Latest News
ਹਿੰਸਕ ਹੋਇਆ ਗੁੱਜਰ ਅੰਦੋਲਨ

Published on 10 Feb, 2019 11:14 AM.


ਜੈਪੁਰ (ਨਵਾਂ ਜ਼ਮਾਨਾ ਸਰਵਿਸ)
ਰਾਜਸਥਾਨ 'ਚ ਤਿੰਨ ਦਿਨਾਂ ਤੋਂ ਚੱਲ ਰਿਹਾ ਗੁੱਜਰ ਰਾਖਵਾਂਕਰਨ ਅੰਦੋਲਨ ਐਤਵਾਰ ਨੂੰ ਹਿੰਸਕ ਹੋ ਗਿਆ। ਗੁੱਜਰ ਨੇਤਾ ਦਿੱਲੀ-ਮੁੰਬਈ ਰੇਲ ਮਾਰਗ ਦੀਆਂ ਲਾਈਨਾਂ 'ਤੇ ਬੈਠੇ ਹਨ, ਜਿਸ ਨਾਲ ਕਈ ਪ੍ਰਮੁੱਖ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਦੇ ਰਸਤੇ ਬਦਲੇ ਗਏ ਹਨ। ਐਤਵਾਰ ਨੂੰ ਵੀ 7 ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ, ਜਦਕਿ 9 ਦੇ ਰਸਤੇ ਬਦਲੇ ਗਏ। ਧੌਲਪੁਰ 'ਚ ਦਿੱਲੀ-ਮੁੰਬਈ ਰਾਸ਼ਟਰੀ ਰਾਜਮਾਰਗ-3 ਨੂੰ ਜਾਮ ਕਰਨ ਦੌਰਾਨ ਅੰਦੋਲਨਕਾਰੀਆਂ ਅਤੇ ਪੁਲਸ ਮੁਲਾਜ਼ਮਾਂ 'ਚ ਝੜਪ ਹੋ ਗਈ। ਇਸ ਤੋਂ ਬਾਅਦ ਭੀੜ ਨੇ ਪੁਲਸ 'ਤੇ ਪਥਰਾਅ ਕਰ ਦਿੱਤਾ। ਜਵਾਬ 'ਚ ਪੁਲਸ ਨੇ ਵੀ ਹਵਾਈ ਫਾਇਰਿੰਗ ਕੀਤੀ। ਇਸ ਦੌਰਾਨ ਉਥੇ ਭਗਦੜ ਮਚ ਗਈ। ਭੀੜ ਨੇ ਤਿੰਨ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਤਣਾਅ ਦੇ ਹਾਲਾਤ ਬਣੇ ਹੋਏ ਹਨ। ਅੰਦੋਲਨਕਾਰੀਆਂ ਨੇ ਦੁਪਹਿਰੇ ਧੌਲਪੁਰ ਸ਼ਹਿਰ 'ਚ ਰਾਖਵਾਂਕਰਨ ਅੰਦੋਲਨ 'ਤੇ ਚਰਚਾ ਕਰਨ ਲਈ ਮੀਟਿੰਗ ਕੀਤੀ। ਉਸ ਤੋਂ ਬਾਅਦ ਅੰਦੋਲਨਕਾਰੀ ਦਿੱਲੀ-ਮੁੰਬਈ ਰਾਸ਼ਟਰੀ ਮਾਰਗ ਨੂੰ ਜਾਮ ਕਰਨ ਲਈ ਸ਼ਹਿਰ ਦੇ ਵਾਟਰ ਵਰਕਸ ਚੁਰਾਹੇ 'ਤੇ ਇਕੱਠ ਹੋ ਗਏ।
ਇਸ ਦੌਰਾਨ ਅੰਦੋਲਨਕਾਰੀਆਂ ਦੀ ਪੁਲਸ ਨਾਲ ਝੜਪ ਹੋ ਗਈ। ਪੁਲਸ ਨੇ ਹਲਕਾ ਲਾਠੀਚਾਰਜ ਕਰਕੇ ਅੰਦੋਲਨਕਾਰੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਅੰਦੋਲਨਕਾਰੀ ਭੜਕ ਪਏ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ 'ਤੇ ਪੁਲਸ ਨੇ ਵੀ ਪਥਰਾਅ ਕੀਤਾ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਾਇਰਿੰਗ ਕੀਤੀ। ਕਾਫ਼ੀ ਦੇਰ ਤੱਕ ਦੋਵੇਂ ਪਾਸਿਓਂ ਪਥਰਾਅ ਹੁੰਦਾ ਰਿਹਾ, ਪਰ ਅੰਦੋਲਨਕਾਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪੁਲਸ ਨੂੰ ਪਿੱਛੇ ਹਟਣਾ ਪਿਆ।
ਇਸ ਤੋਂ ਥੋੜ੍ਹੀ ਦੇਰ ਬਾਅਦ ਐੱਸ ਪੀ ਅਜੈ ਸਿੰਘ ਹੋਰ ਪੁਲਸ ਸਮੇਤ ਮੌਕੇ 'ਤੇ ਪਹੁੰਚੇ। ਇਸ ਮੌਕੇ ਦੁਬਾਰਾ ਅੰਦੋਲਨਕਾਰੀਆਂ ਅਤੇ ਪੁਲਸ 'ਚ ਪਥਰਾਅ ਸ਼ੁਰੂ ਹੋ ਗਿਆ। ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਾਇਰਿੰਗ ਕੀਤੀ। ਅਫ਼ਰਾ-ਤਫ਼ਰੀ ਦੌਰਾਨ ਅੰਦੋਲਨਕਾਰੀਆਂ ਨੇ ਤਿੰਨ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਪਥਰਾਅ 'ਚ ਚਾਰ ਪੁਲਸ ਜਵਾਨਾਂ ਨੂੰ ਸੱਟਾਂ ਲੱਗੀਆਂ। ਮਾਮਲਾ ਕੰਟਰੋਲ ਤੋਂ ਬਾਹਰ ਹੁੰਦਾ ਦੇਖ ਪੁਲਸ ਨੇ ਹਵਾਈ ਫਾਇਰਿੰਗ ਕਰ ਦਿੱਤੀ, ਜਿਸ 'ਚ ਉਥੇ ਭਗਦੜ ਮਈ ਗਈ। ਭਰਤਪੁਰ ਰੇਂਜ ਦੇ ਆਈ ਜੀ ਭੁਪਿੰਦਰ ਸਾਹੂ ਨੇ ਗੁੱਜਰ ਭਾਈਚਾਰੇ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕਰੀਬ ਇੱਕ ਘੰਟੇ ਤੋਂ ਵੀ ਜ਼ਿਆਦਾ ਸਮਾਂ ਹਾਈਵੇ ਜਾਮ ਰਿਹਾ, ਜਿਸ ਨਾਲ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਦੂਜੇ ਪਾਸੇ ਗੁੱਜਰ ਨੇਤਾ ਕਰੋੜੀ ਸਿੰਘ ਬੈਂਸਲਾ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਬੈਂਸਲਾ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾ ਇੱਕ ਫਿਰ ਦੁਹਰਾਇਆ ਕਿ ਜਦ ਤੱਕ ਗੁੱਜਰ ਭਾਈਚਾਰੇ ਨੂੰ ਪੰਜ ਫੀਸਦੀ ਰਾਖਵਾਂਕਰਨ ਨਹੀਂ ਮਿਲ ਜਾਂਦਾ, ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਅੰਦੋਲਨਕਾਰੀਆਂ ਅਤੇ ਸਰਕਾਰੀ ਪ੍ਰਤੀਨਿਧੀ ਮੰਡਲ ਵਿਚਕਾਰ ਸ਼ਨੀਵਾਰ ਨੂੰ ਹੋਈ ਗੱਲਬਾਤ ਬੇਨਤੀਜਾ ਰਹੀ ਸੀ।
ਸਵਾਈਮਾਧੋਪੁਰ-ਬਿਆਨਾ ਦੇ ਵਿਚਕਾਰ ਗੁੱਜਰ ਅੰਦੋਲਨ ਕਾਰਨ ਜ਼ਿਆਦਾ ਭੀੜ ਹੋ ਗਈ। ਇਸ ਲਈ ਪੱਛਮ ਰੇਲਵੇ ਨੇ ਬਾਂਦਰਾ ਟਰਮੀਨਲ ਤੋਂ ਸਵਾਈਮਾਧੋਪੁਰ ਵਿਚਕਾਰ 10-14 ਫਰਵਰੀ ਵਿਚਕਾਰ ਰਾਤ 8.15 'ਤੇ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਹਨ। ਇਸ ਰੂਟ 'ਤੇ ਸੱਤ ਰੇਲ ਗੱਡੀਆਂ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 9 ਰੇਲ ਗੱਡੀਆਂ ਦੇ ਰਸਤੇ ਬਦਲੇ ਗਏ ਹਨ।
ਗੁੱਜਰ ਨੇਤਾ ਪੰਜ ਫੀਸਦੀ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਤੋਂ ਸਵਾਈਮਾਧੋਪੁਰ ਦੇ ਮਲਾਰਨਾ ਡੂੰਗਰ 'ਚ ਰੇਲ ਪਟੜੀਆਂ 'ਤੇ ਬੈਠੇ ਹਨ। ਗੁੱਜਰ ਭਾਈਚਾਰਾ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਨਾਂ 'ਚ ਦਾਖ਼ਲੇ ਲਈ ਗੁੱਜਰ, ਰਾਇਕਾ, ਰੇਬਾਰੀ, ਗਡੀਆ, ਲੁਹਾਰਾ, ਵਣਜਾਰਾ ਅਤੇ ਗਡਰੀਆ ਸਮਾਜ ਦੇ ਲੋਕਾਂ ਨੂੰ ਪੰਜ ਫੀਸਦੀ ਰਾਖਵਾਂਕਰਨ ਦੀ ਮੰਗ ਕਰ ਰਿਹਾ ਹੈ।

316 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper