Latest News
ਪਾਕਿ ਨੂੰ ਏਅਰਕਰਾਫ਼ਟ ਕੈਰੀਅਰ ਨਹੀਂ ਵੇਚੇਗਾ ਚੀਨ

Published on 12 Feb, 2019 11:40 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੀਨ ਨੇ ਮੀਡੀਆ 'ਚ ਆਈਆਂ ਉਨ੍ਹਾਂ ਖ਼ਬਰਾਂ ਦਾ ਖੰਡਨ ਕਰ ਦਿੱਤਾ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਪੇਈਚਿੰਗ ਪਾਕਿਸਤਾਨ ਨੂੰ ਆਪਣਾ ਪਹਿਲਾ ਏਅਰਕਰਾਫ਼ਟ ਕੈਰੀਅਰ 'ਲਾਊਨਿੰਗ' ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਚੀਨ ਨੇ ਕਿਹਾ ਕਿ ਦੂਜੇ ਦੇਸ਼ਾਂ ਨੂੰ ਆਪਣੇ ਨੇਵੀ ਜਹਾਜ਼ ਐਕਸਪੋਰਟ ਕਰਨ ਤੋਂ ਪਹਿਲਾਂ ਸਖ਼ਤ ਸਿਧਾਂਤਾਂ ਦਾ ਪਾਲਣ ਕਰਨਾ ਹੁੰਦਾ ਹੈ।
10 ਫਰਵਰੀ ਨੂੰ ਪਾਕਿਸਤਾਨ ਦੇ ਇੱਕ ਅਖਬਾਰ ਨੇ ਚੀਨੀ ਅਤੇ ਰੂਸੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਦਿੱਤੀ ਸੀ ਕਿ ਚੀਨ ਸਰਕਾਰ ਨੇ ਆਪਣਾ ਪਹਿਲਾ ਅਤੇ ਇਕਲੌਤਾ ਏਅਰਕਰਾਫ਼ਟ ਪਾਕਿਸਤਾਨ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਇਹ ਪਾਕਿਸਤਾਨ ਨੇਵੀ ਦੀ ਸਮਰੱਥਾ ਵਧਾਉਣ ਲਈ ਦਿੱਤਾ ਜਾ ਰਿਹਾ ਹੈ। ਚੀਨ ਦੇ ਇਸ ਫੈਸਲੇ ਨਾਲ ਪਾਕਿਸਤਾਨ ਦੀ ਨੇਵੀ ਭਾਰਤ ਦੀ ਤੁਲਨਾ 'ਚ ਜ਼ਿਆਦਾ ਦਮਦਾਰ ਬਣੇਗੀ। ਭਾਰਤੀ ਨੇਵੀ ਦੇ ਕੋਲ ਅਪਰੇਸ਼ਨ ਏਅਰਕਰਾਫ਼ਟ ਕੈਰੀਅਰ ਹੈ। ਰਿਪੋਰਟ 'ਚ ਕਿਹਾ ਗਿਆ ਕਿ 'ਲਾਊਨਿੰਗ' ਨੂੰ ਵੱਡੇ ਪੱਧਰ 'ਤੇ ਅਪਗ੍ਰੇਡ ਕਰਨ ਤੋਂ ਬਾਅਦ ਇਸ ਨੂੰ ਪਾਕਿਸਤਾਨ ਨੂੰ ਦਿੱਤਾ ਜਾਵੇਗਾ।
ਇਸ ਰਿਪੋਰਟ 'ਤੇ ਬਿਆਨ ਦਿੰਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਹੂਆ ਚੁਨਾਇੰਗ ਨੇ ਕਿਹਾ, 'ਮੈਂ ਹਾਲੇ ਤੱਕ ਉਹ ਰਿਪੋਰਟ ਨਹੀਂ ਦੇਖੀ, ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ, ਪਰ ਦੂਜੇ ਦੇਸ਼ਾਂ ਨੂੰ ਆਪਣੇ ਨੇਵੀ ਜਹਾਜ਼ ਵੇਚਣ ਦੌਰਾਨ ਚੀਨ ਹਮੇਸ਼ਾ ਨਿਯਮਾਂ ਅਤੇ ਸਿਧਾਂਤਾਂ ਦਾ ਪਾਲਣ ਕਰਦਾ ਰਿਹਾ ਹੈ।' ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਸੀ ਕਿ ਪਾਕਿਸਤਾਨ ਫੌਜ ਦੇ ਚੀਨ ਦੇ ਨਾਲ ਕਰੀਬੀ ਸਬੰਧ ਹਨ ਅਤੇ ਚੀਨ ਪਾਕਿਸਤਾਨ ਲਈ 4 ਆਧੁਨਿਕ ਨੇਵੀ ਜਹਾਜ਼ ਬਣਾ ਰਿਹਾ ਹੈ। ਹਾਲਾਂਕਿ 'ਚਾਇਨਾ ਮਿਲਟਰੀ ਐਕਸਪੋਰਟ' ਨੇ ਪਾਕਿਸਤਾਨ ਨੂੰ ਲਾਊਨਿੰਗ ਵੇਚਣ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ। ਚੀਨੀ ਅਖਬਾਰ 'ਗਲੋਬਲ ਟਾਈਮਜ਼' 'ਚ ਛਪੀ ਖ਼ਬਰ ਮੁਤਾਬਕ ਚੀਨੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਸਮਝੌਤਾ ਕਦੀ ਨਹੀਂ ਹੋਇਆ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਯੋਜਨਾ ਬਣੀ ਹੈ।

321 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper