Latest News
ਰੋਡਵੇਜ਼ ਮੁਲਾਜ਼ਮਾਂ ਵੱਲੋਂ ਮੰਗਾਂ ਸੰਬੰਧੀ ਰੈਲੀ

Published on 13 Sep, 2018 11:17 AM.


ਜਲੰਧਰ (ਸ਼ੈਲੀ, ਰਾਜੇਸ਼ ਥਾਪਾ,
ਉੱਭੀ, ਪਾਪੀ)
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਜਲੰਧਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮੰਗਤ ਖਾਨ ਕਨਵੀਨਰ ਅਤੇ ਬੁਲਾਰਿਆਂ ਵੱਲੋਂ ਦੱਸਿਆ ਗਿਆ ਕਿ ਲੰਮੇ ਸਮੇਂ ਤੋਂ ਸਾਂਝੀ ਐਕਸ਼ਨ ਕਮੇਟੀ ਵਿਭਾਗ ਦੀ ਬੇਹਤਰੀ ਲਈ ਸੰਘਰਸ਼ ਕਰ ਰਹੀ ਹੈ। ਪਿਛਲੀ ਸਰਕਾਰ ਨੇ 10 ਸਾਲ ਵਿੱਚ ਜੋ ਵਿਭਾਗ ਨਾਲ ਧੱਕਾ ਕੀਤਾ, ਉਹ ਕਿਸੇ ਤੋਂ ਛੁਪਿਆ ਨਹੀਂ। ਨਵੀਂ ਸਰਕਾਰ ਬਣੀ ਨੂੰ ਵੀ ਤਕਰੀਬਨ ਡੇਢ ਸਾਲ ਦਾ ਸਮਾਂ ਹੋ ਗਿਆ ਹੈ। ਇਸ ਸਰਕਾਰ ਵੱਲੋਂ ਵੀ ਵਿਭਾਗ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਸਰਕਾਰ ਬਣਨ ਤੋਂ ਪਹਿਲਾਂ ਵੱਖ-ਵੱਖ ਮਾਫ਼ੀਏ, ਜਿਨ੍ਹਾਂ ਵਿੱਚ ਟਰਾਂਸਪੋਰਟ ਮਾਫ਼ੀਆ ਵੀ ਸ਼ਾਮਲ ਸੀ, ਨੂੰ ਖ਼ਤਮ ਕਰਨ ਦਾ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ, ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਟਰਾਂਸਪੋਰਟ ਮਾਫ਼ੀਏ ਦਾ ਅੱਜ ਤੱਕ ਵਾਲ ਵੀ ਵਿੰਗਾ ਨਹੀਂ ਹੋਇਆ। ਪਹਿਲਾਂ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਰੱਖਿਆ ਸੀ ਅਤੇ ਅਧਿਕਾਰੀ ਪੁਰਾਣੇ ਹੀ ਲੱਗੇ ਰਹੇ, ਹੁਣ ਟਰਾਂਸਪੋਰਟ ਦਾ ਵਿਭਾਗ ਅਰੁਣਾ ਚੌਧਰੀ ਨੂੰ ਸੌਂਪਿਆ ਗਿਆ ਹੈ। ਉਨ੍ਹਾ ਪੰਜਾਬ ਰੋਡਵੇਜ਼ ਵੱਲ ਕੋਈ ਧਿਆਨ ਨਹੀਂ ਦਿੱਤਾ। ਮੰਤਰੀ ਦੇ ਕਹਿਣ ਅਨੁਸਾਰ ਉਨ੍ਹਾ ਵੱਲੋਂ ਇਹ ਵਿਭਾਗ ਮੁੱਖ ਮੰਤਰੀ ਤੋਂ ਮੰਗਿਆ ਹੀ ਨਹੀਂ ਗਿਆ, ਪਰ ਫਿਰ ਵੀ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ।
ਕਰਮਚਾਰੀਆਂ ਦੀਆਂ ਪਰਮੋਸ਼ਨਾਂ ਬੜੇ ਲੰਮੇ ਸਮੇਂ ਤੋਂ ਨਹੀਂ ਹੋ ਰਹੀਆਂ। ਜਥੇਬੰਦੀਆਂ ਵੱਲੋਂ ਕੁਝ ਕਰਮਚਾਰੀਆਂ ਦੀਆਂ ਬਦਲੀਆਂ ਜੋ ਬਦਲੀਆਂ ਦੇ ਸਮੇਂ ਦਿੱਤੀਆਂ ਗਈਆਂ ਸਨ, ਉਹ ਨਹੀਂ ਹੋਈਆਂ। ਵਿਭਾਗ ਵੱਲੋਂ ਆਊਟਸੋਰਿਸਿੰਗ ਦੀ ਭਰਤੀ ਲਗਾਤਾਰ ਜਾਰੀ ਹੈ। ਮਾਣਯੋਗ ਹਾਈ ਕੋਰਟ ਦਾ ਮਿਤੀ 20-12-2016 ਦਾ ਫੈਸਲਾ ਲਾਗੂ ਨਹੀਂ ਹੋ ਰਿਹਾ। ਕਰਜ਼ਾ ਮੁਕਤ ਬੱਸਾਂ ਪੰਜਾਬ ਰੋਡਵੇਜ਼ ਦੇ ਬੇੜੇ ਵਿੰਚ ਸ਼ਾਮਲ ਨਹੀਂ ਕੀਤੀਆਂ ਗਈਆਂ। ਵਿਭਾਗ ਵਿੱਚ ਕੁਰੱਪਸ਼ਨ 'ਤੇ ਕੋਈ ਰੋਕ ਨਹੀਂ ਲੱਗੀ। ਪੰਜਾਬ ਰੋਡਵੇਜ਼ ਦੀ ਜਾਇਦਾਦ ਬੱਸ ਅੱਡੇ ਮੁੜ ਰੋਡਵੇਜ਼ ਦੇ ਨਾਂਅ ਕਰਨ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ। ਰੋਡਵੇਜ਼ ਕਰਮਚਾਰੀਆਂ ਲਈ ਫਰੀ ਸਫ਼ਰ ਸਹੂਲਤ ਦਾ ਪੱਤਰ ਜਾਰੀ ਨਹੀਂ ਹੋਇਆ।
ਪੂਰੇ ਪੰਜਾਬ ਵਿੱਚ ਸਪੈਸ਼ਲ ਅਪਰੇਸ਼ਨ ਧੜੱਲੇ ਨਾਲ ਚੱਲ ਰਿਹਾ ਹੈ। ਟਾਈਮ ਟੇਬਲਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਟਰਾਂਸਪੋਰਟ ਪਾਲਿਸੀ ਠੰਢੇ ਬਸਤੇ ਵਿੱਚ ਪਈ ਹੈ। ਪੰਜਾਬ ਰੋਡਵੇਜ਼ ਵਿੱਚ ਕੰਡਕਟਰ, ਡਰਾਈਵਰ ਅਤੇ ਕਲੈਰੀਕਲ ਸਟਾਫ਼ ਦੀ ਭਰਤੀ ਨਹੀਂ ਕੀਤੀ ਜਾ ਰਹੀ। ਮੰਤਰੀ ਜੀ ਕਹਿ ਰਹੇ ਹਨ ਕਿ ਭਰਤੀ ਬੰਦ ਹੈ, ਪਰ ਏ ਐੱਮ ਈ ਅਤੇ ਵਰਕਸ ਮੈਨੇਜਰ ਦੀ ਭਰਤੀ ਹੋ ਰਹੀ ਹੈ। ਬੁਲਾਰਿਆਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਕਿ ਟਰਾਂਸਪੋਰਟ ਦਾ ਵਿਭਾਗ ਮੌਜੂਦਾ ਮੰਤਰੀ ਤੋਂ ਬਦਲ ਕੇ ਕਿਸੇ ਹੋਰ ਸੂਝਵਾਨ ਮੰਤਰੀ ਨੂੰ ਦਿੱਤਾ ਜਾਵੇ। ਰੈਲੀ ਨੂੰ ਮੰਗਤ ਖਾਨ ਕਨਵੀਨਰ ਤੋਂ ਇਲਾਵਾ ਇੰਟਕ ਵੱਲੋਂ ਅਵਤਾਰ ਸਿੰਘ ਸੇਖਂੋ, ਏਟਕ ਵੱਲੋਂ ਜਗਦੀਸ਼ ਸਿੰਘ ਚਾਹਲ, ਕਰਮਚਾਰੀ ਦਲ ਵੱਲੋਂ ਰਛਪਾਲ ਸਿੰਘ, ਕੰਡਕਟਰ ਯੂਨੀਅਨ ਵੱਲੋਂ ਗੁਰਦਿਆਲ ਸਿੰਘ, ਸ਼ਡਿਊਲਡ ਕਾਸਟ ਯੂਨੀਅਨ ਵੱਲੋਂ ਸਲਵਿੰਦਰ ਸਿੰਘ, ਇੰਪਲਾਈਜ਼ ਯੂਨੀਅਨ ਆਜ਼ਾਦ ਵੱਲੋਂ ਮੋਹਣ ਸਿੰਘ, ਇੰਸਪੈਕਟਰ ਯੂਨੀਅਨ ਵੱਲੋਂ ਜਸਵਿੰਦਰ ਸਿੰਘ, ਪਨਬੱਸ ਆਜ਼ਾਦ ਵਰਕਰਜ਼ ਯੂਨੀਅਨ ਵੱਲੋਂ ਰਾਜਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ।

336 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper