Latest News
ਹੋਟਲ 'ਚ ਲੱਗੀ ਅੱਗ, 17 ਮੌਤਾਂ, ਕਈ ਜ਼ਖ਼ਮੀ

Published on 12 Feb, 2019 11:36 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਕਰੋਲ ਬਾਗ ਸਥਿਤ ਅਰਪਿਤ ਹੋਟਲ 'ਚ ਮੰਗਲਵਾਰ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆਉਣ ਨਾਲ ਇੱਕ ਬੱਚੇ ਸਮੇਤ 17 ਲੋਕਾਂ ਦੀ ਮੌਤ ਗਈ, ਜਦਕਿ ਤਿੰਨ ਗੰਭੀਰ ਰੂਪ 'ਚ ਝੁਲਸ ਗਏ। ਉਥੇ ਹੀ ਫਾਇਰ ਬ੍ਰਿਗੇਡ ਨੇ ਹੁਣ ਤੱਕ ਕਰੀਬ 35 ਲੋਕਾਂ ਨੂੰ ਬਾਹਰ ਕੱਢਿਆ ਹੈ। ਹਾਲਾਂਕਿ, ਹਾਲੇ ਕੁਝ ਹੋਰ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਕੁਝ ਪਤਾ ਨਹੀਂ ਚੱਲਿਆ। ਹਾਲੇ ਤੱਕ 13 ਮ੍ਰਿਤਕਾਂ ਨੂੰ ਆਰ ਐੱਮ ਐੱਲ, 2 ਨੂੰ ਲੇਡੀ ਹਾਰਡਿੰਗ ਅਤੇ 2 ਨੂੰ ਬੀ ਐੱਲ ਕੇ ਹਸਪਤਾਲ 'ਚ ਭੇਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕੁਝ ਜ਼ਖ਼ਮੀ ਗੰਗਾਰਾਮ ਹਸਪਤਾਲ ਵੀ ਲਿਜਾਏ ਗਏ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਹੋਰ ਮਰਨ ਵਾਲੇ ਲੋਕਾਂ ਦੇ ਪਰਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ, ਉਥੇ ਹੀ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਉਨ੍ਹਾ ਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਜੋ ਪ੍ਰੋਗਰਾਮ ਰੱਖਿਆ ਗਿਆ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜੈਨ ਨੇ ਲਾਪਰਵਾਹੀ ਦਾ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ। ਉਨ੍ਹਾ ਕਿਹਾ ਕਿ 17 ਲੋਕ ਮਾਰੇ ਗਏ ਹਨ ਅਤੇ ਦੋ ਹੋਰ ਜ਼ਖ਼ਮੀ ਹੋਏ ਹਨ। ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁਟਣ ਕਾਰਨ ਹੋਈ।
ਦਿੱਲੀ ਦੇ ਹੋਟਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਬਾਲਨ ਮਣੀ ਨੇ ਕਿਹਾ ਕਿ ਸਾਰੇ ਮਾਪਦੰਡਾਂ ਦਾ ਪਾਲਣ ਇੱਥੇ ਕੀਤਾ ਗਿਆ ਸੀ, ਨਿਰੀਖਣ ਤੋਂ ਬਾਅਦ ਹੀ ਲਾਇੰਸਸ ਜਾਰੀ ਕੀਤਾ ਜਾਂਦਾ ਹੈ।
ਕਰੋਲ ਬਾਗ ਦੇ ਹੋਟਲ ਅਰਪਿਤ ਪੈਲੇਸ 'ਚ ਅੱਗ ਸਵੇਰੇ ਕਰੀਬ ਸਾਢੇ ਚਾਰ ਵਜੇ ਲੱਗੀ। ਡੂੰਘੀ ਨੀਂਦੇ ਸੁੱਤੇ ਲੋਕ ਇਸ ਤੋਂ ਪਹਿਲਾਂ ਕੁਝ ਸਮਝ ਪਾਉਂਦੇ, ਅੱਗ ਫੈਲਦੀ ਚਲੀ ਗਈ। ਇਸ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਫੈਲ ਗਈ। ਚੀਫ਼ ਫਾਇਰ ਅਫ਼ਸਰ ਮੁਤਾਬਕ 2 ਵਿਅਕਤੀਆਂ ਨੇ ਬਿਲਡਿੰਗ ਤੋਂ ਛਾਲ ਮਾਰ ਦਿੱਤੀ। ਹੋਟਲ 'ਚ ਕੁਝ ਹੋਰ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਫਾਇਰ ਬ੍ਰਿਗੇਡ ਬਚਾਅ ਕੰਮ 'ਚ ਲੱਗ ਗਈ ਹੈ। ਅੱਗ ਬਝਾਊ ਵਿਭਾਗ ਦੇ ਡਿਪਟੀ ਚੀਫ਼ ਸੁਨੀਲ ਚੌਧਰੀ ਦਾ ਕਹਿਣਾ ਹੈ ਕਿ ਹੋਟਲ ਅਰਪਿਤ ਪੈਲੇਸ 'ਚ ਅੱਗ ਦੀ ਲਪੇਟ 'ਚ ਆਉਣ ਨਾਲ 17 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਅੱਗ ਬੁਝਾ ਦਿੱਤੀ ਗਈ ਹੈ।

234 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper