ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਅਗਸਤਾ ਵੈਸਟਲੈਂਡ ਡਿਫੈਂਸ ਸਮਝੌਤੇ 'ਚ ਦਲਾਲੀ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਕ੍ਰਿਸਚੀਅਨ ਮਿਸ਼ੇਲ ਨੇ ਪੈਸੇ ਲੈਣ ਦੀ ਗੱਲ ਸਵੀਕਾਰ ਕੀਤੀ ਹੈ। ਹਾਲਾਂਕਿ ਮਿਸ਼ੇਲ ਨੇ ਇਸ ਨੂੰ ਰਿਸ਼ਵਤਖੋਰੀ ਨਾ ਦੱਸਦੇ ਹੋਏ ਕੰਸਲਟੈਂਸੀ ਫੀਸ ਕਰਾਰ ਦਿੱਤਾ ਹੈ। ਮਿਸ਼ੇਲ ਨੇ ਪੁੱਛਗਿੱਛ 'ਚ ਯੂ ਪੀ ਏ ਨੇਤਾਵਾਂ ਜਾਂ ਫਿਰ ਰੱਖਿਆ ਮੰਤਰਾਲੇ ਤੋਂ ਪੈਸੇ ਲੈਣ ਦੀ ਗੱਲ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ। ਮਿਸ਼ੇਲ ਨੇ ਕਿਹਾ ਕਿ ਉਸ ਨੇ ਯੂ ਪੀ ਏ ਸਰਕਾਰ ਤੋਂ ਕੋਈ ਰਿਸ਼ਵਤ ਨਹੀਂ ਲਈ, ਪਰ ਅਗਸਤਾ ਵੈਸਟਲੈਂਡ ਤੋਂ ਫੀਸ ਲਈ ਸੀ। ਪੁੱਛਗਿੱਛ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਮਿਸ਼ੇਲ ਨੇ ਰਿਸ਼ਵਤ ਲੈਣ ਵਾਲੇ ਕਿਸੇ ਵਿਅਕਤੀ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ। ਲਿਖਣ ਅਤੇ ਪੜ੍ਹਨ 'ਚ ਅਸਮਰਥ ਹੋਣ ਦੀ ਗੱਲ ਕਹਿੰਦੇ ਹੋਏ ਮਿਸ਼ੇਲ ਨੇ ਸੀ ਬੀ ਆਈ ਅਧਿਕਾਰੀਆਂ ਨੂੰ ਕਿਹਾ ਕਿ ਨੇਤਾਵਾਂ ਅਤੇ ਨੌਕਰਸ਼ਾਹਾਂ ਨੂੰ ਦਿੱਤੀ ਗਈ ਰਿਸ਼ਵਤ ਦੇ ਮਾਮਲੇ 'ਚ ਇੱਕ ਹੋਰ ਯੂਰਪੀ ਵਿਚੋਲੇ ਗਾਇਡੋ ਹਾਸ਼ਕੇ ਨੇ ਨੋਟਿਸ ਲਿਖੇ ਸਨ।
ਮਿਸ਼ੇਲ ਨੇ ਦੱਸਿਆ ਕਿ ਇਨ੍ਹਾਂ ਨੋਟਿਸਾਂ 'ਚ ਲਿਖਿਆ ਸੀ ਕਿ ਸੋਨੀਆ ਗਾਂਧੀ ਵੀ ਆਈ ਪੀ ਸਮਝੌਤੇ 'ਚ ਡਰਾਈਵਿੰਗ ਫੋਰਸ ਹੈ। ਨੋਟਿਸ 'ਚ ਕਿਹਾ ਗਿਆ ਸੀ ਕਿ ਭਾਰਤ 'ਚ ਅਗਸਤਾ ਵੈਸਟਲੈਂਡ ਦੇ ਸੇਲਜ਼ਮੈਨ ਪੀਟਰ ਹੁਲੇਟ ਨੂੰ ਸੋਨੀਆ ਗਾਂਧੀ ਦੇ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਤਤਕਾਲੀਨ ਰੱਖਿਆ ਮੰਤਰੀ ਰਹੇ ਪ੍ਰਣਬ ਮੁਖਰਜੀ ਅਤੇ ਸੋਨੀਆ ਦੇ ਰਾਜਨੀਤਕ ਸਕੱਤਰ ਅਹਿਮਦ ਪਟੇਲ ਨੂੰ ਟਾਰਗੇਟ ਕਰਨਾ ਚਾਹੀਦਾ ਹੈ। ਮਿਸ਼ੇਲ ਨੇ ਹੈਸ਼ਕੇ 'ਤੇ ਖੁਦ ਨੂੰ ਫਸਾਉਣ ਦਾ ਦੋਸ਼ ਲਾਇਆ। 'ਬਜਟ ਖਰਚ ਆਈਟਮ' ਸਿਰਲੇਖ ਦੇ ਇੱਕ ਹੋਰ ਨੋਟ ਮੁਤਾਬਕ ਕੁਝ ਲੋਕਾਂ ਨੂੰ ਕੁੱਲ 30 ਮਿਲੀਅਨ ਯੂਰੋ ਦੀ ਰਿਸ਼ਵਤ ਦਿੱਤੀ ਗਈ ਸੀ। ਇਨ੍ਹਾਂ ਲੋਕਾਂ ਦੇ ਨਾਂਵਾਂ ਦੇ ਕੁਝ ਅੱਖਰ ਨੋਟ 'ਚ ਲਿਖੇ ਗਏ ਸਨ, ਜਿਸ 'ਚ ਐੱਫ ਏ ਐੱਮ ਅਤੇ ਏ ਪੀ ਇਨ੍ਹਾਂ ਦੋਵਾਂ ਨਾਂਵਾਂ ਦੇ ਨਾਲ ਪੀ ਓ ਐੱਲ ਕੈਪਸ਼ਨ ਲਿਖਿਆ ਸੀ।
ਸੀ ਬੀ ਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਿਸ਼ੇਲ ਨੇ ਖੁਦ ਨੂੰ ਅਤੇ ਭਾਰਤ ਦੇ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਨੂੰ ਬਚਾਉਣ ਦੇ ਮਕਸਦ ਨਾਲ ਪੂਰਾ ਦੋਸ਼ ਹੈਸ਼ਕੇ 'ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਅਧਿਕਾਰੀ ਨੇ ਕਿਹਾ, 'ਉਹ ਸਭ ਕੁਝ ਜਾਣਦਾ ਹੈ, ਪਰ ਸਾਡੇ ਸਵਾਲ 'ਤੇ ਆਪਣੀ ਮਰਜ਼ੀ ਮੁਤਾਬਕ ਹੀ ਜਵਾਬ ਦਿੰਦਾ ਹੈ। ਜਦ ਉਸ ਤੋਂ ਇਹ ਪਤਾ ਚੱਲਿਆ ਕਿ ਸਾਡੇ ਕੋਲ ਕੁਝ ਟਰਾਂਜੈਕਸ਼ਨ ਦੇ ਦਸਤਾਵੇਜ਼ ਮੌਜੂਦ ਹਨ ਤਾਂ ਉਹ ਗੁੱਸੇ 'ਚ ਆ ਗਿਆ।'