Latest News
ਮੋਦੀ ਦੇ ਜੋ ਮਨ 'ਚ ਸੀ, ਉਹ ਜ਼ੁਬਾਨ 'ਤੇ ਵੀ ਆ ਹੀ ਗਿਆ : ਰਾਹੁਲ

Published on 05 Dec, 2018 11:20 AM.


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਕਰਤਾਰਪੁਰ ਸਾਹਿਬ ਲਾਂਘੇ 'ਤੇ ਹਰ ਪਾਸੇ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੋਈ ਹੈ, ਚਾਹੇ ਪੰਜਾਬ ਦੀ ਸਿਆਸਤ ਹੋਵੇ ਤੇ ਚਾਹੇ ਕੌਮੀ ਪੱਧਰ ਦੀ ਰਾਜਨੀਤੀ। ਕਰਤਾਰਪੁਰ ਲਾਂਘੇ ਬਾਰੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਤਕਾਲੀ ਕਾਂਗਰਸੀ ਲੀਡਰਾਂ ਦੀ ਸੋਝੀ 'ਤੇ ਸਵਾਲ ਚੁੱਕੇ ਸਨ ਤੇ ਹੁਣ ਰਾਹੁਲ ਗਾਂਧੀ ਨੇ ਵੀ ਭਾਜੀ ਮੋੜ ਦਿੱਤੀ ਹੈ। ਗਾਂਧੀ ਨੇ ਕਿਹਾ ਕਿ ਮੋਦੀ ਆਪਣੇ ਆਪ ਨੂੰ ਸਾਬਤ ਕਰਨ ਲਈ ਸਰਦਾਰ ਪਟੇਲ ਤੇ ਮਹਾਤਮਾ ਗਾਂਧੀ ਜਿਹੇ ਲੋਕਾਂ ਨੂੰ ਨੀਵਾਂ ਦਿਖਾ ਰਹੇ ਹਨ।
ਰਾਹੁਲ ਗਾਂਧੀ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਹੁਣ ਪ੍ਰਧਾਨ ਮੰਤਰੀ ਸਰਦਾਰ ਪਟੇਲ 'ਤੇ ਸਵਾਲ ਚੁੱਕ ਰਹੇ ਹਨ ਕਿ ਉਸ ਸਮੇਂ ਦੇ ਨੇਤਾਵਾਂ ਦੀ ਸੋਝੀ ਵਿੱਚ ਘਾਟ ਕਾਰਨ ਕਰਤਾਰਪੁਰ ਪਾਕਿਸਤਾਨ ਚਲਿਆ ਗਿਆ। ਉਨ੍ਹਾਂ ਕਿਹਾ ਕਿ ਜੋ ਮੋਦੀ ਦੇ ਮਨ ਵਿੱਚ ਸੀ, ਆਖ਼ਰ ਉਹ ਜ਼ੁਬਾਨ 'ਤੇ ਵੀ ਆ ਹੀ ਗਿਆ ਕਿ ਉਹ ਖ਼ੁਦ ਨੂੰ ਵੱਡਾ ਦਰਸਾਉਣ ਲਈ ਪਟੇਲ-ਗਾਂਧੀ ਨੂੰ ਵੀ ਨੀਵਾਂ ਦਿਖਾ ਸਕਦੇ ਹਨ।
ਦਰਅਸਲ ਬੀਤੇ ਦਿਨ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਗਲਿਆਰੇ ਦਾ ਜ਼ਿਕਰ ਕਰਦਿਆਂ ਉਸ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਸਵਾਲ ਚੁੱਕੇ ਸਨ। ਮੋਦੀ ਨੇ ਕਿਹਾ ਸੀ ਕਿ ਕਾਂਗਰਸ ਨੇ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਤੇ ਜਿੱਤੀਆਂ ਵੀ, ਵੱਡੇ-ਵੱਡੇ ਵਾਅਦੇ ਕੀਤੇ ਪਰ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਮਹਾਨ ਸਥਾਨ ਨੂੰ ਪਾਕਿਸਤਾਨ ਜਾਣ ਦਿੱਤਾ।
ਪੀ ਅੱੈਮ ਨੇ ਦੋਸ਼ ਲਾਇਆ ਸੀ ਕਿ ਉਦੋਂ ਨੇਤਾਵਾਂ ਵਿੱਚ ਸੱਤਾ ਸਾਂਭਣ ਦੀ ਇੰਨੀ ਕਾਹਲ ਸੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਥਾਨ ਨੂੰ ਲੋਕਾਂ ਦੇ ਮੱਥਾ ਟੇਕਣ ਦਾ ਪ੍ਰਬੰਧ ਨਹੀਂ ਕਰਵਾ ਸਕੇ, ਪਰ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਕਰਤਾਰਪੁਰ ਗਲਿਆਰਾ ਬਣਾਉਣ ਦਾ ਕੰਮ ਮੇਰੇ ਜ਼ਿੰਮੇ ਆਇਆ। ਹੁਣ ਮੋਦੀ ਵੱਲੋਂ ਕਾਂਗਰਸੀ ਲੀਡਰ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਜਾਣ ਵਾਲੀ ਐਕਸਟਰਾ ਤਵੱਜੋ ਨੂੰ ਰਾਹੁਲ ਨੇ ਪਖੰਡ ਕਰਾਰ ਦਿੱਤਾ ਤੇ ਬੀ ਜੇ ਪੀ 'ਤੇ ਕਰਾਰਾ ਵਾਰ ਕੀਤਾ ਹੈ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper