Latest News
ਸਪਾ-ਬਸਪਾ 'ਚ ਗਠਜੋੜ, 38-38 ਸੀਟਾਂ 'ਤੇ ਲੜਨਗੇ ਚੋਣਾਂ

Published on 12 Jan, 2019 10:49 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਲੋਕ ਸਭਾ ਚੋਣਾਂ 2019 'ਚ ਆਪਣੀ-ਆਪਣੀ ਜਿੱਤ ਨੂੰ ਪੱਕਾ ਕਰਨ ਲਈ ਸਾਰੀਆਂ ਪਾਰਟੀਆਂ ਜੁੱਟ ਗਈਆਂ ਹਨ।ਇਸੇ ਲੜੀ ਤਹਿਤ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਲਖਨਊ ਵਿਖੇ ਪ੍ਰੈੱਸ ਕਾਨਫਰੰਸ ਕੀਤੀ।ਦੋਹਾਂ ਨੇ 38-38 ਸੀਟਾਂ 'ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।ਸਪਾ-ਬਸਪਾ ਦਾ ਇਕੱਠੇ ਲੋਕ ਸਭਾ ਚੋਣਾਂ ਦਾ ਕਰੀਬ 25 ਸਾਲ ਬਾਅਦ ਇਤਿਹਾਸਕ ਐਲਾਨ ਹੋਇਆ ਹੈ।ਗਠਜੋੜ ਤੋਂ ਕਾਂਗਰਸ ਨੂੰ ਬਾਹਰ ਰੱਖਿਆ ਗਿਆ ਹੈ।ਗਾਂਧੀ ਪਰਵਾਰ ਦੇ ਗੜ੍ਹ ਅਮੇਠੀ ਅਤੇ ਰਾਏਬਰੇਲੀ ਵਿਚ ਗਠਜੋੜ ਉਮੀਦਵਾਰ ਨਹੀਂ ਉਤਾਰੇਗਾ।ਬਾਕੀ 2 ਸੀਟਾਂ ਹੋਰ ਦਲਾਂ ਲਈ ਰੱਖੀਆਂ ਗਈਆਂ ਹਨ।ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿਚੋਂ 38-38 ਸੀਟਾਂ 'ਤੇ ਸਪਾ-ਬਸਪਾ ਚੋਣ ਲੜਣਗੀਆਂ।
ਮਾਇਆਵਤੀ ਨੇ ਇਸ ਕਾਨਫਰੰਸ ਦੀ ਸ਼ੁਰੂਆਤ 'ਚ ਹੀ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਨੀਂਦ ਉਡਾਉਣ ਵਾਲਾ ਦੱਸਿਆ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਮਾਹੌਲ ਬਹੁਤ ਖਤਰਨਾਕ ਹੈ।ਮਾਇਆਵਤੀ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਨਾਲ ਮੋਦੀ-ਸ਼ਾਹ ਜਿਹੜੇ ਕਿ ਗੁਰੂ ਚੇਲੇ ਹਨ, ਦੀ ਨੀਂਦ ਉਡਾਉਣ ਵਾਲੀ ਹੈ।ਉਨ੍ਹਾਂ ਕਿਹਾ ਕਿ ਅਸੀਂ 1995 ਦੇ ਗੈਸਟ ਹਾਊਸ ਕਾਂਡ ਨੂੰ ਜਨਹਿੱਤ 'ਚ ਦੇਸ਼ ਉੱਪਰ ਰੱਖਦੇ ਹੋਏ ਗੱਠਜੋੜ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਲੋਕ ਸਭਾ ਅਤੇ ਵਿਧਾਨ ਸਭਾ 'ਚ ਬੇਈਮਾਨੀ ਨਾਲ ਸਰਕਾਰ ਬਣਾਈ ਸੀ।ਇਸ ਦੇ ਬਾਅਦ ਤਾਂ ਅਸੀਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੂੰ ਹਰਾ ਕੇ ਇਨ੍ਹਾਂ ਨੂੰ ਰੋਕਣ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਚੋਣ 'ਚ ਕਾਂਗਰਸ ਦੇ ਉਮੀਦਵਾਰ ਦੀ ਤਾਂ ਜ਼ਮਾਨਤ ਜ਼ਬਤ ਹੋ ਗਈ ਸੀ।ਇਸਦੇ ਬਾਅਦ ਚਰਚਾ ਸ਼ੁਰੂ ਹੋਈ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਇਕੱਠੇ ਹੋ ਜਾਣ ਤਾਂ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕਿਆ ਜਾ ਸਕਦਾ ਹੈ।ਦਲਿਤਾਂ, ਪੱਛੜਿਆਂ, ਗਰੀਬਾਂ, ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਹੁੰਦੇ ਦੇਖ ਕੇ ਗੈਸਟ ਹਾਊਸ ਕਾਂਡ ਨੂੰ ਕਿਨਾਰੇ ਕਰਦੇ ਹੋਏ ਅਸੀਂ ਗੱਠਜੋੜ ਦਾ ਫੈਸਲਾ ਕੀਤਾ।
ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਐਲਾਨੀ ਐਮਰਜੈਂਸੀ ਸੀ ਹੁਣ ਤਾਂ ਦੇਸ਼ 'ਚ ਅਣਐਲਾਨੀ ਐਮਰਜੈਂਸੀ ਹੈ।ਮੋਦੀ ਐਂਡ ਕੰਪਨੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਵਿਰੋਧੀਆਂ ਦੇ ਖਿਲਾਫ਼ ਮੁਕੱਦਮੇ ਦਾਇਰ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕਾਂਗਰਸ ਦੇ ਨਾਲ ਸਪਾ-ਬਸਪਾ ਗੱਠਜੋੜ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਸਾਡਾ ਵੋਟ ਤਾਂ ਟਰਾਂਸਫਰ ਹੋ ਜਾਂਦਾ ਹੈ ਪਰ ਕਾਂਗਰਸ ਦਾ ਵੋਟ ਟਰਾਂਸਫਰ ਨਹੀਂ ਹੁੰਦਾ ਜਾਂ ਅੰਦਰੂਨੀ ਸਿਆਸਤ ਦੇ ਤਹਿਤ ਕਿਤੇ ਹੋਰ ਕਰਾ ਦਿੱਤਾ ਜਾਂਦਾ ਹੈ।ਇਸ ਵਿਚ ਸਾਡੇ ਵਰਗੀ ਇਮਾਨਦਾਰ ਪਾਰਟੀ ਦਾ ਵੋਟ ਘੱਟ ਜਾਂਦਾ ਹੈ।ਸਾਲ 96 'ਚ ਸਾਡੇ ਲਈ ਕੌੜਾ ਤਜਰਬਾ ਸੀ।ਸਾਲ 1993 'ਚ ਸਪਾ-ਬਸਪਾ ਦਾ ਵੋਟ ਇਮਾਨਦਾਰੀ ਨਾਲ ਟਰਾਂਸਫਰ ਹੋਇਆ ਸੀ ਇਸ ਲਈ ਗੱਠਜੋੜ 'ਚ ਕੋਈ ਹਰਜ਼ ਨਹੀਂ ਹੈ।ਜੇਕਰ ਭਾਜਪਾ ਨੇ ਪਹਿਲਾਂ ਵਾਂਗ ਈ ਵੀ ਐੱਮ 'ਚ ਗੜਬੜੀ ਨਹੀਂ ਕੀਤੀ ਅਤੇ ਰਾਮ ਮੰਦਰ ਵਰਗੇ ਮੁੱਦਿਆਂ ਤੋਂ ਧਾਰਮਿਕ ਭਾਵਨਾਵਾਂ ਨੂੰ ਨਹੀਂ ਭੜਕਾਇਆ ਤਾਂ ਭਾਜਪਾ ਐਂਡ ਕੰਪਨੀ ਨੂੰ ਅਸੀਂ ਜ਼ਰੂਰ ਸੱਤਾ ਵਿਚ ਆਉਣ ਤੋਂ ਰੋਕਾਂਗੇ।ਉਨ੍ਹਾਂ ਕਿਹਾ ਕਿ ਅਸੀਂ ਦੋਵੇਂ 38-38 ਸੀਟਾਂ 'ਤੇ ਲੜਾਂਗੇ।ਦੋ ਸੀਟਾਂ ਅਮੇਠੀ ਅਤੇ ਰਾਏਬਰੇਲੀ ਕਾਂਗਰਸ ਲਈ ਛੱਡੀਆਂ ਹਨ।ਦੋ ਸੀਟਾਂ ਹੋਰਨਾਂ ਕੁਝ ਪਾਰਟੀਆਂ ਲਈ ਛੱਡੀਆਂ ਹਨ।ਉਨ੍ਹਾਂ ਕਿਹਾ ਕਿ ਹਾਲੀਆ ਭਾਜਪਾ ਦੀ ਅਖਿਲੇਸ਼ ਯਾਦਵ ਦੇ ਖ਼ਿਲਾਫ਼ ਸੀ ਬੀ ਆਈ ਜਾਂਚ ਦੀ ਸਾਜ਼ਿਸ਼ ਨਾਲ ਸਾਡਾ ਗੱਠਜੋੜ ਹੋਰ ਮਜ਼ਬੂਤ ਹੋਇਆ ਹੈ।ਭਾਜਪਾ ਦਾ ਸ਼ਿਵਪਾਲ ਐਂਡ ਕੰਪਨੀ 'ਤੇ ਪੈਸਾ ਰੋੜਨਾ ਵੀ ਕੰਮ ਨਹੀਂ ਆਵੇਗਾ।ਸਾਰੇ ਵਰਗਾਂ ਦੇ ਲੋਕ ਸਾਡੇ ਨਾਲ ਆ ਕੇ ਭਾਜਪਾ ਨੂੰ ਹਰਾਉਣਗੇ।
ਅਖਿਲੇਸ਼ ਯਾਦਵ ਨੇ ਕਿਹਾ ਕਿ ਸਭ ਤੋਂ ਪਹਿਲਾਂ ਮਾਇਆਵਤੀ ਨੂੰ ਧੰਨਵਾਦ। ਉਨ੍ਹਾਂ ਕਿਹਾ ਕਿ ਸਾਡਾ ਗੱਠਜੋੜ ਦਾ ਮਨ ਤਾਂ ਉਸੇ ਦਿਨ ਬਣ ਗਿਆ ਸੀ ਜਿਸ ਦਿਨ ਭਾਜਪਾ ਦੇ ਨੇਤਾਵਾਂ ਨੇ ਮਾਇਆਵਤੀ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।ਇਸ ਮਾੜੇ ਕੰਮ ਕਰਨ ਵਾਲਿਆਂ 'ਤੇ ਭਾਜਪਾ ਨੇ ਕੋਈ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਮੰਤਰੀ ਬਣਾ ਕੇ ਈਮਾਨ ਦੇ ਦਿੱਤਾ।ਇਸਦੇ ਬਾਅਦ ਗੱਠਜੋੜ ਦਾ ਮਨ ਉਸੇ ਦਿਨ ਪੱਕਾ ਹੋ ਗਿਆ ਸੀ ਜਦੋਂ ਰਾਜ ਸਭਾ 'ਚ ਭੀਮਰਾਓ ਅੰਬੇਦਕਰ ਨੂੰ ਧੋਖੇ ਨਾਲ ਹਰਾਇਆ ਗਿਆ ਸੀ।ਮਾਇਆਵਤੀ ਦਾ ਧੰਨਵਾਦ ਕਿ ਉਨ੍ਹਾਂ ਨੇ ਬਰਾਬਰੀ ਦਾ ਮਾਣ ਦਿੱਤਾ।ਅੱਜ ਤੋਂ ਮਾਇਆਵਤੀ ਦਾ ਅਪਮਾਨ ਮੇਰਾ ਅਪਮਾਨ ਹੋਵੇਗਾ।ਗੱਠਜੋੜ ਲੰਬਾ ਚੱਲੇਗਾ, ਸਥਾਈ ਰਹੇਗਾ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਤਕ ਰਹੇਗਾ।ਯਾਦਵ ਨੇ ਕਿਹਾ ਕਿ ਭਾਜਪਾ ਨੇ ਯ ੂਪੀ 'ਚ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਹੈ ਕਿ ਹਸਪਤਾਲਾਂ 'ਚ ਇਲਾਜ, ਥਾਣਿਆਂ 'ਚ ਰਿਪੋਰਟ ਲਿਖਣ ਤੋਂ ਪਹਿਲਾਂ ਜਾਤੀ ਪੁੱਛੀ ਜਾ ਰਹੀ ਹੈ।ਭਾਜਪਾ ਦੇ ਹੰਕਾਰ ਨੂੰ ਖਤਮ ਕਰਨ ਲਈ ਬਸਪਾ ਅਤੇ ਸਪਾ ਦਾ ਮਿਲਣਾ ਜ਼ਰੂਰੀ ਸੀ।ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਮਾਹੌਲ ਬਹੁਤ ਖਤਰਨਾਕ ਹੈ।ਭਾਜਪਾ ਦੇ ਹੰਕਾਰ ਨੂੰ ਖਤਮ ਕਰਨ ਲਈ ਬਸਪਾ ਅਤੇ ਸਮਾਜਵਾਦੀ ਪਾਰਟੀ ਦਾ ਮਿਲਣਾ ਜ਼ਰੂਰੀ ਸੀ। ਇਸ ਦੇ ਨਾਲ ਹੀ ਅਖਿਲੇਸ਼ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਹਰ ਵਰਕਰ ਨੂੰ ਕਿਹਾ ਕਿ ਉਹ ਲੋਕ ਬਸਪਾ ਪ੍ਰਧਾਨ ਮਾਇਆਵਤੀ ਦਾ ਸਨਮਾਨ ਕਰਨ। ਇਨਾਂ ਹੀ ਨਹੀਂ ਜੇਕਰ ਕੋਈ ਇਨ੍ਹਾਂ ਦੇ ਸਨਮਾਨ ਦੇ ਖ਼ਿਲਾਫ਼ ਕੁਝ ਕਹਿੰਦਾ ਹੈ ਤਾਂ ਉਸ ਦਾ ਖੁੱਲ੍ਹ ਕੇ ਵਿਰੋਧ ਕਰੋ।ਤੁਸੀਂ ਲੋਕ ਇਹ ਸਮਝੋ ਕਿ ਇਹ ਭੈਣ ਮਾਇਆਵਤੀ ਦਾ ਨਹੀਂ ਮੇਰਾ ਅਪਮਾਨ ਹੈ।

344 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper