ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਪਾਇਲਟਾਂ ਦੀ ਘਾਟ ਕਾਰਨ ਦੋ-ਚਾਰ ਹੋ ਰਹੀ ਇੰਡੀਗੋ ਨੇ ਮੰਗਲਵਾਰ ਨੂੰ 30 ਹੋਰ ਉਡਾਨਾਂ ਰੱਦ ਕਰ ਦਿੱਤੀਆਂ। ਇਸ ਕਾਰਨ ਯਾਤਰੀਆਂ ਨੂੰ ਆਖਰੀ ਸਮੇਂ 'ਚ ਕਥਿਤ ਤੌਰ 'ਤੇ ਜ਼ਿਆਦਾ ਕਿਰਾਇਆ ਦੇ ਕੇ ਟਿਕਟਾਂ ਖਰੀਦਣੀਆਂ ਪਈਆਂ। ਸੋਮਵਾਰ ਨੂੰ ਵੀ ਕੰਪਨੀ ਨੇ 32 ਉਡਾਨਾਂ ਰੱਦ ਕਰ ਦਿੱਤੀਆਂ ਸਨ। ਆਖਰੀ ਸਮੇਂ 'ਚ ਫਲਾਈਟ ਰੱਦ ਹੋਣ ਕਾਰਨ ਯਾਤਰੀਆਂ ਨੂੰ ਬਦਲਵੇਂ ਹੱਲ ਲਈ ਜਹਾਜ਼ਾਂ ਲਈ ਜ਼ਿਆਦਾ ਕਿਰਾਇਆ ਦੇਣਾ ਪਿਆ। ਇਸ ਕਾਰਨ ਇੰਡੀਗੋ ਦਾ ਸੰਕਟ ਯਾਤਰੀਆਂ ਦੀ ਜੇਬ 'ਤੇ ਵੀ ਭਾਰੀ ਪਿਆ।
ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀ ਜੀ ਸੀ ਏ) ਵੱਲੋਂ ਵੀ ਹਾਲੇ ਤੱਕ ਇਸ ਸੰਬੰਧ 'ਚ ਜਾਂਚ ਕਰਨ ਦਾ ਕੋਈ ਸੰਕੇਤ ਦਿਖਾਈ ਨਹੀਂ ਦਿੱਤਾ, ਜਦਕਿ ਇੰਡੀਗੋ ਪਿਛਲੇ ਸ਼ਨੀਵਾਰ ਤੋਂ ਲਗਾਤਾਰ ਵੱਡੀ ਗਿਣਤੀ 'ਚ ਆਪਣੀਆਂ ਉਡਾਨਾਂ ਰੱਦ ਕਰ ਰਹੀ ਹੈ। ਇਸ ਤਰ੍ਹਾਂ ਦੀ ਖ਼ਬਰ ਹੈ ਕਿ ਇੰਡੀਗੋ ਨੇ ਪਾਇਲਟਾਂ ਦੀ ਘਾਟ ਦੇ ਚਲਦੇ ਮੰਗਲਵਾਰ ਨੂੰ 30 ਉਡਾਨਾਂ ਰੱਦ ਕਰ ਦਿੱਤੀਆਂ। ਇਹ ਉਡਾਨਾਂ ਕੋਲਕਾਤਾ, ਹੈਦਰਾਬਾਦ ਅਤੇ ਚੇਨਈ ਤੋਂ ਰਵਾਨਾ ਹੋਣੀਆਂ ਸਨ। ਇਨ੍ਹਾਂ 'ਚ ਕੋਲਕਾਤਾ ਤੋਂ ਅੱਠ ਉਡਾਨਾਂ, ਹੈਦਰਾਬਾਦ ਤੋਂ ਪੰਜ, ਬੈਂਗਲੁਰੂ ਤੋਂ ਚਾਰ ਅਤੇ ਚੇਨਈ ਤੋਂ ਵੀ ਚਾਰ ਉਡਾਨਾਂ ਦੇ ਨਾਲ ਹੋਰ ਸਥਾਨਾਂ ਤੋਂ ਵੀ ਉਡਾਨਾਂ ਰੱਦ ਕੀਤੀਆਂ ਗਈਆਂ ਹਨ।
ਜਹਾਜ਼ ਕੰਪਨੀ 'ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਇੰਡੀਗੋ ਯਾਤਰੀਆਂ ਨੂੰ ਆਖਰੀ ਸਮੇਂ ਜ਼ਿਆਦਾ ਕਿਰਾਏ ਲਈ ਹੋਰ ਹਵਾਈ ਕੰਪਨੀਆਂ ਦੀਆਂ ਉਡਾਨਾਂ ਦਾ ਟਿਕਟ ਖਰੀਦਣ ਲਈ ਮਜਬੂਰ ਕਰ ਰਹੀ ਹੈ। ਇਸ ਸੰਬੰਧ 'ਚ ਇੰਡੀਗੋ ਅਤੇ ਡੀ ਜੀ ਸੀ ਏ ਨੂੰ ਭੇਜੇ ਗਏ ਸਵਾਲਾਂ ਦੇ ਜਵਾਬ ਦਾ ਹਾਲੇ ਇੰਤਜ਼ਾਰ ਹੈ।