Latest News
ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਦਿਓਰ-ਭਰਜਾਈ ਮੇਹਣੋਂ-ਮੇਹਣੀਂ

Published on 14 Apr, 2019 11:21 AM.


ਬਠਿੰਡਾ (ਜਸਪਾਲ ਸਿੰਘ ਸਿੱਧੂ)
ਬਠਿੰਡਾ ਲੋਕ ਸਭਾ ਸੀਟ ਤੋਂ ਭਾਵੇਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਪਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇੱਕ-ਦੂਜੇ ਖਿਲਾਫ਼ ਦੋਸ਼ ਲਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡਾਂ ਵਿੱਚ ਦੌਰੇ ਸਮੇਂ ਹਰਸਿਮਰਤ ਕੌਰ ਬਾਦਲ ਨੇ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਪਹਿਲਾਂ ਗਿੱਦੜਬਾਹਾ ਤੋਂ ਭਗੌੜਾ ਹੈ, ਹੁਣ ਬਠਿੰਡਾ ਤੋਂ ਹਾਰ ਦੇ ਡਰੋਂ ਚੋਣ ਲੜਨ ਤੋਂ ਭੱਜ ਰਿਹਾ ਹੈ। ਉਨ੍ਹਾਂ ਸਵਾਲੀਆ ਲਹਿਜੇ ਵਿੱਚ ਕਿਹਾ ਕਿ ਮਨਪ੍ਰੀਤ ਬਾਦਲ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਗਰੀਬਾਂ, ਮੁਲਾਜ਼ਮਾਂ ਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਰਿਹਾ ਹੈ, ਕੀ ਕਿਸੇ ਸੂਬੇ ਦਾ ਖਜ਼ਾਨਾ ਖਾਲੀ ਹੋ ਸਕਦਾ ਹੈ। ਬੀਬਾ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਏਮਜ਼ ਬਨਣ ਵਿੱਚ ਪੂਰੇ ਅੜਿੱਕੇ ਡਾਹੇ, ਇਹ ਲੋਕਾਂ ਦਾ ਕੀ ਭਲਾ ਕਰ ਸਕਦਾ ਹੈ। ਬੀਬਾ ਬਾਦਲ ਮਨਪ੍ਰੀਤ ਬਾਦਲ 'ਤੇ ਇਹ ਵੀ ਦੋਸ਼ ਲਾ ਰਹੀ ਹੈ ਕਿ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਦਬਾਅ ਹੇਠ ਉਹ ਅਕਾਲੀ ਦਲ ਦੇ ਕੌਂਸਲਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ।
ਇਸ ਦੇ ਜਵਾਬ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਪਿੱਛੇ ਨਹੀਂ ਰਹੇ, ਉਨ੍ਹਾ ਕਿਹਾ ਕਿ ਜਿਸ ਪਾਰਟੀ ਵਿੱਚ ਹਰਸਿਮਰਤ ਬਾਦਲ ਦੇ ਪਤੀ ਪ੍ਰਧਾਨ ਹਨ, ਉਹ ਹਰਸਿਮਰਤ ਦੀ ਉਮੀਦਵਾਰੀ ਦਾ ਐਲਾਨ ਕਰਨ ਵਿੱਚ ਦੇਰੀ ਕਿਉਂ ਕਰ ਰਹੇ ਹਨ। ਉਸ ਨੇ ਕਿਸ ਦੇ ਨਾਲ ਸਲਾਹ ਕਰਨੀ ਹੈ। ਉਨ੍ਹਾ ਕਿਹਾ ਕਿ ਜੋ ਖੁਦ ਹੀ ਅਜੇ ਉਮੀਦਵਾਰ ਨਹੀਂ, ਉਹ ਉਨ੍ਹਾਂ ਨੂੰ ਕਿਵੇਂ ਚੈਲਿੰਜ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਅਸਲ ਵਿੱਚ ਇਨ੍ਹਾਂ ਨੂੰ ਕੋਈ ਵੀ ਸੀਟ ਸੇਫ ਨਹੀਂ ਲੱਗ ਰਹੀ, ਇਸ ਲਈ ਚੋਣ ਲੜਨ ਤੋਂ ਘਬਰਾਅ ਰਹੇ ਹਨ। ਏਮਜ਼ ਬਾਰੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਏਮਜ਼ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ। ਕੇਂਦਰ ਨੇ ਪੈਸਾ ਖਰਚ ਕਰਨਾ ਹੈ। ਕੀ ਹਰਸਿਮਰਤ ਕੌਰ ਆਪਣੇ ਪੱਲਿਓਂ ਕੋਈ ਪੈਸਾ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਏਮਜ਼ ਦਾ ਮੁੱਦਾ ਉਠਾ ਕੇ ਇਹ ਆਪਣੇ ਆਪ ਨੂੰ ਕਰੈਡਿਟ ਦੇਣਾ ਚਾਹੁੰਦੀ ਹੈ। ਅਸਲ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਵੀ ਬਠਿੰਡਾ ਵਿਖੇ ਡੇਰੇ ਲਾ ਰੱਖੇ ਹਨ। ਉਨ੍ਹਾਂ ਅਕਾਲੀ ਦਲ ਦੇ ਕਈ ਕੌਂਸਲਰ ਤੋੜ ਕੇ ਕਾਂਗਰਸ ਵਿੱਚ ਸ਼ਾਮਲ ਕਰ ਲਏ ਹਨ, ਜਿਨ੍ਹਾਂ ਵਿੱਚ ਵੱਡਾ ਮਾਰਕਾ ਸੰਤੋਸ਼ ਮਹੰਤ ਦਾ ਹੈ। ਮਨਪ੍ਰੀਤ ਸਿੰਘ ਬਾਦਲ ਜਾਣਦੇ ਹਨ ਕਿ ਲੰਬੀ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਦੀ ਘਟੀ ਵੋਟ ਦੀ ਪੂਰਤੀ ਬਠਿੰਡਾ ਵਿਧਾਨ ਸਭਾ ਹਲਕੇ ਵਿੱਚੋਂ ਹੀ ਪੂਰੀ ਕੀਤੀ ਜਾ ਸਕਦੀ ਹੈ। ਮੁੱਦੇ ਪਿੱਛੇ ਰਹਿ ਗਏ ਹਨ, ਦੋਵੇਂ ਦਿਓਰ-ਭਰਜਾਈ ਇੱਕ-ਦੂਜੇ ਨੂੰ ਛੋਟਾ ਦਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

267 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper