Latest News
ਯੇਦੀਯੁਰੱਪਾ ਨੇ ਮੰਨੀ 'ਗੁਪਤ ਮੀਟਿੰਗ' ਦੀ ਗੱਲ

Published on 11 Feb, 2019 11:46 AM.


ਬੈਂਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ ਦੀ ਰਾਜਨੀਤੀ 'ਚ ਹਰ ਦਿਨ ਕੋਈ ਨਾ ਕੋਈ ਨਵਾਂ ਨਾਟਕ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਬੀ ਐੱਸ ਯੇਦੀਯੁਰੱਪਾ ਨੇ ਜਨਤਾ ਦਲ ਸੈਕੂਲਰ (ਜੇ ਡੀ ਐਸ) ਦੇ ਆਗੂ ਨਾਲ ਮੁਲਾਕਾਤ ਕਰਨ ਦੀ ਗੱਲ ਮੰਨ ਕੇ ਸਿਆਸੀ ਗਲਿਆਰਿਆਂ 'ਚ ਹਲਚਲ ਪੈਦਾ ਕਰ ਦਿੱਤੀ ਹੈ। ਯੇਦੀਯੁਰੱਪਾ ਨੇ ਮੰਨਿਆ ਕਿ ਉਨ੍ਹਾ ਜੇ ਡੀ ਐੱਸ ਵਿਧਾਇਕ ਨਾਗਨਗੌੜਾ ਕੰਦਾਕੁਰ ਦੇ ਲੜਕੇ ਸ਼ਰਨਗੌੜਾ ਨਾਲ 7 ਫਰਵਰੀ ਨੂੰ ਰਾਤ ਨੂੰ ਮੁਲਾਕਾਤ ਕੀਤੀ ਸੀ। ਗੱਲਬਾਤ ਦੌਰਾਨ ਉਨ੍ਹਾ ਦੇ ਪਿਤਾ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਸੀ। ਸ਼ੁੱਕਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਇੱਕ ਆਡੀਓ ਟੇਪ ਜਾਰੀ ਕੀਤਾ ਸੀ, ਜਿਸ 'ਚ ਸੂਬਾ ਭਾਜਪਾ ਪ੍ਰਧਾਨ ਯੇਦੀਯੁਰੱਪਾ ਅਤੇ ਸ਼ਰਨਗੌੜਾ ਗੱਲਬਾਤ ਕਰ ਰਹੇ ਹਨ। ਗੱਲਬਾਤ 'ਚ ਯੇਦੀਯੁਰੱਪਾ ਕਥਿਤ ਰੂਪ 'ਚ ਜੇ ਡੀ ਐੱਸ ਵਿਧਾਇਕ ਨੂੰ ਪੈਸੇ ਅਤੇ ਮੰਤਰੀ ਦੇ ਅਹੁਦਾ ਦਾ ਲਾਲਚ ਦੇ ਕੇ ਆਪਣੇ ਪਾਲੇ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਯੇਦੀਯੁਰੱਪਾ ਨੇ ਇਸ ਆਡੀਓ ਕਲਿੱਪ ਨੂੰ 'ਫਰਜ਼ੀ' ਦੱਸਿਆ ਸੀ ਅਤੇ ਕਿਹਾ ਸੀ ਕਿ ਕੁਮਾਰਸਵਾਮੀ ਆਵਾਜ਼ ਨੂੰ ਰਿਕਾਰਡ ਕਰਨ 'ਚ ਮਾਹਰ ਹੈ। ਉਨ੍ਹਾ ਕਿਹਾ ਸੀ ਕਿ ਜੇਕਰ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਜਾਂ ਵਿਧਾਨ ਸਭਾ ਦੇ ਸਪੀਕਰ ਨੂੰ ਪ੍ਰਭਾਵਤ ਕਰਨ ਦਾ ਦੋਸ਼ ਸਹੀ ਸਿੱਧ ਹੁੰਦਾ ਹੈ ਤਾਂ ਮੈਂ ਪਾਰਟੀ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ, ਪਰ ਐਤਵਾਰ ਨੂੰ ਹੁਬਲੀ ਸਥਿਤ ਪਾਰਟੀ ਦਫ਼ਤਰ 'ਚ ਉਨ੍ਹਾ ਕਿਹਾ, 'ਹਾਂ, ਇਹ ਸਹੀ ਹੈ ਕਿ ਰਾਤ ਸਾਢੇ 12 ਵਜੇ ਸ਼ਰਨਗੌੜਾ (ਜੇ ਡੀ ਐੱਸ ਵਿਧਾਇਕ ਦਾ ਲੜਕਾ) ਮੈਨੂੰ ਮਿਲਣ ਦੇਵਦੁਰਗਾ ਸਥਿਤ ਮੇਰੇ ਗੈੱਸਟ ਹਾਊਸ ਆਇਆ ਸੀ। ਮੈਂ ਇੱਥੇ ਹੀ ਰੁਕਿਆ ਹੋਇਆ ਸੀ। ਇਸ ਦੌਰਾਨ ਅਸੀਂ ਗੱਲਬਾਤ ਕੀਤੀ। ਸ਼ਰਨਗੌੜਾ ਨੂੰ ਮੇਰਾ ਸਟਿੰਗ ਕਰਾਉਣ ਲਈ ਭੇਜ ਕੇ ਕੁਮਾਰਸਵਾਮੀ ਨੇ ਘਟੀਆ ਦਰਜੇ ਦੀ ਰਾਜਨੀਤੀ ਕੀਤੀ ਹੈ।' ਹਾਲਾਂਕਿ ਕੁਮਾਰਸਵਾਮੀ ਨੇ ਇਸ ਸਟਿੰਗ 'ਚ ਆਪਣੀ ਭੂਮਿਕਾ ਨੂੰ ਖਾਰਜ ਕੀਤਾ ਹੈ। ਉਨ੍ਹਾ ਦਾ ਕਹਿਣਾ ਹੈ ਕਿ ਸ਼ਰਨਗੌੜਾ ਨੇ ਯੇਦੀਯੁਰੱਪਾ ਦੇ ਨਾਲ ਗੱਲਬਾਤ ਖੁਦ ਰਿਕਾਰਡ ਕੀਤੀ ਸੀ, ਉਸ ਤੋਂ ਬਾਅਦ ਮੈਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਹੋਈ ਪੱਤਰਕਾਰਾਂ ਨਾਲ ਮੀਟਿੰਗ 'ਚ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਦੇ ਨਾਲ ਜੇ ਡੀ ਐੱਸ ਵਿਧਾਇਕ ਦੇ ਲੜਕੇ ਸ਼ਰਨਗੌੜਾ ਵੀ ਮੌਜੂਦ ਸਨ। ਇਸ ਦੌਰਾਨ ਸ਼ਰਨਗੌੜਾ ਨੇ ਦੱਸਿਆ ਕਿ ਉਨ੍ਹਾ ਗੱਲਬਾਤ ਨੂੰ ਰਿਕਾਰਡ ਕੀਤਾ ਅਤੇ ਟੇਪ ਕੁਮਾਰਸਵਾਮੀ ਨੂੰ ਸੌਂਪ ਦਿੱਤੀ। ਕਰਨਾਟਕ ਦੇ ਮੁੱਖ ਮੰਤਰੀ ਨੇ ਦੋਸ਼ ਲਾਏ ਕਿ ਯੇਦੀਯੁਰੱਪਾ ਨੇ ਜੇ ਡੀ ਐੱਸ ਨੇਤਾ ਨੂੰ 25 ਕਰੋੜ ਰੁਪਏ ਅਤੇ ਇਲੈਕਸ਼ਨ ਫੰਡ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾ ਕਿਹਾ ਕਿ ਯੇਦੀਯੁਰੱਪਾ ਨੇ ਇਹ ਪਹਿਲ ਭਾਜਪਾ ਹਾਈਕਮਾਨ ਦੇ ਆਦੇਸ਼ 'ਤੇ ਕੀਤੀ ਹੈ।

307 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper