Latest News
ਯੂ ਪੀ, ਬਿਹਾਰ 'ਚ ਭਾਜਪਾ ਦਾ ਹੋਵੇਗਾ ਸਫ਼ਾਇਆ : ਤੇਜਸਵੀ

Published on 12 Jan, 2019 10:46 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਬਸਪਾ ਸੁਪਰੀਮੋ ਮਾਇਆਵਤੀ ਅਤੇ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਨੇ ਲਖਨਊ 'ਚ ਸ਼ਨੀਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਅਗਾਮੀ ਲੋਕ ਸਭਾ ਚੋਣਾਂ ਲਈ ਇਤਿਹਾਸਕ ਗਠਜੋੜ ਦਾ ਐਲਾਨ ਕਰ ਦਿੱਤਾ। ਗਠਜੋੜ ਦੇ ਐਲਾਨ ਤੋਂ ਬਾਅਦ ਜਿੱਥੇ ਭਾਜਪਾ ਨੇ ਇਸ ਗਠਜੋੜ ਨੂੰ ਸੱਤਾ ਅਤੇ ਸਵਾਰਥ ਦਾ ਗਠਜੋੜ ਦੱਸਿਆ ਤਾਂ ਉਥੇ ਹੀ ਵਿਰੋਧੀ ਦਲਾਂ ਨੇ ਇਸ ਗਠਜੋੜ ਦਾ ਸਵਾਗਤ ਕੀਤਾ ਹੈ। ਬਿਹਾਰ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਰਾਜਦ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਭਾਜਪਾ ਦੀ ਹਾਰ ਦੀ ਸ਼ੁਰੂਆਤ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਹੋ ਚੁੱਕੀ ਹੈ।
ਗਠਜੋੜ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਤੇਜਸਵੀ ਯਾਦਵ ਨੇ ਕਿਹਾ ਇਸ ਗਠਜੋੜ ਤੋਂ ਸਾਫ਼ ਹੈ ਕਿ ਯੂ ਪੀ 'ਚ ਭਾਜਪਾ ਦੀ ਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ, ਨਾਲ ਹੀ ਉਨ੍ਹਾ ਕਿਹਾ ਕਿ ਬਿਹਾਰ 'ਚ ਐੱਨ ਡੀ ਏ ਪਹਿਲਾਂ ਹੀ ਹਾਰ ਚੁੱਕਾ ਹੈ। ਤੇਜਸਵੀ ਨੇ ਕਿਹਾ ਕਿ ਯੂ ਪੀ 'ਚ ਮਾਇਆ ਅਤੇ ਅਖਿਲੇਸ਼ ਦਾ ਗਠਜੋੜ ਅਟੁੱਟ ਹੈ, ਬਿਹਾਰ ਵਰਗੇ ਹਾਲਾਤ ਉਥੇ ਨਹੀਂ ਹੋਣਗੇ। ਰਾਜਦ ਸੁਪਰੀਮੋ ਵੀ ਚਾਹੁੰਦੇ ਸਨ ਕਿ ਉਥੇ ਇਹ ਗਠਜੋੜ ਹੋਵੇ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਗਠਜੋੜ ਦਾ ਸਵਾਗਤ ਕੀਤਾ ਹੈ। ਮਮਤਾ ਬੈਨਰਜੀ ਨੇ ਟਵੀਟ ਕਰਕੇ ਲਿਖਿਆ, 'ਮੈਂ ਅਗਾਮੀ ਲੋਕ ਸਭਾ ਚੋਣਾਂ ਲਈ ਸਭਾ ਅਤੇ ਬਸਪਾ ਦੇ ਗਠਜੋੜ ਦਾ ਸਵਾਗਤ ਕਰਦੀ ਹਾਂ।' ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਗਠਜੋੜ ਠੀਕ ਹੈ, ਪਰ ਕਾਂਗਰਸ ਦੇ ਵੱਖ ਹੋਣ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ, ਕਾਂਗਰਸ ਨੂੰ ਵੱਖ ਰੱਖਣ ਦੀ ਜ਼ਰੂਰਤ ਨਹੀਂ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਇਸ ਗਠਜੋੜ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ 'ਚ ਗਠਜੋੜ ਦੀ ਜ਼ਰੂਰਤ ਹੈ। ਭਾਜਪਾ ਨੂੰ 2014 'ਚ ਕੇਵਲ 31ਫੀਸਦੀ ਵੋਟ ਮਿਲੇ, ਉਸ ਦੇ ਦਾਅਵਾ ਕੀਤਾ ਕਿ ਇਹ ਜਨਤਾ ਦਾ ਫੈਸਲਾ ਸੀ, ਪਰ ਵੋਟ ਕੱਟ ਗਏ, ਜਿਸ ਕਾਰਨ ਇਸ ਤਰ੍ਹਾਂ ਹੋਇਆ।

68 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper