Latest News
ਮੋਦੀ ਨੂੰ ਜਲ੍ਹਿਆਂਵਾਲੇ ਬਾਗ 'ਚ ਬਾਦਲਾਂ ਦੀ ਗੈਰ-ਹਾਜ਼ਰੀ ਨਹੀਂ ਦਿਸੀ : ਕੈਪਟਨ

Published on 15 Apr, 2019 11:37 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਧਾਰਮਿਕ ਮਹੱਤਤਾ ਦੇ ਮਾਮਲਿਆਂ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਗੰਭੀਰ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਕੈਪਟਨ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਚ ਹੋਏ ਸਮਾਰੋਹ ਵਿਚ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਾਲ ਉਨ੍ਹਾ ਦੇ ਨਾ ਹੋਣ 'ਤੇ ਮੋਦੀ ਨੇ ਉਨ੍ਹਾ ਖਿਲਾਫ ਤਾਂ ਬਿਆਨ ਦੇ ਦਿੱਤਾ, ਪਰ ਬਾਦਲਾਂ ਸਣੇ ਅਕਾਲੀ ਆਗੂਆਂ ਦੀ ਗੈਰ-ਹਾਜ਼ਰੀ ਉੱਪਰ ਉਂਗਲ ਕਿਉਂ ਨਹੀਂ ਧਰੀ। ਖੁਦ ਮੋਦੀ ਨੇ ਵੀ ਰਾਸ਼ਟਰੀ ਮਹੱਤਤਾ ਦੇ ਮੌਕੇ 'ਤੇ ਪਰ੍ਹੇ ਰਹਿਣ ਦਾ ਰਾਹ ਚੁਣਿਆ। ਉਨ੍ਹਾ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਰੋਹ ਦੇ ਮੌਕੇ ਸੂਬਾ ਸਰਕਾਰ ਦਾ ਸਮਰਥਨ ਕਰਨ ਦੀ ਬਜਾਏ ਮੋਦੀ ਨੇ ਮੁਕਾਬਲੇ ਵਿੱਚ ਆਪਣਾ ਸਮਾਰੋਹ ਰੱਖਿਆ, ਜਿਸ ਤੋਂ ਪ੍ਰਧਾਨ ਮੰਤਰੀ ਦੀ ਅਸਲ ਮਨਸ਼ਾ ਜੱਗ-ਜ਼ਾਹਰ ਹੋ ਗਈ ਹੈ। ਉਨ੍ਹਾ 'ਤੇ ਮੋਦੀ ਦੇ ਹਮਲੇ ਵਿਚ ਇਕ ਸਪੱਸ਼ਟ ਸ਼ੈਲੀ ਝਲਕਦੀ ਹੈ। ਮੋਦੀ ਵੱਲੋਂ ਆਪਣੀਆਂ ਸਿਆਸੀ ਖਾਹਿਸ਼ਾਂ ਵਾਸਤੇ ਪੰਜਾਬੀ ਭਾਈਚਾਰੇ ਨੂੰ ਲੁਭਾਉਣ ਦੀ ਸ਼ਰਮਨਾਕ ਕਾਰਵਾਈ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਪੰਜਾਬੀ ਭਾਈਚਾਰਾ ਮੋਦੀ ਦੀਆਂ ਇਨ੍ਹਾਂ ਸੌੜੀਆਂ ਕਾਰਵਾਈਆਂ ਦੇ ਭੁਚਲਾਵੇ ਵਿੱਚ ਨਹੀਂ ਆਵੇਗਾ। ਉਨ੍ਹਾ ਪ੍ਰਧਾਨ ਮੰਤਰੀ ਨੂੰ ਸੁਬੇ ਵਿੱਚੋਂ ਵੋਟਾਂ ਪ੍ਰਾਪਤ ਕਰਨ ਲਈ ਉਸਾਰੂ ਏਜੰਡੇ ਨਾਲ ਅੱਗੇ ਆਉਣ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਾਸਤੇ ਫੰਡ ਦੇਣ ਤੋਂ ਲਗਾਤਾਰ ਇਨਕਾਰ ਕੀਤਾ ਹੈ। ਜੇ ਮੋਦੀ ਸਰਕਾਰ ਪ੍ਰਕਾਸ਼ ਪੁਰਬ ਮੌਕੇ ਵੀ ਵੱਖਰਾ ਸਮਾਗਮ ਕਰਨ ਦੀ ਯੋਜਨਾ ਬਣਾਉਂਦੀ ਹੈ ਤਾਂ ਉਨ੍ਹਾ ਨੂੰ ਹੈਰਾਨੀ ਨਹੀਂ ਹੋਵੇਗੀ।
ਮੋਦੀ ਨੂੰ ਹਰ ਗੱਲ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਵਾਲਾ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਇਸ ਸੰਬੰਧ ਵਿੱਚ ਨੰਗਾ ਹੋਇਆ ਹੈ। ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਵੀ ਉਸ ਨੇ ਅਜਿਹਾ ਹੀ ਕੀਤਾ ਸੀ। ਅਸਲ ਵਿੱਚ ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਇਕ ਆਦਤ ਹੈ, ਜੋ ਕਿ ਪਿਛਲੇ ਸ਼ਾਸਨ ਦੌਰਾਨ ਸ਼ੁਰੂ ਹੋਈਆਂ ਵੱਖ-ਵੱਖ ਪਹਿਲਕਦਮੀਆਂ ਅਤੇ ਵਿਕਾਸ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਵਿੱਚ ਰਹੀ ਹੈ।
ਕੈਪਟਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਕੋਲ ਜਾਣ ਲਈ ਕੋਈ ਵੀ ਹਾਂ-ਪੱਖੀ ਏਜੰਡਾ ਨਹੀਂ, ਜਿਸ ਕਰਕੇ ਉਹ ਵੱਖ-ਵੱਖ ਕੰਮਾਂ ਦਾ ਆਪਣੇ ਸਿਰ 'ਤੇ ਸਿਹਰਾ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਰਾਹੀਂ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹੈ। ਪੰਜਾਬ ਅਤੇ ਦੇਸ਼ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਅਜਿਹੇ ਦਾਅ-ਪੇਚਾਂ ਨੂੰ ਦੇਖ ਲਿਆ ਹੈ, ਜਿਸ ਕਰਕੇ ਉਹ ਉਸ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਪੂਰੀ ਤਰ੍ਹਾਂ ਉਤਾਵਲੇ ਹਨ।

242 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper