਂ ਨੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਨਹੀਂ ਕੀਤਾ। ਸਾਰੇ ਅਧਿਕਾਰੀਆਂ ਨੂੰ ਛੇਤੀ ਹੀ ਚਾਰਜਸ਼ੀਟਾਂ ਜਾਰੀ ਕੀਤੀਆਂ ਜਾਣਗੀਆਂ। ਛਾਉਣੀ ਰੇਲਵੇ ਸਟੇਸ਼ਨ ਨੇੜੇ ਜਿਸ ਸੜਕ 'ਤੇ ਉਸਾਰੀ ਅਧੀਨ ਪੁਲ ਦਾ ਹਿੱਸਾ ਡਿੱਗਾ ਹੈ, ਉਹ ਕਈ ਜ਼ਿਲ੍ਹਿਆਂ ਨੂੰ ਬਨਾਰਸ ਨਾਲ ਜੋੜਦਾ ਹੈ।

126 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper