ਮੁੰਬਈ
(ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ 'ਚ ਬੀਤੇ ਕਈ ਦਿਨਾਂ ਤੋਂ ਚੱਲ ਰਹੇ ਮਰਾਠਾ ਅੰਦੋਲਨ ਨੇ ਵੀਰਵਾਰ ਦੁਪਹਿਰ ਨੂੰ ਅਚਾਨਕ ਹਿੰਸਕ ਰੂਪ ਲੈ ਲਿਆ। ਪੁਣੇ ਅਤੇ ਨਾਸਿਕ 'ਚ ਬੰਦ ਦੌਰਾਨ ਅਚਾਨਕ ਹਿੰਸਾ ਭੜਕ ਗਈ। ਅੰਦੋਲਨਕਾਰੀਆਂ ਨੇ ਗੱਡੀਆਂ ਨੂੰ ਅੱਗ ਲਾ ਦਿੱਤੀ ਅਤੇ ਨਜ਼ਦੀਕ ਦੀਆਂ ਦੁਕਾਨਾਂ 'ਚ ਤੋੜਫੋੜ ਕੀਤੀ। ਅਸਲ 'ਚ ਮਰਾਠਾ ਸਮਾਜ ਨੇ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਨਾਂ 'ਚ ਮਰਾਠਾ ਲੋਕਾਂ ਦੇ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ 'ਚ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦੌਰਾਨ ਅੰਦੋਲਨ ਕਰ ਰਹੇ ਅੰਦੋਲਨਕਾਰੀ ਅਚਾਨਕ ਹਿੰਸਕ ਹੋ ਗਏ ਅਤੇ ਦੁਕਾਨਾਂ 'ਚ ਤੋੜਫੋੜ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਅੰਦੋਲਨਕਾਰੀ ਆਪਸ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਝਗੜ ਪਏ, ਜਿਸ ਤੋਂ ਬਾਅਦ ਅੰਦੋਲਨਕਾਰੀ ਹਿੰਸਕ ਹੋ ਗਏ।
ਅੰਦੋਲਨਕਾਰੀਆਂ ਨੇ ਗੱਡੀਆਂ 'ਚ ਅੱਗ ਲਾ ਦਿੱਤੀ ਅਤੇ ਦੁਕਾਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਏਨਾ ਹੀ ਨਹੀਂ ਅੰਦੋਲਨਕਾਰੀਆਂ ਨੇ ਪੁਣੇ ਡੀ ਐੱਮ ਦਫ਼ਤਰ ਨੂੰ ਵੀ ਨਹੀਂ ਬਖਸ਼ਿਆ, ਉਸ ਦੀ ਵੀ ਤੋੜਫੋੜ ਕੀਤੀ। ਹਾਲਾਤ ਬੇਕਾਬੂ ਹੁੰਦੇ ਦੇਖ ਪੁਲਸ ਨੂੰ ਅੰਦੋਲਨਕਾਰੀਆਂ 'ਤੇ ਲਾਠੀਚਾਰਜ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਲਾਤੂਰ, ਜਾਲਨਾ, ਸੋਲਾਪੁਰ ਅਤੇ ਬੁਲਧਾਨਾ ਜ਼ਿਲ੍ਹੇ 'ਚ ਕਈ ਜਗ੍ਹਾ 'ਤੇ ਟ੍ਰੈਫਿਕ ਰੋਕ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਪੁਣੇ 'ਚ ਕੁਝ ਦਫ਼ਤਰਾਂ ਦੀਆਂ ਬਿਲਡਿੰਗਾਂ 'ਤੇ ਵੀ ਪਥਰਾਅ ਕੀਤਾ ਤੇ ਸ਼ੀਸੇ ਤੋੜ ਦਿੱਤੇ।
ਮਰਾਠਾ ਸਮੂਹਾਂ ਦੁਆਰਾ ਨਵੀ ਮੁੰਬਈ ਨੂੰ ਛੱਡ ਕੇ ਪੂਰੇ ਮਹਾਰਾਸ਼ਟਰ 'ਚ ਵੀਰਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਸੀ, ਤਾਂ ਕਿ ਰਾਖਵਾਂਕਰਨ ਲਈ ਭਾਈਚਾਰੇ ਦੀ ਮੰਗ 'ਤੇ ਦਬਾਅ ਬਣਾਇਆ ਜਾ ਸਕੇ।
ਅਧਿਕਾਰੀਆਂ ਨੇ ਹਿੰਸਾ ਦੇ ਸ਼ੱਕ ਨੂੰ ਦੇਖਦੇ ਹੋਏ ਕੁਝ ਇਲਾਕਿਆਂ 'ਚ ਸਕੂਲ-ਕਾਲਜਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ।